Nabaz-e-punjab.com

ਪ੍ਰੀਖਿਆਵਾਂ ਵਿੱਚ ਬੈਠਣ ਤੱਕ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕ ਦੀ ਅਹਿਮ ਭੂਮਿਕਾ: ਕ੍ਰਿਸ਼ਨ ਕੁਮਾਰ

ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਅਭਿਆਸ ਲਈ ਅਧਿਆਪਕ ਮਾਡਲ ਟੈੱਸਟ ਪੇਪਰ ਹੱਲ ਕਰਵਾਉਣ

ਪੰਜਵੀਂ ਦੀ ਬੋਰਡ ਦੀ ਪ੍ਰੀਖਿਆ ਅਧਿਆਪਕਾਂ ਲਈ ਇੱਕ ਸਕਾਰਾਤਮਿਕ ਚੁਣੌਤੀ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਐਜੂਸੈਟ ਰਾਹੀਂ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਅਪੀਅਰ ਹੋਣ ਜਾ ਰਹੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫਲਤਾ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਵੀ ਅਧਿਆਪਕਾਂ ਨੂੰ ਸੰਬੋਧਨ ਕੀਤਾ।
ਕ੍ਰਿਸ਼ਨ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਹਰ ਵਾਰ ਮੰਗ ਹੁੰਦੀ ਸੀ ਕਿ ਸਿੱਖਿਆ ਵਿੱਚ ਗੁਣਾਤਮਿਕ ਤੇ ਉਚੇਰੇ ਪੱਧਰ ਲਈ ਪੰਜਵੀਂ ਅਤੇ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਹੋਣੀ ਚਾਹੀਦੀ ਹੈ। ਹੁਣ ਬੋਰਡ ਪ੍ਰੀਖਿਆ ਲਈ ਅਧਿਆਪਕਾਂ ਵੱਲੋਂ ਸੂਖਮ ਯੋਜਨਾਬੰਦੀ ਉਲੀਕੀ ਗਈ ਹੈ। ਜਿਸ ਨਾਲ ਇਹ ਵਿਸ਼ਵਾਸ ਹੈ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਟੀਚੇ ਪ੍ਰਾਪਤ ਕੀਤੇ ਜਾਣਗੇ। ਜਿਸ ਵਿੱਚ ਹਰ ਵਿਦਿਆਰਥੀ ਦਾ 100 ਫ਼ੀਸਦੀ ਨਤੀਜਾ ਅਤੇ ਮੈਰਿਟ ਸੂਚੀ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਹੋਵੇ। ਇਸ ਲਈ ਮਾਈਕਰੋ ਪਲਾਨਿੰਗ ਜ਼ਰੂਰੀ ਹੈ ਜੋ ਕਿ ਸਕੂਲ ਮੁਖੀਆਂ ਦੀ ਲੀਡਰਸ਼ਿਪ ਵਿੱਚ ਇਸ ਮਹੀਨੇ ਹਰੇਕ ਸਕੂਲ ਦੇ ਵਿਦਿਆਰਥੀਆਂ ਲਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕੇਂਦਰਿਤ ਪਹੁੰਚ ਨਾਲ ਹਰ ਬੱਚੇ ਵੱਲ ਧਿਆਨ ਦੇਣ ਲਈ ਇੱਕ ਮਹੀਨੇ ਦਾ ਸਮਾਂ ਬਾਕੀ ਹੈ. ਹਰ ਵਿਸ਼ੇ ਅਨੁਸਾਰ ਅਧਿਆਪਕ ਵਿਦਿਆਰਥੀਆਂ ਦੇ ਲਈ ਵਿਸ਼ੇਸ਼ ਟੌਪਿਕ ਨੂੰ ਸਮਝਾਉਣ ਹਿੱਤ ਕੋਚ ਬਣ ਕੇ ਵਾਧੂ ਕਲਾਸਾਂ ਦੀ ਚੰਗੀ ਪਿਰਤ ਪਾ ਰਹੇ ਹਨ ਅਤੇ ਬੱਚਿਆਂ ਦੇ ਮਜ਼ਬੂਤ ਪੱਖਾਂ ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਬਹੁਤ ਵਧੀਆ ਨਤੀਜੇ ਲੈਣ ਲਈ ਪੱਬਾਂ ਭਾਰ ਹੋਏ ਪਏ ਹਨ। ਈ-ਕੰਟੈਂਟ ਨਾਲ ਦੁਹਰਾਈ ਕਰਵਾਉਣ ਵਿੱਚ ਸਮੇਂ ਦਾ ਸਦਉਪਯੋਗ ਹੋ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆਂ ਦੇ ਵਟਸਐਪ ਗਰੁੱਪਾਂ ਵਿੱਚ ਪਾਠਕ੍ਰਮ ਦੀਆਂ ਵੀਡੀਓ ਸਾਂਝੀਆਂ ਕਰਕੇ ਦੁਹਰਾਈ ਨੂੰ ਵਧਾਇਆ ਜਾ ਰਿਹਾ ਹੈ।
ਇਸ ਮੌਕੇ ਸਿੱਖਿਆ ਵਿਭਾਗ ਦੀ ਸਟੇਟ ਰਿਸੋਰਸ ਪਰਸਨ ਹਰਜੀਤ ਕੌਰ ਨੇ ਪੰਜਾਬੀ ਅਤੇ ਅੰਗਰੇਜ਼ੀ, ਦਲਜੀਤ ਸਿੰਘ ਨੇ ਵਾਤਾਵਰਨ ਸਿੱਖਿਆ, ਗੁਰਿੰਦਰ ਕੌਰ ਨੇ ਗਣਿਤ, ਦੀਪਿਕਾ ਨੇ ਹਿੰਦੀ ਦੇ ਪ੍ਰਸ਼ਨ ਪੱਤਰ ਪੈਟਰਨ ਅਤੇ ਹੱਲ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਬੀਪੀਈਓ, ਸੈਂਟਰ ਹੈੱਡ ਟੀਚਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਵੀ ਸਕੂਲਾਂ ਵਿੱਚ ਸਥਾਪਿਤ ਆਰਓਟੀ ’ਤੇ ਮੌਜੂਦ ਰਹੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…