Nabaz-e-punjab.com

ਟੀਬੀ ਕੰਟਰੋਲ ਪ੍ਰੋਗਰਾਮ: ਸਿਹਤ ਮੰਤਰੀ ਬਲਬੀਰ ਸਿੱਧੂ ਨੇ ਟੀਬੀ ਸੁਪਰਵਾਈਜ਼ਰਾਂ ਨੂੰ 81 ਸਕੂਟਰ ਵੰਡੇ

ਖਰੜ ਦੇ ਸਰਕਾਰੀ ਹਸਪਤਾਲ ਵਿੱਚ ਬਣੇਗਾ ਵੱਖਰਾ ਜੱਚਾ-ਬੱਚਾ ਵਾਰਡ: ਸਿੱਧੂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਅਗਸਤ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿੱਚ ਟੀਬੀ ਦੇ ਮਰੀਜ਼ਾਂ ਤੱਕ ਸੁਖਾਲੀ ਅਤੇ ਵਿਆਪਕ ਪਹੁੰਚ ਬਣਾਉਣ ਦੇ ਮੰਤਵ ਨਾਲ ਟੀਬੀ ਸੁਪਰਵਾਈਜ਼ਰਾਂ ਨੂੰ ਸਕੂਟਰ ਤਕਸੀਮ ਕਰਨ ਮਗਰੋਂ ਉਨ੍ਹਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਖਰੜ ਦੇ ਸਬ-ਡਵੀਜ਼ਨਲ ਹਸਪਤਾਲ (ਐਸਡੀਐਚ) ਵਿੱਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸ੍ਰੀ ਸਿੱਧੂ ਨੇ ਦੱਸਿਆ ਕਿ ਟੀਬੀ ਕੰਟਰੋਲ ਪ੍ਰੋਗਰਾਮ ਤਹਿਤ ਇਹ ਸਕੂਟਰ ਫ਼ੀਲਡ ਵਰਕਰਾਂ ਨੂੰ ਦਿਤੇ ਗਏ ਹਨ ਤਾਕਿ ਉਹ ਟੀਬੀ ਦੇ ਮਰੀਜ਼ਾਂ ਤੱਕ ਲਗਾਤਾਰ ਅਤੇ ਆਸਾਨ ਪਹੁੰਚ ਬਣਾ ਸਕਣ। ਉਨ੍ਹਾਂ ਕਿਹਾ ਕਿ ਜੇ ਸਿਹਤ ਵਿਭਾਗ ਟੀਬੀ ਦੇ ਮਰੀਜ਼ਾਂ ਦੀ ਸਹੀ ਖ਼ਬਰਸਾਰ ਰੱਖ ਸਕੇਗਾ ਤਾਂ ਸੂਬੇ ਵਿਚ ਟੀਬੀ (ਤਪਦਿਕ ) ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਵਿੱਚ ਮਦਦ ਮਿਲ ਸਕੇਗੀ।
ਸਿਹਤ ਮੰਤਰੀ ਨੇ ਦਸਿਆ ਕਿ ਅੱਜ ਖਰੜ, ਬਠਿੰਡਾ ਅਤੇ ਵੇਰਕਾ ਵਿਖੇ ਤਿੰਨ ਥਾਈਂ ਸਮਾਗਮ ਹੋਏ ਹਨ ਜਿਥੇ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਅਤੇ ਸੀਨੀਅਰ ਟਰੀਟਮੈਂਟ ਲੈਬ ਸੁਪਰਵਾਇਜ਼ਰ ਨੂੰ ਕੁਲ 81 ਸਕੂਟਰ ਦਿਤੇ ਗਏ ਹਨ। ਜਿਨ੍ਹਾਂ ’ਚੋਂ ਖਰੜ, ਲੁਧਿਆਣਾ, ਪਟਿਆਲਾ, ਰੋਪੜ, ਨਵਾਂਸ਼ਹਿਰ ਅਤੇ ਫ਼ਤਹਿਗੜ੍ਹ ਸਾਹਿਬ ਦੇ 24 ਸੁਪਰਵਾਇਜ਼ਰਾਂ ਨੂੰ ਸਕੂਟਰਾਂ ਦੀ ਵੰਡ ਕੀਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ 18 ਅਤੇ ਵੇਰਕਾ ਵਿੱਚ 39 ਸਕੂਟਰ ਵੰਡੇ ਗਏ ਹਨ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਿਚ ਅਜਿਹੇ ਕੁਲ 215 ਸੁਪਰਵਾਈਜ਼ਰ ਹਨ। ਜਿਨ੍ਹਾਂ ’ਚੋਂ 134 ਕੋਲ ਪਹਿਲਾਂ ਹੀ ਇਹ ਸਹੂਲਤ ਸੀ ਅਤੇ ਅੱਜ 81 ਹੋਰਾਂ ਨੂੰ ਇਹ ਸਹੂਲਤ ਦਿਤੇ ਜਾਣ ਨਾਲ ਹੁਣ ਸਾਰੇ 215 ਸੁਪਰਵਾਈਰਾਂ ਕੋਲ ਸਕੂਟਰ ਦੀ ਸਹੂਲਤ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਜਿਥੇ ਇਹ ਸੁਪਰਵਾਇਜ਼ਰ ਟੀਬੀ ਦੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਦਵਾਈ ਦੀ ਸਥਿਤੀ ਬਾਰੇ ਜਾਣਕਾਰੀ ਲੈਣਗੇ, ਉੱਥੇ ਇਹ ਵੇਖਣਗੇ ਕਿ ਉੁਸ ਦੇ ਘਰ ਜਾਂ ਆਲੇ-ਦੁਆਲੇ ਟੀਬੀ ਦਾ ਕੋਈ ਸ਼ੱਕੀ ਮਰੀਜ਼ ਤਾਂ ਨਹੀਂ। ਜੇ ਅਜਿਹਾ ਮਰੀਜ਼ ਮਿਲਦਾ ਹੈ ਤਾਂ ਉਸ ਦੇ ਜ਼ਰੂਰੀ ਟੈਸਟ ਕਰਵਾਉਣ ਲਈ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਉਸ ਨੂੰ ਭੇਜਿਆ ਜਾਵੇਗਾ। ਨਾਲ ਹੀ ਇਹ ਵਰਕਰ ਯਕੀਨੀ ਬਣਾਉਣਗੇ ਕਿ ਮਰੀਜ਼ ਨੂੰ ਦਵਾਈ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ। ਇਸ ਤੋਂ ਇਲਾਵਾ, ਮਰੀਜ਼ ਨੂੰ ਮਿਲ ਰਹੀ ਮਾਲੀ ਇਮਦਾਦ ਬਾਰੇ ਵੀ ਜਾਣਕਾਰੀ ਲੈਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਟੀਬੀ ਦੇ ਮਰੀਜ਼ ਨੂੰ ਹਰ ਮਹੀਨੇ 500 ਰੁਪਏ ਦੀ ਮਾਲੀ ਇਮਦਾਦ ਦਿੱਤੀ ਜਾਂਦੀ ਹੈ ਤਾਂ ਕਿ ਉਹ ਚੰਗੀ ਤੇ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰ ਸਕੇ। ਸ੍ਰੀ ਸਿੱਧੂ ਨੇ ਇਸ ਮੌਕੇ ਅਹਿਮ ਐਲਾਨ ਕੀਤਾ ਕਿ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਵੱਖਰੇ ਜੱਚਾ-ਬੱਚਾ ਵਾਰਡ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 50 ਬਿਸਤਰਿਆਂ ਵਾਲੇ ਇਸ ਵਾਰਡ ਵਿੱਚ ਤਮਾਮ ਆਧੁਨਿਕ ਸਹੂਲਤਾਂ ਹੋਣਗੀਆਂ ਤਾਂ ਕਿ ਸਬੰਧਤ ਮਰੀਜ਼ਾਂ ਨੂੰ ਮੁਹਾਲੀ ਜਾਂ ਚੰਡੀਗੜ੍ਹ ਵਿੱਚ ਜਾਣ ਦੀ ਲੋੜ ਹੀ ਨਾ ਪਵੇ।
ਸਿਹਤ ਮੰਤਰੀ ਨੇ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਸੂਬਾ ਭਰ ਵਿੱਚ ਇਸ ਯੋਜਨਾ ਦੀ ਰਸਮੀ ਸ਼ੁਰੂਆਤ 20 ਅਗਸਤ ਤੋਂ ਕਰ ਦਿੱਤੀ ਗਈ ਹੈ। ਜਿਸ ਤਹਿਤ ਸੂਬੇ ਦੇ 46 ਲੱਖ ਪਰਿਵਾਰਾਂ ਦਾ 5-5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕੀਤਾ ਜਾਵੇਗਾ। ਲਾਭਪਾਤਰੀ ਪਰਿਵਾਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਣਗੇ। ਜਿੱਥੇ ਈ-ਕਾਰਡ ਧਾਰਕ ਦਾਖ਼ਲ ਮਰੀਜ਼ ਦਾ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਸਮਾਗਮ ਵਿੱਚ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਜਸਪਾਲ ਕੌਰ, ਡਾਇਰਕੈਟਰ ਈਐਸਆਈ ਡਾ. ਜਗਪਾਲ ਬਾਸੀ, ਸਿਵਲ ਸਰਜਨ ਡਾ. ਮਨਜੀਤ ਸਿੰਘ, ਸਟੇਟ ਟੀਬੀ ਅਫ਼ਸਰ ਡਾ. ਜਸਤੇਜ ਸਿੰਘ ਕੁਲਾਰ, ਡਿਪਟੀ ਡਾਇਰੈਕਟਰ ਡਾ. ਸ਼ਿੰਗਾਰਾ ਸਿੰਘ, ਐਸਐਮਓ. ਡਾ. ਸੁਰਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ ਮਹਿਲਾ ਪ੍…