ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਦਿੱਤਾ ਧਰਨਾ, ਨਾਅਰੇਬਾਜ਼ੀ

ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਦੇ ਵਫ਼ਦ ਨੂੰ ਮਿਲਣ ਦਾ ਸਮਾਂ ਨਾ ਦੇਣ ਖ਼ਿਲਾਫ਼ ਧਰਨਾ ਲਾਇਆ

19 ਤੇ 20 ਮਾਰਚ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਸਿੱਖਿਆ ਸਕੱਤਰ ਦੇ ਆਦਮ ਕੱਦ ਬੁੱਤ ਫੂਕਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਲਾਗੂ ਕਰਨ ਲਈ ਮੁੱਖ ਸੂਤਰਧਾਰ ਬਣੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਖ਼ਿਲਾਫ਼ ਅਧਿਆਪਕਾਂ ਵਿੱਚ ਰੋਹ ਭਖਣਾ ਸ਼ੁਰੂ ਹੋ ਗਿਆ ਹੈ। ਡੈਮੋਕੇ੍ਰਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਦੀ ਅਗਵਾਈ ਹੇਠ ਐੱਸਐੱਸਏ ਰਮਸਾ ਅਧਿਆਪਕ ਯੂਨੀਅਨ, 6505 ਈਟੀਟੀ ਅਧਿਆਪਕ ਯੂਨੀਅਨ, 6060 ਅਧਿਆਪਕ ਯੂਨੀਅਨ, 6505 ਈਟੀਟੀ ਟੀਚਰਜ਼ ਯੂਨੀਅਨ ਅਤੇ ਆਦਰਸ਼ ਮਾਡਲ ਅਧਿਆਪਕ ਯੂਨੀਅਨ ਦਾ ਸਾਂਝਾ ਵਫ਼ਦ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਣ ਲਈ ਆਇਆ ਸੀ। ਪ੍ਰੰਤੂ ਕਰੋਨਾ ਦਾ ਬਹਾਨਾ ਬਣਾ ਸਿੱਖਿਆ ਸਕੱਤਰ ਨੇ ਵਫ਼ਦ ਨੂੰ ਮਿਲਣ ਲਈ ਸਮਾਂ ਨਾ ਦੇਣ ਕਾਰਨ ਰੋਹ ਵਿੱਚ ਆਏ ਅਧਿਆਪਕ ਸਿੱਖਿਆ ਭਵਨ ਦੇ ਮੁੱਖ ਗੇਟ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ।
ਇਸ ਮੌਕੇ ਬੋਲਦਿਆਂ ਡੀਟੀਐੱਫ਼ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਵਿਦਿਅਰਥੀਆਂ ਹੱਥੋਂ ਬਸਤੇ ਤੇ ਬੇਰੁਜ਼ਗਾਰ ਅਧਿਆਪਕਾਂ ਕੋਲੋਂ ਰੁਜ਼ਗਾਰ ਦਾ ਹੱਕ ਖੋਹਣ ਵਾਲੀਆਂ ਸਿੱਖਿਆ ਦੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਉਤਾਵਲੇ ਹੋਏ ਸਿੱਖਿਆ ਸਕੱਤਰ ਨੂੰ ਰਾਜ ਸੱਤਾ ਦੇ ਥਾਪੜੇ ਦਾ ਏਨਾ ਗਰੂਰ ਹੋ ਗਿਆ ਹੈ ਕਿ ਉਸ ਕੋਲ ਅਧਿਆਪਕਾਂ ਦੇ ਫੌਰੀ ਮੰਗਾਂ ਮਸਲੇ ਹੱਲ ਕਰਨ ਦਾ ਵਕਤ ਹੀ ਨਹੀਂ ਹੈ। ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਵਿਦਿਅਰਥੀਆਂ ਹੱਥੋਂ ਬਸਤੇ ਅਤੇ ਬੇਰੁਜ਼ਗਾਰ ਅਧਿਆਪਕਾਂ ਕੋਲੋਂ ਰੁਜ਼ਗਾਰ ਦਾ ਹੱਕ ਖੋਹਣ ਵਾਲੀਆਂ ਸਿੱਖਿਆ ਨੀਤੀਆਂ ਅਤੇ ਨਿੱਜੀਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਤਾਨਾਸ਼ਾਹ ਅਧਿਕਾਰੀ ਸਰਕਾਰ ਦੀ ਸ਼ਹਿ ’ਤੇ ਮਿਸ਼ਨ ਸ਼ਤ ਪ੍ਰਤੀਸ਼ਤ ਜਿਹੇ ਪ੍ਰੋਗਰਾਮ ਲਾਗੂ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਅਧਿਆਪਕ ਵਰਗ ਤੇ ਬੇਲੋੜਾ ਮਾਨਸਿਕ ਦਬਾਅ ਬਣਾ ਰਿਹਾ ਹੈ, ਜਿਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਬੇਲਗਾਮ ਹੋਏ ਸਿੱਖਿਆ ਸਕੱਤਰ ਰਾਹੀਂ ਸਰਕਾਰੀ ਸਕੂਲ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖ ਕੇ ਪੰਜਾਬ ਦਾ ਆਉਣ ਵਾਲਾ ਕੱਲ੍ਹ ਹਨੇਰੇ ਵਿੱਚ ਡੋਬਣਾ ਚਾਹੁੰਦੀ ਹੈ।
ਅਧਿਆਪਕ ਆਗੂਆਂ ਦੀਦਾਰ ਸਿੰਘ ਮੁੱਦਕੀ, ਸਤਨਾਮ ਸਿੰਘ, ਗੁਰਜਿੰਦਰ ਸਿੰਘ, ਤਲਵਿੰਦਰ ਪਟਿਆਲਾ, ਰੇਸ਼ਮ ਸਿੰਘ ਬਠਿੰਡਾ ਤੇ ਹਰਜੀਤ ਜੀਂਦਾ ਨੇ ਕਿਹਾ ਕਿ ਸਰਕਾਰ ਅੰਦਰਖਾਤੇ ਸਰਕਾਰੀ ਸਕੂਲਾਂ ’ਚੋਂ ਪੋਸਟਾਂ ਦੇ ਖ਼ਾਤਮੇ ਲਈ ਵਿਭਾਗ ਵਿੱਚ ਸਿੱਖਿਆ ਸਕੱਤਰ ਰਾਹੀਂ ਨਿੱਤ ਨਵੇਂ ਤਜਰਬੇ ਕਰ ਰਹੀ ਹੈ। ਬਦਲੀਆਂ, ਪ੍ਰਮੋਸ਼ਨਾਂ ਵਿੱਚ ਨਵੇਂ ਬਦਲਾ ਕਰਕੇ ਅਧਿਆਪਕਾਂ ਨੂੰ ਹੱਕ ਵਿਹੂਣੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਸਿੱਖਿਆ ਵਿਰੋਧੀ ਨੀਤੀਆਂ ਦਾ ਜੁਆਬ ਸੰਘਰਸ਼ਾਂ ਨਾਲ ਦਿੱਤਾ ਜਾਵੇਗਾ।
ਆਗੂਆਂ ਨੇ ਐੱਸਐੱਸਏ ਰਮਸਾ, ਆਦਰਸ਼ ਮਾਡਲ ਸਕੂਲਾਂ ਦੇ 8886 ਅਧਿਆਪਕਾਂ ਦੀ ਪਿਛਲੀ ਸਰਵਿਸ ਨਾ ਗਿਣਨ ਵਾਲਾ ਪੱਤਰ ਵਾਪਸ ਲੈਣ, ਮਿਡਲ ਸਕੂਲ਼ਾਂ ਦੀਆਂ ਅਸਾਮੀਆਂ ਨੂੰ ਈ-ਪੋਰਟਲ ਉੱਪਰ ਅਲੱਗ ਤੋਂ ਦਿਖਾਉਣ, ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਨੌਕਰੀ ਕਰਦੇ ਅਧਿਆਪਕਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਤਵੱਜੋਂ ਦੇ ਕੇ ਬਦਲੀ ਦਾ ਮੌਕਾ ਦੇਣ, ਮਿਡਲ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਸਟੇਸ਼ਨ ਚੋਣ ਦੇਣ ਵਾਲਾ ਪੱਤਰ ਮੁੜ ਤੋਂ ਲਾਗੂ ਕਰਨ, 3582 ਅਧਿਆਪਕਾਂ ਨੂੰ ਲਾਰਿਆਂ ਵਿੱਚ ਲਟਕਾ ਕੇ ਬਦਲੀਆਂ ਲਾਗੂ ਨਾ ਕਰਨ ਅਤੇ ਅਧਿਆਪਕ ਸੰਘਰਸ਼ ਵਿੱਚ ਅਧਿਆਪਕਾਂ ਦੀਆਂ ਵਿਕਟੇਮਾਈਜੇਸ਼ਨਾਂ ਰੱਦ ਦੀ ਪੁਰਜ਼ੋਰ ਮੰਗ ਕਰਦਿਆਂ ਐਲਾਨ ਕੀਤਾ ਕਿ ਸਿੱਖਿਆ ਸਕੱਤਰ ਦੇ ਨਾਦਰਸ਼ਾਹੀ ਫੁਰਮਾਨਾਂ, ਸਿੱਖਿਆ ਵਿਰੋਧੀ ਨੀਤੀਆਂ ਨੂੰ ਮਾਤ ਦੇਣ ਖ਼ਿਲਾਫ਼ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ 19 ਅਤੇ 20 ਮਾਰਚ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਸਿੱਖਿਆ ਸਕੱਤਰ ਦੇ ਆਦਮ ਕੱਦ ਬੁੱਤ ਫੂਕੇ ਜਾਣਗੇ।
ਰੋਸ ਧਰਨੇ ਵਿੱਚ ਪਰਵਿੰਦਰ ਸਿੰਘ ਬਠਿੰਡਾ, ਮਨਰਾਜ ਲੁਧਿਆਣਾ, ਗਗਨ ਪਾਹਵਾ ਫਰੀਦਕੋਟ, ਗੁਰਮੀਤ ਝੋਰੜਾਂ ਮੋਗਾ, ਅਮਨਦੀਪ ਮਾਛੀਕੇ, ਭੋਲਾ ਰਾਮ ਤਲਵੰਡੀ, ਵਿਕਰਮਜੀਤ, ਵਿਕਾਸ ਰਾਮਪੁਰਾ, ਰਾਜਵਿੰਦਰ ਜਲਾਲ, ਭੁਪਿੰਦਰ ਸਿੰਘ ਮਾਈਸਰਖਾਨਾ, ਪਰਮਜੀਤ ਸਿੰਘ ਮਾਛੀਵਾੜਾ, ਸਤਵੀਰ ਸਿੰਘ ਮਾਛੀਵਾੜਾ, ਕੁਲਜੀਤ ਸਿੰਘ ਮਾਛੀਵਾੜਾ, ਮਨਦੀਪ ਸਿੰਘ ਤੇ ਅਮਨਦੀਪ ਦੱਧਾਹੂਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…