nabaz-e-punjab.com

ਤਰਨ ਤਾਰਨ ਬੰਬ ਧਮਾਕਾ: ਐਨਆਈਏ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਮੁੜ ਜੇਲ੍ਹ ਭੇਜਿਆ

ਬਚਾਅ ਪੱਖ ਵੱਲੋਂ ਮੁਲਜ਼ਮ ਸ਼ੇਰਾ ਨੂੰ ਪੁੱਠਾ ਲਟਕਾ ਕੇ ਤਸ਼ੱਦਦ ਢਾਹੁਣ ਅਤੇ ਮੈਡੀਕਲ ਸਹੂਲਤਾਂ ਨਾ ਦੇਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ:
ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਵਿੱਚ ਬੀਤੀ 5 ਸਤੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਚਾਰ ਮੁਲਜ਼ਮਾਂ ਚੰਨਦੀਪ ਸਿੰਘ ਉਰਫ਼ ਗੱਬਰ ਸਿੰਘ, ਅਮਰਜੀਤ ਸਿੰਘ ਉਰਫ਼ ਅਮਰ, ਮਨਪ੍ਰੀਤ ਸਿੰਘ ਮਾਨ ਅਤੇ ਮਨਦੀਪ ਸਿੰਘ ਨੂੰ ਪਹਿਲਾਂ ਦਿੱਤਾ ਸੱਤ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ 31 ਅਕਤੂਬਰ ਤੱਕ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਜਦੋਂਕਿ ਇਕ ਮੁਲਜ਼ਮ ਮਲਕੀਤ ਸਿੰਘ ਉਰਫ਼ ਸ਼ੇਰਾ ਇਸ ਸਮੇਂ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਕਾਰਨ ਐਨਆਈਏ ਉਸ ਨੂੰ ਹਿਰਾਸਤ ਵਿੱਚ ਨਹੀਂ ਲੈ ਸਕੀ।
ਮੁਲਜ਼ਮ ਸ਼ੇਰਾ ਦਾ ਕਾਫੀ ਜ਼ਿਆਦਾ ਸ਼ੂਗਰ ਵਧਿਆ ਹੋਣ ਕਾਰਨ ਉਸ ਦੀ ਹਾਲਤ ਕਾਫੀ ਗੰਭੀਰ ਹੈ। ਅਦਾਲਤ ਨੇ ਅੰਮ੍ਰਿਤਸਰ ਜੇਲ ਦੇ ਸੁਪਰਡੈਂਟ ਨੂੰ ਹਦਾਇਤ ਕੀਤੀ ਹੈ ਕਿ ਮੁਲਜ਼ਮ ਸ਼ੇਰਾ ਦਾ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਚੈੱਕਅਪ ਅਤੇ ਇਲਾਜ ਕਰਵਾਇਆ ਜਾਵੇ। ਬਚਾਅ ਪੱਖ ਦੇ ਵਕੀਲਾਂ ਜਸਪਾਲ ਸਿੰਘ ਮੰਝਪੁਰ ਅਤੇ ਰਣਜੋਧ ਸਿੰਘ ਸਰਾਓ ਨੇ ਦੱਸਿਆ ਕਿ ਐਨਆਈਏ ਦੀ ਜਾਂਚ ਟੀਮ ਅਤੇ ਜੇਲ੍ਹ ਸਟਾਫ਼ ਵੱਲੋਂ ਮੁਲਜ਼ਮ ਮਲਕੀਤ ਸ਼ੇਰਾ ਨੂੰ 15 ਦਿਨ ਦਵਾਈ ਹੀ ਨਹੀਂ ਦਿਵਾਈ ਗਈ। ਜਿਸ ਕਾਰਨ ਮੁਲਜ਼ਮ ਦੀ ਹਾਲਤ ਜ਼ਿਆਦਾ ਵਿਗੜ ਜਾਣ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ। ਵਕੀਲ ਸਰਾਓ ਨੇ ਦੋਸ਼ ਲਾਇਆ ਕਿ ਜਾਂਚ ਟੀਮ ਨੇ ਮੁਲਜ਼ਮ ਸ਼ੇਰਾ ਨੂੰ ਪੁੱਠਾ ਲਮਕਾ ਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਹੈ। ਮੁਲਜ਼ਮ ਸ਼ੂਗਰ ਤੋਂ ਪੀੜਤ ਹੋਣ ਅਤੇ ਤਸ਼ੱਦਦ ਕਾਰਨ ਉਸ ਦੀ ਹਾਲਤ ਵਿਗੜ ਗਈ ਸੀ।
ਬਚਾਅ ਪੱਖ ਦਾ ਕਹਿਣਾ ਹੈ ਕਿ ਹਾਲਾਂਕਿ ਐਨਆਈਏ ਨੇ ਮੁਲਜ਼ਮਾਂ ਦੇ ਖਾੜਕੂ ਜਥੇਬੰਦੀ ਨਾਲ ਸਬੰਧ ਹੋਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਬੰਬ ਧਮਾਕੇ ਦੇ ਮਾਮਲੇ ਵਿੱਚ ਹੋਰ ਵੱਖ ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੁੱਛਗਿੱਛ ਕਰਨ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਵਿਅਕਤੀਆਂ ਅਤੇ ਕਿਹੜੀ ਖਾੜਕੂ ਜਥੇਬੰਦੀਆਂ ਦਾ ਹੱਥ ਹੈ, ਬਾਰੇ ਪਤਾ ਲਗਾਉਣ ਦੀ ਗੱਲ ਆਖੀ ਸੀ ਅਤੇ ਇਹ ਵੀ ਤਰਕ ਦਿੱਤਾ ਸੀ ਮੁਲਜ਼ਮ ਪੰਜਾਬ ਵਿੱਚ ਕਿਸੇ ਵੱਡੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਅਤੇ ਇਨ੍ਹਾਂ ਕੋਲੋਂ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਕਾਰਵਾਈਆਂ ਚਲਾ ਰਹੇ ਵਿਅਕਤੀਆਂ ਬਾਰੇ ਪਤਾ ਕਰਨਾ ਹੈ ਪ੍ਰੰਤੂ ਅੱਜ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਨ ਮੌਕੇ ਐਨਆਈਏ ਨੇ ਉਕਤ ਪਹਿਲੂਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਪੁਲੀਸ ਰਿਮਾਂਡ ਦੌਰਾਨ ਹੁਣ ਤੱਕ ਮੁਲਜ਼ਮਾਂ ਕੋਲੋਂ ਕੀ ਜਾਣਕਾਰੀ ਹਾਸਲ ਹੋਈ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…