
ਸਿੱਖਿਆ ਵਿਭਾਗ ਪੰਜਾਬ ਕੋਲ ਸਟੇਟ ਐਵਾਰਡ ਲਈ 201 ਅਧਿਆਪਕਾਂ ਨੇ ਪੇਸ਼ ਕੀਤੀ ਦਾਅਵੇਦਾਰੀ
ਸਿੱਖਿਆ ਵਿਭਾਗ ਨੇ ਦਾਅਵੇਦਾਰੀਆਂ ਦੇ ਮੁਲਾਂਕਣ ਲਈ ਤਰੀਕਾਂ ਐਲਾਨੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਅਧਿਆਪਕ ਦਿਵਸ ਮੌਕੇ ਪੰਜਾਬ ਭਰ ’ਚੋਂ ਵਿੱਦਿਅਕ ਖੇਤਰ ਵਿੱਚ ਸ਼ਾਨਾਮੱਤੀ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਨੂੰ ਰਾਜ ਪੁਰਸਕਾਰਾਂ (ਸਟੇਟ ਐਵਾਰਡ) ਨਾਲ ਨਿਵਾਜਿਆ ਜਾਂਦਾ ਹੈ। ਇਸ ਸਾਲ ਦੇ ਪੁਰਸਕਾਰਾਂ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪੁਰਸਕਾਰ ਲੈਣ ਲਈ 201 ਅਧਿਆਪਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਦੇ ਦੂਜੇ ਪੜਾਅ ਤਹਿਤ ਸਿੱਖਿਆ ਵਿਭਾਗ ਦੇ ਮਾਹਰਾਂ ਵੱਲੋਂ ਦਾਅਵੇਦਾਰ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਡਿਜੀਟਲ ਸਹੂਲਤਾਂ ਦੀ ਵਰਤੋਂ ਦੇ ਖੇਤਰ ਵਿੱਚ ਅੱਗੇ ਵਧਦਿਆਂ ਹੁਣ ਅਧਿਆਪਕ ਵੀ ਆਪਣੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਡਿਜੀਟਲ (ਪੀਪੀਟੀ) ਤਰੀਕੇ ਨਾਲ ਮਾਹਰਾਂ ਅੱਗੇ ਪੇਸ਼ ਕਰਦੇ ਹਨ।
ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਸਾਲ ਕੋਵਿਡ-19 ਦੇ ਸੁਰੱਖਿਆ ਨਿਯਮਾਂ ਅਨੁਸਾਰ ਇਹ ਪ੍ਰਕਿਰਿਆ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ\ਐਲੀਮੈਂਟਰੀ) ਨੂੰ ਇਸ ਪ੍ਰਕਿਰਿਆ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਮੂਹ ਜ਼ਿਲ੍ਹਿਆਂ ਤੋਂ ਸਟੇਟ ਐਵਾਰਡ ਸਬੰਧੀ ਪ੍ਰਾਪਤ ਹੋਈਆਂ ਕੁੱਲ 201 ਨਾਮਜ਼ਦਗੀਆਂ ਦਾ ਮੁਲਾਂਕਣ ਵੀਡੀਓ ਕਾਨਫਰੰਸਿੰਗ ਰਾਹੀਂ 27 ਅਗਸਤ ਤੱਕ ਕੀਤਾ ਜਾਵੇਗਾ। ਜਿਸ ਦੇ ਤਹਿਤ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੁੱਲ 42 ਉਮੀਦਵਾਰਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ਕਾਰੀ ਦਾ ਮੁਲਾਂਕਣ ਅੱਜ ਸ਼ੁਰੂ ਕਰ ਦਿੱਤਾ ਹੈ। ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ 37 ਉਮੀਦਵਾਰਾਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ 24 ਅਗਸਤ ਨੂੰ ਹੋਵੇਗਾ। ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਮਾਨਸਾ ਦੇ 46 ਉਮੀਦਵਾਰਾਂ ਦਾ ਮੁਲਾਂਕਣ 25 ਅਗਸਤ ਨੂੰ, ਮੋਗਾ, ਮੁਕਤਸਰ, ਪਠਾਨਕੋਟ, ਪਟਿਆਲਾ ਅਤੇ ਰੂਪਨਗਰ ਦੇ 39 ਉਮੀਦਵਾਰਾਂ ਦੀਆਂ ਪੇਸ਼ਕਾਰੀਆਂ ਦਾ 26 ਅਗਸਤ ਨੂੰ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਸੰਗਰੂਰ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਤਰਨਤਾਰਨ ਦੇ 37 ਉਮੀਦਵਾਰਾਂ ਦੀ ਕਾਰਗੁਜ਼ਾਰੀ ਦਾ 27 ਅਗਸਤ ਨੂੰ ਮੁਲਾਂਕਣ ਹੋਵੇਗਾ।
ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ਕਾਰੀਆਂ ਦੇ ਮੁਲਾਂਕਣ ਦੀ ਪ੍ਰਕਿਰਿਆ ਰੋਜ਼ਾਨਾ ਸਵੇਰੇ 10 ਵਜੇ ਤੋਂ ਸਬੰਧਤ ਜ਼ਿਲ੍ਹੇ ਵਿੱਚ ਸਥਾਪਿਤ ਸਿੱਖਿਆ ਵਿਭਾਗ ਦੇ ਐਮਆਈਐਸ ਕੇਂਦਰਾਂ ਰਾਹੀਂ ਸੰਚਾਲਿਤ ਹੋਵੇਗੀ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਨੂੰ ਸਬੰਧਤ ਉਮੀਦਵਾਰਾਂ ਨੂੰ ਐੱਮਆਈਐੱਸ ਵਿੰਗ ਦੇ ਕੋਆਰਡੀਨੇਟਰਜ਼ ਦੀ ਸਹਾਇਤਾ ਅਤੇ ਹੋਰ ਜ਼ਰੂਰੀ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇੱਕ ਸਮੇਂ ’ਤੇ ਸਿਰਫ਼ ਇੱਕ ਉਮੀਦਵਾਰ ਹੀ ਆਪਣੀ ਪੇਸ਼ਕਾਰੀ ਦੇਵੇਗਾ। ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵਿੱਚ ਇਸ ਪ੍ਰਕਿਰਿਆ ਨੂੰ ਕੋਵਿਡ-19 ਦੇ ਸੁਰੱਖਿਆ ਨਿਯਮਾਂ ਜਿਵੇਂ ਸੈਨੇਟਾਈਜ਼ੇਸ਼ਨ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।