Nabaz-e-punjab.com

ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਸਿੱਖਿਆ ਸਕੱਤਰ ਨੂੰ ਸਮੱਸਿਆਵਾਂ ਬਾਰੇ ਮੰਗ ਪੱਤਰ ਸੌਂਪਿਆ

ਅਧਿਆਪਕਾਂ ਦੇ ਮਾਣਭੱਤੇ ’ਚ ਵਾਧਾ, ਰੈਗੂਲਰ ਨੀਤੀ, ਮੈਡੀਕਲ ਛੁੱਟੀ, ਪੋਰਟਲ ਆਈਡੀ ਤੇ ਹੋਰ ਮੰਗਾਂ ਬਾਰੇ ਕੀਤੀ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਸਿੱਖਿਆ ਪ੍ਰੋਵਾਈਡਰਾਂ ਦੀ ਯੂਨੀਅਨ ਨੇ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕਰਕੇ ਸਰਕਾਰੀ ਸਕੂਲਾਂ ਵਿੱਚ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਵਿਭਾਗੀ ਮਸਲੇ ਹੱਲ ਕਰਨ ਦੀ ਗੁਹਾਰ ਲਗਾਈ। ਮੀਟਿੰਗ ਵਿੱਚ ਸਿੱਖਿਆ ਪ੍ਰੋਵਾਈਡਰਾਂ ਦੇ ਸੂਬਾ ਤੇ ਜ਼ਿਲ੍ਹਾ ਕਨਵੀਨਰਾਂ ਤੋਂ ਇਲਾਵਾ ਸੰਜੀਵ ਸ਼ਰਮਾ ਡਿਪਟੀ ਐਸਪੀਡੀ ਸਮੱਗਰ ਸਿੱਖਿਆ ਤੇ ਪਰਵੀਨ ਕੁਮਾਰੀ ਏਐੱਸਪੀਡੀ ਵੀ ਮੌਜੂਦ ਰਹੇ।
ਸਿੱਖਿਆ ਪ੍ਰੋਵਾਈਡਰਾਂ ਦੀ ਯੂਨੀਅਨ ਨੇ ਜਿੱਥੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਸਿੱਖਿਆ ਸਕੱਤਰ ਸਾਹਮਣੇ ਆਪਣਾ ਮਜ਼ਬੂਤ ਪੱਖ ਰੱਖਦਿਆਂ ਕਿਹਾ ਕਿ ਅਧਿਆਪਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਉਨ੍ਹਾਂ ਦੇ ਸਕੂਲੀ ਕਾਰਜਾਂ ਨੂੰ ਦੇਖਦਿਆਂ ਮੈਡੀਕਲ ਛੁੱਟੀਆਂ ਤਨਖ਼ਾਹ ਸਮੇਤ, ਸਾਲਾਨਾ ਕਾਰਗੁਜ਼ਾਰੀ ਨੂੰ ਪੇਸ਼ ਕਰਨ ਵਾਲੀ ਰਿਪੋਰਟਾਂ, ਤਨਖ਼ਾਹ ਵਿੱਚ ਵਾਧੇ ਸਬੰਧੀ ਅਗਲੇਰੀ ਕਾਰਵਾਈ, ਟਰੇਂਡ ਅਤੇ ਅਨ-ਟਰੇਂਡ ਦੋ ਕੈਟਾਗਰੀਆਂ ਬਣਾਉਣ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਕੱਤਰ ਬਣਾਉਣ, ਐਮਆਈਐਸ ਪੋਰਟਲ ਤੇ ਯੂਜ਼ਰ ਆਈਡੀ ਬਣਾਉਣ, ਵਿੱਦਿਅਕ ਯੋਗਤਾਵਾਂ ਵਧਾਉਣ ਉਪਰੰਤ ਮਿਲਣ ਵਾਲੇ ਮਾਣਭੱਤੇ ਵਿੱਚ ਵਾਧਾ ਕਰਨ ਸਬੰਧੀ ਆਪਣੀਆਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਗੱਲਬਾਤ ਕੀਤੀ।
ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਮੋਗਾ ਨੇ ਦੱਸਿਆ ਕਿ ਯੂਨੀਅਨ ਦੇ ਵਫ਼ਦ ਨੇ ਸਿੱਖਿਆ ਸਕੱਤਰ ਨਾਲ ਮੀਟਿੰਗ ਕੀਤੀ। ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਿੱਖਿਆ ਪ੍ਰੋਵਾਈਡਰਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਵਿੱਚ ਸਿੱਖਿਆ ਪ੍ਰੋਵਾਈਡਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਹੋਰ ਅਧਿਆਪਕਾਂ ਵਾਂਗ ਕੰਮ ਕਰਨਾ ਪੈਂਦਾ ਹੈ ਅਤੇ ਲਿਹਾਜ਼ਾ ਉਨ੍ਹਾਂ ਨੂੰ ਜਲਦੀ ਰੈਗੂਲਰ ਕਰਕੇ ਬਾਕੀ ਅਧਿਆਪਕਾਂ ਵਾਂਗੂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਸਕੂਲਾਂ ਵਿੱਚ ਸਿੱਖਿਆ ਪ੍ਰੋਵਾਈਡਰਾਂ ਦੀ ਹਾਜ਼ਰੀ ਨਾਲ ਅਸਾਮੀਆਂ ਭਰੀਆਂ ਹੋਈਆਂ ਹਨ। ਉਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਪਰਮਵੀਰ ਸਿੰਘ ਪਠਾਨਕੋਟ ਨੇ ਕਿਹਾ ਕਿ ਨਵੀਂ ਸਿੱਧੀ ਭਰਤੀ ਵਿੱਚ ਸਿੱਖਿਆ ਪ੍ਰੋਵਾਈਡਰਾਂ ਨੂੰ ਵੀ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ।
ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਪ੍ਰੋਵਾਈਡਰਾਂ ਨੂੰ ਜਲਦੀ ਰੈਗੂਲਰ ਕਰਨ ਦੀ ਪ੍ਰਪੋਜ਼ਲ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਇਸ ਮੌਕੇ ਕਨਵੀਨਰ ਜੋਗਾ ਸਿੰਘ ਪਟਿਆਲਾ, ਇੰਦਰਜੀਤ ਸਿੰਘ ਮਾਨਸਾ, ਜਗਸੀਰ ਸਿੰਘ ਘਾਰੂ, ਅਮਨਦੀਪ ਸਿੰਘ, ਮਨੀਸ਼ ਕੁਮਾਰ, ਮਨਪ੍ਰੀਤ ਸਿੰਘ, ਹਰਪਾਲ ਸਿੰਘ ਗੋਸਲ, ਪ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…