nabaz-e-punjab.com

ਟੈਕਸ ਚੋਰੀ ਤੇ ਰਿਸ਼ਵਤਖ਼ੋਰੀ: 5 ਉੱਚ ਅਫ਼ਸਰਾਂ ਸਮੇਤ 6 ਮੁਲਜ਼ਮਾਂ ਦਾ 5 ਰੋਜ਼ਾ ਪੁਲੀਸ ਰਿਮਾਂਡ

ਵਿਜੀਲੈਂਸ ਵੱਲੋਂ 12 ਆਬਕਾਰੀ ਅਫ਼ਸਰਾਂ ਸਮੇਤ 4 ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਮੁਹਾਲੀ ’ਚ ਦੋ ਕੇਸ ਦਰਜ

ਦੋਵੇਂ ਮਾਮਲਿਆਂ ਵਿੱਚ ਨਾਮਜ਼ਦ ਫਰਾਰ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ (ਉੱਡਣ ਦਸਤਾ-1) ਵੱਲੋਂ ਟੈਕਸ ਚੋਰੀ ਅਤੇ ਰਿਸ਼ਵਤਖ਼ੋਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਕਰ ਤੇ ਆਬਕਾਰੀ ਵਿਭਾਗ ਦੇ ਪੰਜ ਅਫ਼ਸਰਾਂ ਈਟੀਓ ਮੁਕਤਸਰ ਵਰੁਣ ਨਾਗਪਾਲ, ਈਟੀਓ ਫਰੀਦਕੋਟ ਸਤਪਾਲ ਮੁਲਤਾਨੀ, ਈਟੀਓ ਸੰਭੂ (ਮੋਬਾਈਲ ਵਿੰਗ), ਕਾਲੀ ਚਰਨ, ਈਟੀਓ ਅੰਮ੍ਰਿਤਸਰ ਜਪਸਿਮਰਨ ਸਿੰਘ, ਇੰਸਪੈਕਟਰ ਰਾਮ ਕੁਮਾਰ ਜਲੰਧਰ ਅਤੇ ਸ਼ਿਵ ਕੁਮਾਰ ਮੁਨਸ਼ੀ ਸੋਮਨਾਥ ਟਰਾਂਸਪੋਰਟ ਫਗਵਾੜਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ 55 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ। ਇਸ ਸਬੰਧੀ ਵਿਜੀਲੈਂਸ ਵੱਲੋਂ ਕਰ ਤੇ ਆਬਕਾਰੀ ਤੇ ਵਿਭਾਗ ਦੇ 12 ਉੱਚ ਅਧਿਕਾਰੀਆਂ ਸਮੇਤ ਚਾਰ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਬਕਾਰੀ ਕਾਨੂੰਨ ਦੀ ਧਾਰਾ 7, 7ਏ, ਅਤੇ 8 ਸਮੇਤ ਆਈਪੀਸੀ ਦੀ ਧਾਰਾ 429, 465, 467, 471, 120ਬੀ ਦੇ ਤਹਿਤ ਦੋ ਵੱਖੋ ਵੱਖਰੇ ਕੇਸ ਦਰਜ ਕੀਤੇ ਗਏ ਹਨ।
ਵਿਜੀਲੈਂਸ ਬਿਊਰੋ ਦੇ ਏਆਈਜੀ ਅਸੀਸ ਕਪੂਰ ਨੇ ਦੱਸਿਆ ਕਿ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਆਬਕਾਰੀ ਤੇ ਕਰ ਵਿਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਮਿਲੀਭੁਗਤ ਕਰਕੇ ਟੈਕਸ ਚੋਰੀ ਨੂੰ ਰੋਕਣ ਲਈ ਇਕ ਮੁਹਿੰਮ ਚਲਾਈ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਭਾਗੀਦਾਰ ਬਣ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀ। ਇਸ ਤਰ੍ਹਾਂ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ਕਈ ਅਧਿਕਾਰੀਆਂ ਅਤੇ ਵਪਾਰੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ ਅਤੇ ਪੰਜ ਅਫ਼ਸਰਾਂ ਅਤੇ ਟਰਾਂਸਪੋਰਟਰ ਦੇ ਮੁਨਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਏਆਈਜੀ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਦੇ ਡੀਈਟੀਸੀ ਸਿਮਰਨ ਬਰਾੜ, ਵੇਦ ਪ੍ਰਕਾਸ਼ ਜਾਖੜ ਈਟੀਓ ਫਾਜ਼ਿਲਕਾ, ਸਤਪਾਲ ਮੁਲਤਾਨੀ ਈਟੀਓ ਫਰੀਦਕੋਟ, ਕਾਲੀ ਚਰਨ ਈਟੀਓ (ਮੋਬਾਈਲ ਵਿੰਗ) ਚੰਡੀਗੜ੍ਹ ਐਟ ਸ਼ੰਭੂ, ਵਰੁਣ ਨਾਗਪਾਲ ਈਟੀਓ ਮੁਕਤਸਰ, ਰਵੀਨੰਦਨ ਈਟੀਓ ਫਾਜ਼ਿਲਕਾ, ਪਿਆਰਾ ਸਿੰਘ ਈਟੀਓ ਮੋਗਾ ਅਤੇ ਵਿਜੈ ਕੁਮਾਰ ਪ੍ਰਾਸ਼ਰ ਵਾਸੀ ਆਦਰਸ਼ ਕਲੋਨੀ ਖੰਨਾ ਸ਼ਾਮਲ ਹਨ। ਦੂਜੇ ਮਾਮਲੇ ਵਿੱਚ ਸੁਸ਼ੀਲ ਕੁਮਾਰ ਈਟੀਓ ਅੰਮ੍ਰਿਤਸਰ (ਹੁਣ ਪਟਿਆਲਾ), ਦਿਨੇਸ਼ ਗੌੜ ਈਟੀਓ ਅੰਮ੍ਰਿਤਸਰ, ਜਪਸਿਮਰਨ ਸਿੰਘ ਈਟੀਓ ਅੰਮ੍ਰਿਤਸਰ, ਲਖਵੀਰ ਸਿੰਘ ਈਟੀਓ (ਮੋਬਾਈਲ ਵਿੰਗ) ਅੰਮ੍ਰਿਤਸਰ, ਰਾਮ ਕੁਮਾਰ ਇੰਸਪੈਕਟਰ, ਸੋਮਨਾਥ ਟਰਾਂਸਪੋਰਟਰ ਵਾਸੀ ਫਗਵਾੜਾ, ਸ਼ਿਵ ਕੁਮਾਰ ਮੁਨਸ਼ੀ (ਪ੍ਰਾਸ਼ਰ ਸੋਮਨਾਥ) ਅਤੇ ਪਵਨ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਫਰਾਰ ਮੁਲਜ਼ਮ ਅਧਿਕਾਰੀਆਂ ਅਤੇ ਵਪਾਰੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਬੂ ਕੀਤੇ ਅਧਿਕਾਰੀਆਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ।
(ਬਾਕਸ)
ਏਆਈਜੀ ਅਸੀਸ ਕਪੂਰ ਨੇ ਦੱਸਿਆ ਕਿ ਵਿਜੀਲੈਂਸ ਨੂੰ ਸਾਧੂ ਟਰਾਂਸਪੋਰਟ ਦੇ ਮਾਲਕ ਸੋਮਨਾਥ ਵਾਸੀ ਫਗਵਾੜਾ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਟੈਕਸ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਵੱਲੋਂ ਪੰਜਾਬ ਦੇ ਅੰਦਰ ਜਾਅਲੀ ਬਿੱਲਾਂ ਰਾਹੀਂ ਸਾਮਾਨ ਲਿਆਉਣ ਅਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਗੈਰ ਕਾਨੂੰਨੀ ਢੰਗ ਨਾਲ ਵੱਖ-ਵੱਖ ਵਪਾਰੀਆਂ ਦਾ ਸਾਮਾਨ ਜਾਅਲੀ ਬਿੱਲਾਂ ਰਾਹੀਂ ਢੋਣ ਮੌਕੇ ਗੱਡੀਆਂ ਚੈਕਿੰਗ ਨਾ ਕਰਨ ਦੇ ਇਵਜ਼ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਵੱਖ-ਵੱਖ ਸਮਿਆਂ ’ਤੇ ਅਫ਼ਸਰਾਂ ਨੂੰ ਦਿੱਤੀ ਜਾਂਦੀ ਸੀ।
(ਬਾਕਸ)
ਇਸ ਗੋਰਖਧੰਦੇ ਵਿੱਚ ਸ਼ਾਮਲ ਪਵਨ ਕੁਮਾਰ ਕਈ ਈਟੀਓਜ਼ ਨਾਲ ਬਤੌਰ ਡਰਾਈਵਰ ਕੰਮ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਨਾਥ ਮਾਲਕ ਸਾਧੂ ਟਰਾਂਸਪੋਰਟ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਸ਼ੰਭੂ ਵਿਖੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਮਹੀਨੇ ਵਜੋਂ ਲੱਖਾਂ ਰੁਪਏ ਰਿਸ਼ਵਤ ਦਿੰਦਾ ਸੀ। ਗੱਡੀ ਵਿੱਚ ਕਈ ਵਾਰ ਵਿਦੇਸ਼ੀ ਸਿਗਰਟਾਂ ਵੀ ਲਿਜਾਈਆਂ ਜਾਂਦੀਆਂ ਸਨ ਪਰ ਬਿੱਲ ਕਾਸਮੈਟਿਕਸ ਦੇ ਦਿਖਾਏ ਜਾਂਦੇ ਸਨ। ਟਰੱਕਾਂ ਨੂੰ ਬਾਰਡਰਾਂ ਤੋਂ ਪਾਸ ਕਰਵਾਉਣ ਵੇਲੇ ਇਹ ਮੋਬਾਈਲ ਫੋਨ ’ਤੇ ਇੱਕ ਦੂਜੇ ਨਾਲ ਸੰਪਰਕ ਕਰਦੇ ਸੀ ਅਤੇ ਸਬੰਧਤ ਗੱਡੀਆਂ ਨੂੰ ਬਿਨਾਂ ਰੋਕੇ ਲੰਘਾਉਣ ਲਈ ਸੂਚਨਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਅਧਿਕਾਰੀ ਜਾਂ ਕਰਮਚਾਰੀ ਵੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
(ਬਾਕਸ)

ਉਧਰ, ਬਚਾਅ ਪੱਖ ਦੇ ਵਕੀਲ ਵਿਸ਼ਾਲ ਗਰਗ ਨਿਰਵਾਣਾ ਨੇ ਕਰ ਤੇ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਵਿਜੀਲੈਂਸ ਬਿਊਰੋ ਦੀ ਕਾਰਵਾਈ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕਰ ਤੇ ਆਬਕਾਰੀ ਅਧਿਕਾਰੀਆਂ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬੀਤੀ 22 ਮਾਰਚ ਦੀ ਰਿਕਾਰਡਿੰਗ ਦੀ ਗੱਲ ਕਰ ਰਹੀ ਹੈ ਜਦੋਂਕਿ 22 ਮਾਰਚ ਨੂੰ ਕਰਫਿਊ ਲੱਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪ੍ਰਾਈਵੇਟ ਟਰਾਂਸਪੋਰਟਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਸੀ ਲੇਕਿਨ ਹੁਣ 6 ਮਹੀਨੇ ਬਾਅਦ ਉੱਚ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਅਧਿਕਾਰੀ ਕਸੂਰਵਾਰ ਸਨ ਤਾਂ ਵਿਜੀਲੈਂਸ 6 ਮਹੀਨੇ ਚੁੱਪ ਕਿਉਂ ਰਹੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੇ ਤੱਥਾਂ ਵਿੱਚ ਕੋਈ ਸਚਾਈ ਨਹੀਂ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉੱਚ ਅਧਿਕਾਰੀਆਂ ਸਮੇਤ ਮੁਨਸ਼ੀ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…