Share on Facebook Share on Twitter Share on Google+ Share on Pinterest Share on Linkedin ਸਿੱਖਿਆ ਵਿਭਾਗ ਵਿੱਚ ਘਪਲੇਬਾਜ਼ੀ ਤੇ ਬੇਨਿਯਮੀਆਂ ਖ਼ਿਲਾਫ਼ ਅਧਿਆਪਕਾਂ ਵੱਲੋਂ ਲੜੀਵਾਰ ਧਰਨਾ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ: ਸਿੱਖਿਆ ਵਿਭਾਗ ਵੱਲੋਂ ਪੰਜਾਬ ਸਿੱਖਿਆ ਵਿਕਾਸ ਬੋਰਡ ਰਾਹੀਂ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਤਹਿਤ ਖੋਲੇ ਗਏ ਸਕੂਲਾਂ ਵਿੱਚ ਵਿੱਤੀ ਘਪਲੇ ਅਤੇ ਬੇਨਿਯਮੀਆਂ ਦੀ ਪੋਲ ਖੋਲ੍ਹਣ ਲਈ ਅਧਿਆਪਕਾਂ ਵੱਲੋਂ ‘ਬੱਸ ਹੁਣ ਹੋਰ ਨਹੀਂ’ ਦੇ ਬੈਨਰ ਥੱਲੇ ਮੁਲਾਜ਼ਮ ਆਗੂ ਜਸਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਲੜੀਵਾਰ ਧਰਨਾ ਸ਼ੁਰੂ ਕੀਤਾ ਗਿਆ। ਇਸ ਮੌਕੇ ਆਦਰਸ਼ ਸਕੂਲ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਬੂਤਾਂ ਸਹਿਤ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਹੋਏ ਕਥਿਤ ਵਿੱਤੀ ਘਪਲਿਆਂ ਅਤੇ ਹੋਰ ਬੇਨਿਯਮੀਆਂ ਸਬੰਧੀ ਜਾਣਕਾਰੀ ਦਿੰਦੇ ਆ ਰਹੇ ਹਨ ਪ੍ਰੰਤੂ ਸੂਬਾ ਸਰਕਾਰ ਵੱਲੋਂ ਬਣਦੀ ਕਾਰਵਾਈ ਕਰਨ ਦੀ ਥਾਂ ਉਲਟਾ ਅਧਿਆਪਕਾਂ ਨੂੰ ਹੀ ਤੰਗ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਜਿੱਥੇ ਅਧਿਆਪਕਾਂ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਸਰਕਾਰੀ ਸਿੱਖਿਆ ਦੇ ਲੁਟੇਰਿਆਂ ਦੇ ਹੌਸਲੇ ਵਧ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਅਧੀਨ ਕਈ ਅਪਰਾਧਿਕ ਬਿਰਤੀ ਵਾਲੇ ਵਿਅਕਤੀਆਂ ਨੂੰ ਸਕੂਲ ਖੋਲ੍ਹ ਕੇ ਦਿੱਤੇ ਹੋਏ ਹਨ। ਜਿਸ ਕਾਰਨ ਵੱਡੇ ਪੱਧਰ ’ਤੇ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸੂਬੇ ਵਿੱਚ ਕਰੀਬ ਦੋ ਦਰਜਨ ਤੋਂ ਵੱਧ ਅਜਿਹੇ ਸਕੂਲ ਹਨ। ਜਿੱਥੇ ਬੋਗਸ ਅਧਿਆਪਕ ਦਿਖਾ ਕੇ ਸਰਕਾਰ ਤੋਂ ਤਨਖ਼ਾਹਾਂ ਦੇ ਰੂਪ ਵਿੱਚ ਵੱਡੇ ਪੱਧਰ ’ਤੇ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ ਅਤੇ ਬੇਰੁਜ਼ਗਾਰ ਨੌਜਵਾਨਾਂ ਦਾ ਸ਼ਰ੍ਹੇਆਮ ਸ਼ੋਸ਼ਣ ਕੀਤਾ ਜਾ ਰਿਹਾ ਹੈ। ਧਰਨਾਕਾਰੀ ਆਗੂਆਂ ਨੇ ਸਿੱਖਿਆ ਵਿਭਾਗ ਵਿੱਚ ਵਿੱਤੀ ਘਪਲੇਬਾਜ਼ੀ ਅਤੇ ਬੇਨਿਯਮੀਆਂ ਲਈ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਦਿਆਂ ਉਕਤ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਹਰਵੀਰ ਸਿੰਘ ਧਾਲੀਵਾਲ, ਸੁਮਨ ਗਰੋਵਰ, ਨਵੀਨ ਕੁਮਾਰ, ਹਰਿੰਦਰਪਾਲ ਸਿੰਘ ਲਵਲੀ, ਕੁਲਦੀਪ ਸਿੰਘ ਦਾਂਤੇਵਾਲ, ਅਮਨਪ੍ਰੀਤ ਸਿੰਘ ਜੈ ਸਿੰਘ ਵਾਲਾ, ਜੱਗਾ ਸਿੰਘ ਜੈਮਲ ਵਾਲਾ ਆਦਿ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ