Share on Facebook Share on Twitter Share on Google+ Share on Pinterest Share on Linkedin ਟੈੱਟ ਪ੍ਰੀਖਿਆ: ਡਾਇਰੈਕਟਰ (ਕੰਪਿਊਟਰ) ’ਤੇ ਦਫ਼ਤਰੀ ਕੰਮ ਕਰਨ ’ਤੇ ਰੋਕ ਲਗਾਈ ਉਲੰਘਣਾ ਮਾਮਲੇ ਵਿੱਚ ਕੰਟਰੋਲਰ (ਪ੍ਰੀਖਿਆਵਾਂ), ਕੰਪਿਊਟਰ ਸੈੱਲ ਦੇ ਅਧਿਕਾਰੀ ਦੀ ਭੂਮਿਕਾ ’ਤੇ ਉੱਠੇ ਸਵਾਲ ਡੀਪੀਆਈ (ਅ) ਨੂੰ ਸੌਂਪੀ ਸਮੁੱਚੇ ਮਾਮਲੇ ਦੀ ਜਾਂਚ, 8 ਜਨਵਰੀ ਤੱਕ ਜਾਂਚ ਮੁਕੰਮਲ ਕਰਨ ਦੇ ਆਦੇਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਜਨਵਰੀ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈੱਸਟ (ਟੈੱਟ ਪ੍ਰੀਖਿਆ) ਕਈ ਪ੍ਰਕਾਰ ਦੀਆਂ ਖ਼ਾਮੀਆਂ ਕਾਰਨ ਮੁਲਤਵੀ ਕੀਤਾ ਗਿਆ ਹੈ। ਇਸ ਸਬੰਧੀ ਬੋਰਡ ਮੈਨੇਜਮੈਂਟ ਵੱਲੋਂ ਟੈੱਟ ਪ੍ਰੀਖਿਆ ਲਈ ਅਲਾਟ ਕੀਤੇ ਰੋਲ ਨੰਬਰਾਂ ਦੀ ਤਰਤੀਬਵਾਰ ਨਾ ਹੋਣ ਅਤੇ ਪ੍ਰੀਖਿਆ ਸਬੰਧੀ ਹਦਾਇਤਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਅਤੇ ਡਾਇਰੈਕਟਰ (ਪ੍ਰੀਖਿਆਵਾਂ) ਡਾ. ਨਵਨੀਤ ਕੌਰ ਗਿੱਲ ਅਤੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਤਾਜ਼ਾ ਆਦੇਸ਼ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਦੇ ਦਸਖ਼ਤਾਂ ਹੇਠ ਜਾਰੀ ਕੀਤੇ ਗਏ ਹਨ। ਸਕੱਤਰ ਨੇ ਇਸ ਸਬੰਧੀ ਐਸਸੀਈਆਰਟੀ ਦੇ ਡਾਇਰੈਕਟਰ-ਕਮ-ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੂੰ ਸਮੁੱਚੇ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਡੀਜੀਐਸਈ ਦੇ ਓਐਸਡੀ ਆਈਪੀਐਸ ਮਲਹੋਤਰਾ ਇਸ ਪੜਤਾਲ ਵਿੱਚ ਸਹਿਯੋਗ ਕਰਨਗੇ। ਬੋਰਡ ਮੈਨੇਜਮੈਂਟ ਨੇ ਜਾਂਚ ਅਧਿਕਾਰੀ ਨੂੰ ਪੜਤਾਲ ਦਾ ਕੰਮ 8 ਜਨਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਹੈ। ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਲੇਕਿਨ ਉਨ੍ਹਾਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਮਨਾਂ ਕਰ ਦਿੱਤਾ। ਉਧਰ, ਇਸ ਮਾਮਲੇ ਦੀ ਬੋਰਡ ਮੈਨੇਜਮੈਂਟ ਨੇ ਡਾਇਰੈਕਟਰ (ਪ੍ਰੀਖਿਆਵਾਂ) ਡਾ. ਨਵਨੀਤ ਕੌਰ ਗਿੱਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਦੇਸ਼ ਜਾਰੀ ਕੀਤੇ ਹਨ ਕਿ ਪੜਤਾਲ ਦੌਰਾਨ ਉਹ (ਕੰਪਿਊਟਰ ਸੈੱਲ ਦੀ ਮੁਖੀ) ਕੋਈ ਦਫ਼ਤਰੀ ਕੰਮ ਨਹੀਂ ਕਰਨਗੇ ਅਤੇ ਜਾਂਚ ਦੌਰਾਨ ਇਸ ਕੇਸ ਵਿੱਚ ‘ਨੌ ਵਰਕ ਨੌ ਪੇ’ ਦਾ ਸਿਧਾਂਤ ਲਾਗੂ ਹੋਵੇਗਾ। ਉਂਜ ਡਾਕਟਰ ਗਿੱਲ ਆਮ ਦਿਨਾਂ ਵਾਂਗ ਅੱਜ ਆਪਣੇ ਦਫ਼ਤਰ ਆਏ ਜ਼ਰੂਰ ਸੀ। ਪੜਤਾਲ ਸਬੰਧੀ ਮਿਸਲ ਪਹਿਲਾਂ ਹੀ ਡੀਜੀਐਸਈ ਦੇ ਓਐਸਡੀ ਆਈਪੀਐਸ ਮਲਹੋਤਰਾ ਨੂੰ ਭੇਜੀ ਜਾ ਚੁੱਕੀ ਹੈ। ਇਨ੍ਹਾਂ ਹੁਕਮਾਂ ਦਾ ਉਤਾਰਾ ਬੋਰਡ ਦੇ ਚੇਅਰਮੈਨ, ਵਾਈਸ ਚੇਅਰਮੈਨ ਸਮੇਤ ਹੋਰ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਸਕੱਤਰ ਅਨੁਸਾਰ ਟੈੱਟ ਪ੍ਰੀਖਿਆ ਲਈ ਉਮੀਦਵਾਰਾਂ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ ਅਤੇ ਇਸ ਸਬੰਧੀ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾਣਗੇ। ਇਸ ਸਬੰਧੀ ਉਮੀਦਵਾਰਾਂ ਨੂੰ ਪਹਿਲਾਂ ਜਾਰੀ ਹੋਏ ਰੋਲ ਨੰਬਰਾਂ ਨੂੰ ਮੁੜ ਚੈੱਕ ਕੀਤਾ ਗਿਆ ਅਤੇ ਚੈਕਿੰਗ ਉਪਰੰਤ ਇਹ ਪਾਇਆ ਗਿਆ ਕਿ ਕੁਝ ਰੋਲ ਨੰਬਰ ਬਿਨੈ ਪੱਤਰਾਂ ਦੀ ਲੜੀ ਅਨੁਸਾਰ ਅਲਾਟ ਹੋ ਜਾਣ ਕਾਰਨ ਇਹ ਰੋਲ ਨੰਬਰ ਸਹੀ ਢੰਗ ਨਾਲ ਤਰਤੀਬਵਾਰ ਨਹੀਂ ਹੋ ਸਕੇ ਹਨ। ਉਮੀਦਵਾਰਾਂ ਦੇ ਕ੍ਰਮਵਾਰ ਇਕੱਠੇ ਬੈਠਣ ਨਾਲ ਨਕਲ ਦੀ ਸੰਭਾਵਨਾ ਦੇ ਮੱਦੇਨਜ਼ਰ ਐਪਲੀਕੇਸ਼ਨ ਫਾਰਮਾਂ ਨੂੰ ਨਵੇਂ ਸਿਰਿਓਂ ਤੋਂ ਤਰਤੀਬਵਾਰ ਕਰਨ ਉਪਰੰਤ ਹੀ ਨਵੇਂ ਰੋਲ ਨੰਬਰ ਜਾਰੀ ਕੀਤੇ ਜਾਣੇ ਹਨ। ਇਸ ਲਈ 5 ਜਨਵਰੀ ਨੂੰ ਲਈ ਜਾਣ ਵਾਲੀ ਅਧਿਆਪਕ ਯੋਗਤਾ ਟੈੱਸਟ ਪ੍ਰੀਖਿਆ ਮੁਲਤਵੀ ਕੀਤੀ ਜਾਂਦੀ ਹੈ ਅਤੇ ਹੁਣ ਇਹ ਪ੍ਰੀਖਿਆ 19 ਜਨਵਰੀ (ਐਤਵਾਰ) ਨੂੰ ਲਈ ਜਾਵੇਗੀ। ਸਕੱਤਰ ਨੇ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਇਹ ਰੋਲ ਨੰਬਰ ਅਧਿਆਪਕ ਯੋਗਤਾ ਟੈੱਸਟ ਦੀ ਵੈਬਸਾਈਟ ’ਤੇ ਲਾਗਇਨ ਕਰਕੇ ਡਾਊਨਲੋਡ ਕੀਤੇ ਜਾ ਸਕਣਗੇ। ਪ੍ਰੀਖਿਆਰਥੀਆਂ ਨੂੰ ਇਸ ਸਬੰਧੀ ਉਨ੍ਹਾਂ ਦੇ ਐਪਲੀਕੇਸ਼ਨ ਫਾਰਮ ਵਿੱਚ ਭਰੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਐਸਐਮਐਸ ਰਾਹੀਂ ਅਤੇ ਈਮੇਲ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਸਬੰਧਤ ਸਾਰੀ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਵੀ ਉਪਲਬਧ ਕਰਵਾਈ ਜਾਵੇਗੀ। ਉਧਰ, ਸੰਪਰਕ ਕਰਨ ’ਤੇ ਕੰਪਿਊਟਰ ਸੈੱਲ ਦੀ ਮੁਖੀ ਡਾ. ਨਵਨੀਤ ਕੌਰ ਗਿੱਲ ਨੇ ਇਸ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ