
ਗਰੇਸੀਅਨ ਹਸਪਤਾਲ ਨੇੜੇ ਹਾਦਸੇ ਵਿੱਚ ਟੈਕਸੀ ਚਾਲਕ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਸਥਾਨਕ ਸੈਕਟਰ-69 ਤੇ ਸੈਕਟਰ-68 ਨੂੰ ਵੰਡਦੀ ਮੁੱਖ ਸੜਕ ਉੱਤੇ ਸਥਿਤ ਗ੍ਰੇਸ਼ੀਅਨ ਹਸਪਤਾਲ ਦੇ ਮੋੜ ਉਪਰ ਬਣੇ ਟੈਕਸੀ ਸਟੈਂਡ ਦੇ ਟੈਂਟ ਵਿੱਚ ਬੈਠੇ ਦੋ ਵਿਅਕਤੀਆਂ ’ਤੇ ਅਚਾਨਕ ਇੱਕ ਬੇਕਾਬੂ ਕਾਰ ਚੜ ਗਈ। ਜਿਸ ਕਾਰਨ ਦੋਵੇਂ ਜਣੇ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਦਲਬੀਰ ਸਿੰਘ ਵਾਸੀ ਮੁੰਡੀ ਖਰੜ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿੱਚ ਟੈਕਸੀ ਦਾ ਮਾਲਕ ਬਲਜੀਤ ਸਿੰਘ ਵਾਸੀ ਕੁੰਭੜਾ ਅਜੇ ਜੇਰੇ ਇਲਾਜ ਹੈ। ਉਂਜ ਹਾਦਸਾ ਗ੍ਰਸਤ ਕਾਰ ਦਾ ਚਾਲਕ ਵਿਦਿਆਰਥੀ ਗੁਰਜੋਤ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਗਰੇਸ਼ੀਅਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਧਰ, ਇਸ ਸਬੰਧੀ ਫੇਜ਼-8 ਥਾਣੇ ਦੇ ਐਸਐਚਓ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਜ਼ਖ਼ਮੀ ਬਲਜੀਤ ਸਿੰਘ ਦੇ ਬੇਟੇ ਕੁਲਵੰਤ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕਾਰ ਚਾਲਕ ਗੁਰਜੋਤ ਸਿੰਘ ਵਾਸੀ ਸੈਕਟਰ-68, ਪੰਚਮ ਸੁਸਾਇਟੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਹਾਦਸਾ ਗ੍ਰਸਤ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਜਦੋਂ ਕਿ ਚਾਲਕ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਸਾਢੇ ਅੱਠ ਵਜੇ ਹੋਂਡਾ ਜੈਜ ਕਾਰ ਵਿੱਚ ਸਵਾਰ ਗੁਰਜੋਤ ਸਿੰਘ ਆਪਣੇ ਘਰ ਵਿੱਚ ਡਿਗਰੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਸਰਕਾਰੀ ਕਾਲਜ ਚੰਡੀਗੜ੍ਹ ਵਿੱਚ ਪੜ੍ਹਦਾ ਹੈ। ਪਹਿਲੀ ਜੂਨ ਤੋਂ ਪ੍ਰੀਖਿਆ ਸ਼ੁਰੂ ਹੋਣੀ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਦੇਰ ਰਾਤ ਉਸ ਦਾ ਬੇਟਾ ਘਰੋਂ ਫੇਜ਼-9 ਦੀ ਮਾਰਕੀਟ ਵਿੱਚ ਡਿਗਰੀ ਦੀ ਪੜ੍ਹਾਈ ਲਈ ਸ਼ੀਟਾਂ ਲੈਣ ਜਾ ਰਿਹਾ ਸੀ ਕਿ ਜਦੋਂ ਉਹ ਗਰੇਸੀਅਨ ਹਸਪਤਾਲ ਨੇੜੇ ਮੋੜ ’ਤੇ ਪੁੱਜਾ ਤਾਂ ਅਚਾਨਕ ਉਸ ਦੇ ਸਾਹਮਣੇ ਇੱਕ ਤੇਜ ਰਫ਼ਤਾਰ ਟਰੱਕ ਆ ਗਿਆ। ਉਸ ਨੇ ਤੇਜ਼ ਰਫ਼ਤਾਰ ਟਰੱਕ ਤੋਂ ਬਚਨ ਲਈ ਜਿਵੇਂ ਆਪਣੀ ਕਾਰ ਕੱਚੇ ਵਿੱਚ ਲਾਹੀ ਤਾਂ ਕਾਰ ਅਚਾਨਕ ਬੇਕਾਬੂ ਹੋ ਕੇ ਟੈਕਸੀ ਸਟੈਂਡ ਦੇ ਤੰਬੂ ਵਿੱਚ ਜਾ ਵੜੀ ਅਤੇ ਸਟੈਂਡ ’ਤੇ ਬੈਠੇ ਹੋਏ ਦਲਬੀਰ ਸਿੰਘ ਅਤੇ ਬਲਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਏ। ਜਿਨ੍ਹਾਂ ਨੂੰ ਤੁਰੰਤ ਗਰੇਸੀਅਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਜ਼ਖ਼ਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਦੇਰ ਰਾਤੀ ਫੋਰਟਿਸ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਰਾਤੀ ਕਰੀਬ 12 ਵਜੇ ਇਲਾਜ ਦੌਰਾਨ ਦਲਬੀਰ ਸਿੰਘ ਨੇ ਦਮ ਤੋੜ ਦਿੱਤਾ ਜਦੋਂ ਕਿ ਬਲਜੀਤ ਸਿੰਘ ਦੀ ਹਾਲਤ ਵੀ ਗੰਭੀਰ ਦੱਸੀ ਗਈ