ਬਦਲੀਆਂ ’ਚ ਧੱਕੇਸ਼ਾਹੀ ਤੇ ਪੈਡਿੰਗ ਤਰੱਕੀਆਂ ਖ਼ਿਲਾਫ਼ ਮੰਗ ਪੱਤਰ ਦੇਣ ਲਈ ਅਧਿਆਪਕਾਂ ਨੂੰ ਧਰਨਾ ਲਾਉਣਾ ਪਿਆ

ਅਧਿਆਪਕਾਂ ਦੇ ਮਸਲੇ ਫੌਰੀ ਹੱਲ ਨਾ ਹੋਣ ਦੀ ਸੂਰਤ ਵਿੱਚ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ

ਬਦਲੀ ਨੀਤੀ ਨੂੰ ਲਾਂਭੇ ਕਰਕੇ ਨਿੱਤ ਨਵੇਂ ਫੈਸਲਿਆਂ ਰਾਹੀਂ ਅਧਿਆਪਕਾਂ ਨਾਲ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਗਟਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਉੱਚ ਪੱਧਰੀ ਵਫ਼ਦ ਨੂੰ ਅੱਜ ਆਪਣੀਆਂ ਮੰਗਾਂ ਸਬੰਧੀ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਲਈ ਸਿੱਖਿਆ ਭਵਨ ਦੇ ਬਾਹਰ ਧਰਨਾ ਦੇਣਾ ਪਿਆ। ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰਾਂ ਹਰਜੀਤ ਸਿੰਘ ਬਸੋਤਾ, ਬਾਜ ਸਿੰਘ ਖਹਿਰਾ, ਵਿਕਰਮਦੇਵ ਸਿੰਘ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਅੌਲਖ, ਸੂਬਾ ਆਗੂਆਂ ਕੁਲਦੀਪ ਸਿੰਘ ਦੌੜਕਾ, ਗੁਰਪ੍ਰੀਤ ਮਾੜੀਆਂ ਮੇਘਾ, ਮਨਦੀਪ ਸਿੰਘ, ਜੋਗੇਸ਼ ਕੁਮਾਰ, ਗੁਰਪਿਆਰ ਸਿੰਘ ਕੋਟਲੀ ਅਤੇ ਸੁਰਜੀਤ ਸਿੰਘ ਮੁਹਾਲੀ ਨੇ ਦੱਸਿਆ ਕਿ ਸਾਂਝੇ ਮੋਰਚਾ ਦਾ ਉੱਚ ਪੱਧਰੀ ਵਫ਼ਦ ਅੱਜ ਸਿੱਖਿਆ ਸਕੱਤਰ ਨੂੰ ਮੰਗ ਪੱਤਰ ਦੇਣ ਲਈ ਆਇਆ ਸੀ ਪ੍ਰੰਤੂ ਸਕੱਤਰ ਦੇ ਕਹਿਣ ’ਤੇ ਕਿਸੇ ਅਧਿਕਾਰੀ ਨੇ ਉਨ੍ਹਾਂ ਤੋਂ ਮੰਗ ਨਹੀਂ ਲਿਆ। ਜਿਸ ਕਾਰਨ ਉਹ ਸਿੱਖਿਆ ਭਵਨ ਦੇ ਬਾਹਰ ਧਰਨੇ ’ਤੇ ਬੈਠ ਗਏ ਅਤੇ ਸਿੱਖਿਆ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕਾ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਅਧਿਕਾਰੀ ਮੰਗ ਪੱਤਰ ਲੈਣਾ ਮੰਨ ਗਏ। ਇਸ ਮਗਰੋਂ ਡੀਪੀਆਈ (ਸੈਕੰਡਰੀ) ਰਾਹੀਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਰੋਸ ਪੱਤਰ ਭੇਜੇ ਗਏ।
ਆਗੂਆਂ ਨੇ ਕਿਹਾ ਕਿ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਮਸਲਿਆਂ ਦੇ ਹੱਲ ਨੂੰ ਲੈ ਕੇ ਪਿਛਲੇ ਦਿਨੀਂ ਮੁੱਖ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਦੇ ਸਾਰੇ ਫੈਸਲੇ ਲਾਗੂ ਕਰਕੇ ਅਧਿਆਪਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਸਿੱਖਿਆ ਵਿਭਾਗ ਵਿੱਚ ਆਨਲਾਈਨ ਬਦਲੀ ਪ੍ਰਕਿਰਿਆ ਦੀ ਆੜ ਵਿੱਚ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਕਾਡਰਾਂ ਦੀਆਂ ਪੈਂਡਿੰਗ ਤਰੱਕੀਆਂ ਨੇਪਰੇ ਨਾ ਚਾੜ੍ਹਨ ਵਿਰੁੱਧ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਤਾਂ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਨਲਾਈਨ ਬਦਲੀਆਂ ਦੇ ਮਾਪਦੰਡਾਂ ਵਿੱਚ ਇਕਸਾਰਤਾ ਨਾ ਹੋਣ, ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਰਿਲੀਵਿੰਗਾਂ ਰੋਕਣ ਅਤੇ ਬਿਨਾਂ ਅਗਾਊਂ ਸੂਚਿਤ ਕੀਤੇ ਅਧਿਆਪਕਾਂ ਨੂੰ ਡੀ-ਬਾਰ ਕਰਨ ਆਦਿ ਮਾਮਲਿਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਨਿੱਤ ਨਵੇਂ ਗੈਰ ਵਾਜਬ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਬਦਲੀਆਂ ਲਾਗੂ ਕਰਨ ਲਈ 50 ਫੀਸਦੀ ਸਟਾਫ਼, ਸਿੰਗਲ ਟੀਚਰ, ਅਧਿਆਪਕ ਦਾ ਬਦਲ ਹੋਣਾ ਜਾਂ ਪਰਖ ਸਮਾਂ ਪੂਰਾ ਹੋਣ ਦੀ ਲਗਾਈ ਸ਼ਰਤ ਹਟਾ ਕੇ ਸਾਰਿਆਂ ਨੂੰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦਿੱਤਾ ਜਾਵੇ ਅਤੇ ਸਾਰੀਆਂ ਅਸਾਮੀਆਂ ਲਈ ਨਵੀਂ ਭਰਤੀ/ਤਰੱਕੀ ਪ੍ਰਕਿਰਿਆ ਬਿਨਾਂ ਦੇਰੀ ਮੁਕੰਮਲ ਕੀਤੀ ਜਾਵੇ। ਸਾਰੇ ਵਰਗਾਂ ਦਰਮਿਆਨ ਇਕਸਾਰਤਾ ਰੱਖੀ ਜਾਵੇ ਅਤੇ ਬੇਯਕੀਨੀ ਦਾ ਮਾਹੌਲ ਖ਼ਤਮ ਕੀਤਾ ਜਾਵੇ।
ਬਿਨਾਂ ਅਗਾਊਂ ਸੂਚਿਤ ਕੀਤਿਆਂ, ਪਿਛਲੇ ਸਮੇ ਵਿੱਚ ਵਿਭਾਗੀ ਆਪਸ਼ਨ ਅਨੁਸਾਰ ਬਦਲੀ ਕੈਂਸਲ ਕਰਵਾਉਣ ਵਾਲਿਆਂ ਨੂੰ ਡੀ.ਬਾਰ. ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਇਸ ਸਬੰਧੀ ਤਰਕਸੰਗਤ ਨਿਯਮ ਤੈਅ ਕਰਨ ਉਪਰੰਤ ਭਵਿੱਖ ਵਿੱਚ ਲਾਗੂ ਕੀਤੇ ਜਾਣ। 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਲਈ ਸ਼ੁਰੂਆਤੀ ਭਰਤੀਆਂ ਅਨੁਸਾਰ ਪਿਛਲੀ ਸਰਵਿਸ ਦਾ ਲਾਭ ਬਰਕਰਾਰ ਰੱਖਿਆ ਜਾਵੇ ਅਤੇ ਇਨ੍ਹਾਂ ਦੀਆਂ ਬਦਲੀਆਂ
ਨੂੰ ਰੱਦ ਕਰਨ ਦਾ ਗੈਰ ਵਾਜਿਬ ਵਿਭਾਗੀ ਫੈਸਲਾ ਵਾਪਸ ਲਿਆ ਜਾਵੇ ਅਤੇ ਹੋਈਆਂ ਬਦਲੀਆਂ ਲਾਗੂ ਕੀਤੀਆਂ ਜਾਣ। ਅਧਿਆਪਕਾਂ ਨੂੰ ਪੱਕੀ ਰਿਹਾਇਸ਼ ਤੋਂ ਸਟੇਸ਼ਨ ਦੀ ਦੂਰੀ ਅਨੁਸਾਰ ਅੰਕਾਂ ਦੀ ਵੇਟੇਜ਼ ਦਿੱਤੀ ਜਾਵੇ। ਖਾਲੀ ਅਸਾਮੀਆਂ ਨੂੰ ਸਕੂਲ ਅਨੁਸਾਰ ਵੱਖੋ-ਵੱਖਰੇ ਤੌਰ ’ਤੇ ਸਟੇਸ਼ਨ ਚੌਣ ਲਈ ਪੇਸ਼ ਕੀਤਾ ਜਾਵੇ ਅਤੇ ਸੰਗੀਤ-ਤਬਲਾ ਟੀਚਰਾਂ, ਖੇਤੀਬਾੜੀ, ਨਾਨ ਟੀਚਿੰਗ (ਐੱਸਐੱਲਏ) ਲਈ ਵੀ ਸਾਰੀਆਂ ਖਾਲੀ ਅਸਾਮੀਆਂ ਦਿਖਾਈਆਂ ਜਾਣ। ਪ੍ਰਾਇਮਰੀ ਵਰਗ ਦੀਆਂ ਅੰਤਰ ਜਿਲ੍ਹਾ ਬਦਲੀਆਂ ਫੌਰੀ (ਡੈਪੂਟੇਸ਼ਨ ਦੀ ਬਜਾਏ) ਬਿਨਾਂ ਸ਼ਰਤ ਲਾਗੂ ਕੀਤੀਆਂ ਜਾਣ। ਸਕੂਲ ਮੁਖੀਆਂ ਦੀ ਬਦਲੀ ਹੋਣ ਉਪਰੰਤ ਪੁਰਾਣੇ ਸਟੇਸ਼ਨ ਦਾ ਚਾਰਜ ਬਰਕਰਾਰ ਰੱਖਣ ਦਾ ਗੈਰਵਾਜਿਬ ਫੈਸਲਾ ਰੱਦ ਕੀਤਾ ਜਾਵੇ। ਆਪਸੀ ਬਦਲੀਆਂ ਅਤੇ ਨਵ-ਵਿਆਹ ਦੇ ਮਾਮਲਿਆਂ ਵਿੱਚ ਬਿਨਾਂ ਸ਼ਰਤ ਬਦਲੀ ਕੀਤੀ ਜਾਵੇ। ਬਦਲੀਆਂ ਸਬੰਧੀ ਇਤਰਾਜਾਂ ਲਈ ਨਿੱਜੀ ਸੁਣਵਾਈ ਦਾ ਮੌਕਾ ਦੇ ਕੇ ਯੋਗ ਹੱਲ ਕੀਤਾ ਜਾਵੇ। 25-06-2019 ਤੋਂ ਬਾਅਦ ਸਕੂਲਾਂ ਦੀ ਮਰਜਿੰਗ ਜਾਂ ਸਟਰੀਮ ਟੁੱਟਣ ਕਾਰਨ ਸਟੇਸ਼ਨਾਂ ਤੋਂ ਜਬਰੀ ਬਦਲੇ ਅਧਿਆਪਕਾਂ ਨੂੰ ਵੀ ਬਦਲੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇ।
ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੇ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ 75% ਹੀ ਰੱਖਿਆ ਜਾਵੇ। ਹਰੇਕ ਪੱਧਰ ‘ਤੇ ਤਰੱਕੀ ਪ੍ਰਕਿਰਿਆ ਨੂੰ ਵਿਭਾਗੀ ਨਿਯਮਾਂ ਅਨੁਸਾਰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨੀ ਯਕੀਨੀ ਬਣਾਉਣ ਦੀ ਠੋਸ ਨੀਤੀ ਤਿਆਰ ਕੀਤੀ ਜਾਵੇ। ਪ੍ਰਾਇਮਰੀ ਵਰਗ ਦੀਆਂ ਪੈਂਡਿੰਗ ਬਦਲੀਆਂ ਅਤੇ ਈਟੀਟੀ ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਪੈਡਿੰਗ ਤਰੱਕੀਆਂ ਜਿੰਮੇਵਾਰੀ ਫਿਕਸ ਕਰਦਿਆਂ ਫੌਰੀ ਕੀਤੀਆਂ ਜਾਣ। ਸੀਐਂਡਵੀ ਤੋਂ ਮਾਸਟਰ ਕਾਡਰ ਦੀ ਪੈਡਿੰਗ ਤਰੱਕੀ (ਤਰੱਕੀ ਕੋਟਾ ਤਰਕਸੰਗਤ ਢੰਗ ਨਾਲ ਮੁੜ ਤੈਅ ਕਰਕੇ ਵਧਾਂਉਂਦਿਆਂ) ਮੁਕੰਮਲ ਕੀਤੀ ਜਾਵੇ। ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਨਵੇਂ ਅਧਿਆਪਕਾਂ ਨੂੰ ਸ਼ਾਮਿਲ ਕਰਕੇ ਫੌਰੀ ਅਪਡੇਟ ਕੀਤਾ ਜਾਵੇ। ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਅਤੇ ਲੈਕਚਰਾਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ, ਅਸਾਮੀਆਂ ਦੀ ਸਹੀ ਗਿਣਤੀ ਅਨੁਸਾਰ ਬਣਦੀਆਂ ਪੈਂਡਿੰਗ ਪਦਉਨਤੀਆਂ ਦੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇ ਅਤੇ ਤਰੱਕੀ ਛੱਡਣ ਦੇ ਮਾਮਲਿਆਂ ਵਿੱਚ ਮੈਰਿਟ ਅਨੁਸਾਰ ਅਗਲੇ ਯੋਗ ਅਧਿਆਪਕਾਂ ਨੂੰ ਤਰੱਕੀ ਪੱਤਰ ਜਾਰੀ ਕੀਤੇ ਜਾਣ। ਮਾਸਟਰ ਤੋਂ ਸਰੀਰਿਕ ਸਿੱਖਿਆ ਲੈਕਚਰਾਰ ਲਈ ਤਰੱਕੀਆਂ ਲਾਗੂ ਕਰਨ ਸਬੰਧੀ ਕਾਰਵਾਈ ਆਰੰਭੀ ਜਾਵੇ। ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਤਰੱਕੀਆਂ ਵਿੱਚ ਟੈੱਟ ਪਾਸ ਹੋਣ ਦੀ ਸ਼ਰਤ ਹਟਾਈ ਜਾਵੇ ਅਤੇ ਮਾਸਟਰ ਕਾਡਰ ਦੇ ਪੈਡਿੰਗ ਵਿਸ਼ਿਆਂ ਲਈ ਤਰੱਕੀਆਂ ਵੀ ਕੀਤੀਆਂ ਜਾਣ। ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪੈਡਿੰਗ ਪਦਉੱਨਤੀਆਂ ਸੀਨਆਰਤਾ ਅਨੁਸਾਰ ਸਮੇਂ ਸਿਰ ਹੋਣੀਆਂ ਯਕੀਨੀ ਬਣਾਈਆਂ ਜਾਣ ਅਤੇ ਅਧਿਆਪਕਾਂ ਵੱਲੋਂ ਸ਼ੋਸ਼ਲ ਮੀਡਿਆ ‘ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ‘ਤੇ ਪ੍ਰਸ਼ਨ ਚਿੰਨ੍ਹ ਲਗਾਉਣ ਵਰਗੇ ਫੈਸਲਿਆਂ ਸਬੰਧੀ ਵੀ ਅਧਿਆਪਕ ਵਰਗ ਵਿੱਚ ਗਹਿਰਾ ਰੋਸ ਹੈ। ਇਸ ਦੇ ਨਾਲ ਹੀ ਕੈਬਨਿਟ ਸਬ ਕਮੇਟੀ ਨੂੰ ਛੇਵੇਂ ਪੰਜਾਬ ਤਨਖਾਹ ਕਮਸ਼ਿਨ ਨੂੰ ਲਾਗੂ ਕਰਨ ਸਬੰਧੀ ਅਧਿਆਪਕਾਂ ਦੇ ਇਤਰਾਜ ਲਿਖਤੀ ਰੂਪ ਵਿੱਚ ਮੁੜ ਭੇਜਦਿਆਂ, ਇਨ੍ਹਾਂ ਦਾ ਵਾਜਿਬ ਹੱਲ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਸੁਰਜੀਤ ਸਿੰਘ ਮੁਹਾਲੀ, ਗੁਰਪਿਆਰ ਸਿੰਘ ਕੋਟਲੀ, ਮੁਕੇਸ਼ ਕੁਮਾਰ ਗੁਜਰਾਤੀ, ਨਰੈਣ ਦੱਤ ਤਿਵਾੜੀ, ਧਰਮ ਸਿੰਘ ਰਾਈਏਵਾਲ, ਬਿਕਰਮਜੀਤ ਸਿੰਘ, ਜਤਿੰਦਰ ਸਿੰਘ, ਪ੍ਰਵੀਨ ਕੁਮਾਰ, ਕੁਲਵਿੰਦਰ ਸਿੰਘ ਬਰਾੜ ਅਤੇ ਗੁਰਮੁਖ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ। ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…