ਪੰਜਾਬ ਪੁਲੀਸ ਵੱਲ 60 ਲੱਖ ਰੁਪਏ ਟੈਕਸ ਬਕਾਇਆ, ਪੁਲੀਸ ਅਧਿਕਾਰੀਆਂ ਨੇ ਚੁੱਪ ਵੱਟੀ, ਨਗਰ ਨਿਗਮ ਅਧਿਕਾਰੀ ਵੀ ਬੇਵੱਸ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਗਮਾਡਾ ਨੂੰ ਲਿਖਿਆ ਤਾੜਨਾ ਪੱਤਰ, ਟੈਕਸ ਅਦਾ ਨਾ ਕਰਨ ਦਾ ਕਾਰਨ ਪੁੱਛਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਮ੍ਹਾਂ ਕਰਵਾਇਆ 8 ਲੱਖ ਰੁਪਏ ਪ੍ਰਾਪਰਟੀ ਟੈਕਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ
ਆਮ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਮੁਹਾਲੀ ਪੁਲੀਸ ਪ੍ਰਾਪਰਟੀ ਟੈਕਸ ਅਦਾ ਕਰਨ ਤੋਂ ਬਿਲਕੁਲ ਇਨਕਾਰੀ ਹੈ। ਪੁਲੀਸ ਵੱਲ ਕਰੀਬ 60 ਲੱਖ ਰੁਪਏ ਟੈਕਸ ਦਾ ਬਕਾਇਆ ਖੜਾ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਵੱਖ-ਵੱਖ ਦਫ਼ਤਰਾਂ ਜਿਨ੍ਹਾਂ ਵਿੱਚ ਪੰਜਾਬ ਪੁਲੀਸ ਐਨਆਰਆਈ ਵਿੰਗ ਫੇਜ਼-7, ਪੰਜਾਬ ਸਟੇਟ ਸਾਈਬਰ ਕਰਾਈਮ ਫੇਜ਼-4, ਈ.ਓ. ਵਿੰਗ ਫੇਜ਼-6, ਵਿਜੀਲੈਂਸ ਬਿਊਰੋ ਪੁਲੀਸ ਸਟੇਸ਼ਨ, ਮੁਹਾਲੀ ਪੁਲੀਸ ਲਾਈਨ ਸਮੇਤ ਥਾਣਾ ਫੇਜ਼-1, ਥਾਣਾ ਫੇਜ਼-7, ਥਾਣਾ ਫੇਜ਼-8, ਥਾਣਾ ਫੇਜ਼-11 ਵੀ ਸ਼ਾਮਲ ਹਨ। ਹਾਲਾਂਕਿ ਟੈਕਸ ਦੀ ਸਭ ਤੋਂ ਵੱਧ ਰਾਸ਼ੀ ਪੁਲੀਸ ਵੱਲ ਬਕਾਇਆ ਖੜੀ ਹੈ ਪ੍ਰੰਤੂ ਪੁਲੀਸ ਦਫ਼ਤਰਾਂ ਤੋਂ ਟੈਕਸ ਵਸੂਲਣ ਲਈ ਨਿਗਮ ਅਧਿਕਾਰੀਆਂ ਦੀ ਸੁਰ ਠੰਢੀ ਜਾਪਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਡਰਦੇ ਮਾਰੇ ਹੱਥ ਨਹੀਂ ਪਾਇਆ ਜਾ ਰਿਹਾ ਹੈ। ਜਦੋਂ ਕਿ ਆਮ ਲੋਕਾਂ ਨੂੰ ਪਾਣੀ ਅਤੇ ਸੀਵਰੇਜ ਤੱਕ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਹੁਣ ਤੱਕ ਦਰਜਨ ਤੋਂ ਵੱਧ ਸੰਪਤੀਆਂ ਸੀਲ ਵੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਾਲ ਹੀ ਵਿੱਚ ਮੁਹਾਲੀ ਵਿੱਚ ਵਿਸ਼ਵ ਪਹਿਲੇ ਏਸੀ ਬੱਸ ਅੱਡੇ ਨੂੰ ਵੀ ਸੀਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ ਲੇਕਿਨ ਪੁਲੀਸ ਦਫ਼ਤਰਾਂ ਨੂੰ ਤਾਲਾ ਜਕੜ ਲਈ ਨਿਗਮ ਅਧਿਕਾਰੀਆਂ ਦੀ ਹਿੰਮਤ ਨਹੀਂ ਪੈ ਰਹੀ ਹੈ। ਇਹੀ ਨਹੀਂ ਪੁਲੀਸ ਤੋਂ ਵਸੂਲੀ ਅਤੇ ਨਿਯਮਾਂ ਅਨੁਸਾਰ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਕੋਈ ਵੀ ਅਧਿਕਾਰੀ ਆਪਣਾ ਮੂੰਹ ਤੱਕ ਖੋਲ੍ਹਣ ਨੂੰ ਤਿਆਰ ਨਹੀਂ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਖਰਕਾਰ ਆਪਣੀ ਚੁੱਪੀ ਤੋੜਦਿਆਂ ਸਾਲ 2016-17 ਦਾ ਕਰੀਬ 8 ਲੱਖ ਰੁਪਏ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਦਿੱਤਾ ਹੈ। ਇਹੀ ਨਹੀਂ ਬੋਰਡ ਅਧਿਕਾਰੀਆਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਟੈਕਸ ਵਸੂਲੀ ਲਈ ਮੀਡੀਆ ਵਿੱਚ ਬਿਆਨ ਨਾ ਦੇਣ ਕਿਉਂਕਿ ਖ਼ਬਰ ਛਪਣ ਨਾਲ ਅਦਾਰੇ ਦੀ ਬਦਨਾਮੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਹਿਲਾਂ ਮੀਡੀਆ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਡਿਟੇਲ ਸਟੋਰੀ ਪ੍ਰਕਾਸ਼ਿਤ ਕੀਤੀ ਸੀ ਅਤੇ ਸਿੱਖਿਆ ਬੋਰਡ, ਪੁੱਡਾ ਸਮੇਤ ਹੋਰ ਕਈ ਸਰਕਾਰੀ ਅਦਾਰਿਆਂ ਦੇ ਨਾਂ ਵੀ ਜਨਤਕ ਕੀਤੇ ਸਨ, ਜੋ ਪ੍ਰਾਪਰਟੀ ਟੈਕਸ ਭਰਨ ਤੋਂ ਆਨਾਕਾਨੀ ਕਰ ਰਹੇ ਸੀ।
ਉਧਰ, ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਟੈਕਸ ਜਮ੍ਹਾਂ ਨਾ ਕਰਨ ਸਬੰਧੀ ਅਖ਼ਬਾਰ ਵਿੱਚ ਛਪੀ ਖ਼ਬਰ ਦਾ ਗੰਭੀਰ ਨੋਟਿਸ ਲੈਂਦਿਆਂ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੂੰ ਤਾੜਨਾ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਦੱਸਿਆ ਕਿ ਹੁਣ ਤੱਕ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਿਉਂ ਨਹੀਂ ਕਰਵਾਇਆ ਗਿਆ ਹੈ। ਪ੍ਰਮੁੱਖ ਸਕੱਤਰ ਨੇ ਸਰਕਾਰੀ ਪੱਤਰ ਨਾਲ ਗਮਾਡਾ ਅਧਿਕਾਰੀਆਂ ਨੂੰ ਅਖ਼ਬਾਰ ਵਿੱਚ ਛਪੀ ਖ਼ਬਰ ਦੀ ਕਟਿੰਗ ਵੀ ਨਾਲ ਭੇਜੀ ਗਈ ਹੈ।
ਸਰਕਾਰੀ ਚਿੱਠੀ ਮਿਲਣ ਤੋਂ ਬਾਅਦ ਗਮਾਡਾਪੁੱਡਾ ਦੀ ਬ੍ਰਾਂਚ ਦੇ ਸਬੰਧਤ ਅਧਿਕਾਰੀ ਤੁਰੰਤ ਨਗਰ ਨਿਗਮ ਦਫ਼ਤਰ ਪੁੱਜੇ ਅਤੇ ਉਨ੍ਹਾਂ ਨੇ ਸ਼ਹਿਰ ਵਿੱਚ ਖੇਡ ਸਟੇਡੀਅਮਾਂ ਦੀਆਂ ਇਮਾਰਤਾਂ ਅਤੇ ਇੱਥੋਂ ਦੇ ਫੇਜ਼-1 ਸਥਿਤ ਪੁਰਾਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਫ਼ਤਰ ਸਮੇਤ ਤਿੰਨ ਮੰਜ਼ਲੇ ਕਰੀਬ ਅੱਠ ਸੋਅਰੂਮਾਂ ਅਤੇ ਕਰੀਬ 8 ਕਮਿਉਨਿਟੀ ਸੈਂਟਰਾਂ ਦੀਆਂ ਇਮਾਰਤਾਂ ਦਾ ਬਣਦੇ ਟੈਕਸ ਦਾ ਐਸਟੀਮੇਟ ਤਿਆਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਇਮਾਰਤਾਂ ਦਾ 15 ਲੱਖ ਰੁਪਏ ਪ੍ਰਾਪਰਟੀ ਟੈਕਸ ਬਣਦਾ ਹੈ। ਗਮਾਡਾ ਨੇ ਸਾਲ 2013 ਤੋਂ ਲੈ ਕੇ ਹੁਣ ਤੱਕ ਕੋਈ ਧੇਲਾ ਜਮ੍ਹਾਂ ਨਹੀਂ ਕਰਵਾਇਆ ਹੈ। ਉਂਜ ਗਮਾਡਾਪੁੱਡਾ ਦਫ਼ਤਰ ਦੀ ਆਪਣੀ ਆਲੀਸ਼ਾਨ ਇਮਾਰਤ ਟੈਕਸ ਜਮ੍ਹਾਂ ਕਰਵਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…