Share on Facebook Share on Twitter Share on Google+ Share on Pinterest Share on Linkedin ਟੈਕਸ ਚੋਰੀ ਤੇ ਰਿਸ਼ਵਤਖ਼ੋਰੀ: ਆਬਕਾਰੀ ਵਿਭਾਗ ਦੇ ਦੋ ਹੋਰ ਈਟੀਓ ਗ੍ਰਿਫ਼ਤਾਰ ਆਬਕਾਰੀ ਅਧਿਕਾਰੀਆਂ ਤੋਂ ਵਿਜੀਲੈਂਸ ਥਾਣੇ ਵਿੱਚ ਆਹਮੋ ਸਾਹਮਣੇ ਬਿਠਾ ਕੇ ਕੀਤੀ ਜਾਵੇਗੀ ਕਰਾਸ ਪੁੱਛਗਿੱਛ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ: ਪੰਜਾਬ ਵਿਜੀਲੈਂਸ ਬਿਊਰੋ (ਉੱਡਣ ਦਸਤਾ-1) ਵੱਲੋਂ ਟੈਕਸ ਚੋਰੀ ਅਤੇ ਰਿਸ਼ਵਤਖ਼ੋਰੀ ਮਾਮਲੇ ਵਿੱਚ ਕਰ ਤੇ ਆਬਕਾਰੀ ਵਿਭਾਗ ਦੇ ਦੋ ਹੋਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਦੇ ਏਆਈਜੀ ਅਸੀਸ ਕਪੂਰ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਈਟੀਓ ਲਖਵੀਰ ਸਿੰਘ ਅਤੇ ਈਟੀਓ ਦਿਨੇਸ਼ ਗੌੜ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਦੋਵੇਂ ਅਧਿਕਾਰੀ ਅੰਮ੍ਰਿਤਸਰ ਵਿੱਚ ਤਾਇਨਾਤ ਸਨ। ਉਨ੍ਹਾਂ ਦੱਸਿਆ ਕਿ ਟੈਕਸ ਚੋਰੀ ਅਤੇ ਭ੍ਰਿਸਟਾਚਾਰ ਦੇ ਮਾਮਲੇ ਵਿੱਚ ਹੁਣ ਤੱਕ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ ਬਾਕੀ ਫਰਾਰ ਅਧਿਕਾਰੀਆਂ ਅਤੇ ਹੋਰ ਪ੍ਰਾਈਵੇਟ ਵਿਅਕਤੀਆਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਏਆਈਜੀ ਅਸੀਸ ਕਪੂਰ ਨੇ ਦੱਸਿਆ ਕਿ ਪਿਛਲੇ ਦਿਨੀਂ ਗ੍ਰਿਫ਼ਤਾਰ ਕਰ ਤੇ ਆਬਕਾਰੀ ਵਿਭਾਗ ਦੇ ਪੰਜ ਅਫ਼ਸਰਾਂ ਈਟੀਓ ਮੁਕਤਸਰ ਵਰੁਣ ਨਾਗਪਾਲ, ਈਟੀਓ ਫਰੀਦਕੋਟ ਸਤਪਾਲ ਮੁਲਤਾਨੀ, ਈਟੀਓ ਸੰਭੂ (ਮੋਬਾਈਲ ਵਿੰਗ), ਕਾਲੀ ਚਰਨ, ਈਟੀਓ ਅੰਮ੍ਰਿਤਸਰ ਜਪਸਿਮਰਨ ਸਿੰਘ, ਇੰਸਪੈਕਟਰ ਰਾਮ ਕੁਮਾਰ ਜਲੰਧਰ ਅਤੇ ਸ਼ਿਵ ਕੁਮਾਰ ਮੁਨਸ਼ੀ ਸੋਮਨਾਥ ਟਰਾਂਸਪੋਰਟ ਫਗਵਾੜਾ ਇਸ ਸਮੇਂ ਪੁਲੀਸ ਰਿਮਾਂਡ ’ਤੇ ਹਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਥਾਣੇ ਉਕਤ ਸਾਰੇ ਅਧਿਕਾਰੀਆਂ ਨੂੰ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਜਾਵੇਗੀ। ਇਸ ਸਬੰਧੀ ਵਿਜੀਲੈਂਸ ਵੱਲੋਂ ਕਰ ਤੇ ਆਬਕਾਰੀ ਤੇ ਵਿਭਾਗ ਦੇ 12 ਉੱਚ ਅਧਿਕਾਰੀਆਂ ਸਮੇਤ ਚਾਰ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਬਕਾਰੀ ਕਾਨੂੰਨ ਦੀ ਧਾਰਾ 7, 7ਏ, ਅਤੇ 8 ਸਮੇਤ ਆਈਪੀਸੀ ਦੀ ਧਾਰਾ 429, 465, 467, 471, 120ਬੀ ਦੇ ਤਹਿਤ ਦੋ ਵੱਖੋ ਵੱਖਰੇ ਕੇਸ ਦਰਜ ਕੀਤੇ ਗਏ ਹਨ। ਉਕਤ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਨੂੰ ਬੜਾਵਾ ਦੇਣ ਅਤੇ ਟੈਕਸ ਚੋਰੀ ਮਾਮਲੇ ਵਿੱਚ ਵਪਾਰੀਆਂ ਦਾ ਸਾਥ ਦੇ ਕੇ ਕਥਿਤ ਤੌਰ ’ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਦੋਸ਼ ਹੈ। ਏਆਈਜੀ ਨੇ ਦੱਸਿਆ ਕਿ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਝ ਵਪਾਰੀਆਂ ਵੱਲੋਂ ਆਪਣੇ ਵਾਹਨਾਂ ਵਿੱਚ ਕਈ ਵਾਰ ਵਿਦੇਸ਼ੀ ਸਿਗਰਟਾਂ ਵੀ ਲਿਜਾਈਆਂ ਜਾਂਦੀਆਂ ਸਨ ਪਰ ਬਿੱਲ ਕਾਸਮੈਟਿਕਸ ਦੇ ਦਿਖਾਏ ਜਾਂਦੇ ਸਨ। ਟਰੱਕਾਂ ਨੂੰ ਬਾਰਡਰਾਂ ਤੋਂ ਪਾਸ ਕਰਵਾਉਣ ਵੇਲੇ ਇਹ ਮੋਬਾਈਲ ਫੋਨ ’ਤੇ ਇੱਕ ਦੂਜੇ ਨਾਲ ਸੰਪਰਕ ਕਰਦੇ ਸੀ ਅਤੇ ਸਬੰਧਤ ਗੱਡੀਆਂ ਨੂੰ ਬਿਨਾਂ ਰੋਕੇ ਲੰਘਾਉਣ ਲਈ ਸੂਚਨਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਅਧਿਕਾਰੀ ਜਾਂ ਕਰਮਚਾਰੀ ਵੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ