ਕੱਚੇ ਅਧਿਆਪਕਾਂ ਦਾ ਧਰਨਾ: ਦੂਜੇ ਦਿਨ ਵੀ ਬੰਦ ਰਹੇ ਸਿੱਖਿਆ ਭਵਨ ਤੇ ਸਕੂਲ ਬੋਰਡ ਦੇ ਗੇਟ

ਬੋਰਡ ਚੇਅਰਮੈਨ ਸਮੇਤ ਸਿੱਖਿਆ ਵਿਭਾਗ ਤੇ ਬੋਰਡ ਦਾ ਕੋਈ ਅਧਿਕਾਰੀ ਤੇ ਮੁਲਾਜ਼ਮ ਅੱਜ ਵੀ ਨਹੀਂ ਜਾ ਸਕੇ ਦਫ਼ਤਰ

ਯੂਨੀਅਨ ਦੇ ਮੋਹਰੀ ਆਗੂਆਂ ਦੀ ਮੁਹਾਲੀ ਪ੍ਰਸ਼ਾਸਨ ਨਾਲ ਮੀਟਿੰਗ ਬੇਸਿੱਟਾ, ਐਸਐਸਪੀ ਖ਼ੁਦ ਮੌਕੇ ’ਤੇ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਚੱਲ ਰਿਹਾ ਲੜੀਵਾਰ ਧਰਨਾ ਵੀਰਵਾਰ ਨੂੰ 51ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਝੂਠੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਅਤੇ ਸਕੂਲ ਬੋਰਡ ਦੇ ਸਾਰੇ ਗੇਟਾਂ ਦੀ ਘੇਰਾਬੰਦੀ ਜਾਰੀ ਹੈ। ਅੱਜ ਦੂਜੇ ਦਿਨ ਵੀ ਸਿੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰ ਨਹੀਂ ਜਾਣ ਦਿੱਤਾ। ਹਾਲਾਂਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਬਹੁਤ ਕੀਤੀ ਅਤੇ ਗੇਟ ਖੋਲ੍ਹਣ ਦੀ ਬੇਨਤੀ ਕੀਤੀ ਪ੍ਰੰਤੂ ਉਹ ਨਹੀਂ ਮੰਨੇ। ਜਿਸ ਕਾਰਨ ਸਿੱਖਿਆ ਵਿਭਾਗ ਅਤੇ ਬੋਰਡ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਨਹੀਂ ਜਾ ਸਕਿਆ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ, ਵਾਈਸ ਚੇਅਰਮੈਨ ਵਰਿੰਦਰ ਭਾਟੀਆ, ਸਕੱਤਰ, ਡੀਪੀਆਈ, ਡੀਜੀਐਸਈ ਵੀ ਦਫ਼ਤਰ ਨਹੀਂ ਜਾ ਸਕੇ। ਇੰਤਜ਼ਾਰ ਕਰਨ ਤੋਂ ਬਾਅਦ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਘਰਾਂ ਨੂੰ ਪਰਤ ਗਏ।
ਇਸ ਦੌਰਾਨ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਪ੍ਰਦਰਸ਼ਨਕਾਰੀਆਂ ਨੂੰ ਗੱਲੀਬਾਤੀਂ ਸ਼ਾਂਤ ਕਰਨ ਦਾ ਯਤਨ ਕੀਤਾ ਲੇਕਿਨ ਕੱਚੇ ਅਧਿਆਪਕ ਨਹੀਂ ਮੰਨੇ। ਇਸ ਮਗਰੋਂ ਐਸਡੀਐਮ ਹਰਬੰਸ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨ ਨਾਲ ਮੋਹਰੀ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿੱਚ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਗੇਟ ਖੋਲ੍ਹਣ ਲਈ ਪ੍ਰੇਰਦਿਆਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪ੍ਰੰਤੂ ਕੱਚੇ ਅਧਿਆਪਕ ਨਹੀਂ ਮੰਨੇ। ਉਨ੍ਹਾਂ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਹੁਣ ਸਿਰਫ਼ ਆਖ਼ਰੀ ਫੈਸਲਾਕੁਨ ਮੀਟਿੰਗ ਤੈਅ ਕਰਵਾਈ ਜਾਵੇ। ਇਸ ਤੋਂ ਘੱਟ ਉਨ੍ਹਾਂ ਨੂੰ ਕੋਈ ਵੀ ਗੱਲ ਮਨਜ਼ੂਰ ਨਹੀਂ ਹੈ।
ਇਸ ਤੋਂ ਬਾਅਦ ਐਸਐਸਪੀ ਸਤਿੰਦਰ ਸਿੰਘ ਖ਼ੁਦ ਮੌਕੇ ’ਤੇ ਪਹੁੰਚੇ ਅਤੇ ਆਗੂਆਂ ਦੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੀਟਿੰਗ ਤੈਅ ਕਰਵਾਈ। ਜਿਸ ਵਿੱਚ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਵੀਰਪਾਲ ਕੌਰ ਸਿਧਾਣਾ ਤੇ ਜਸਵੰਤ ਸਿੰਘ ਪੰਨੂ ਸ਼ਾਮਲ ਹੋਏ। ਇਸ ਮੌਕੇ ਸ੍ਰੀ ਸਿੰਗਲਾ ਨੇ ਕੱਚੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ 8393 ਅਸਾਮੀਆਂ ਦੀ ਭਰਤੀ ਤੋਂ ਬਾਅਦ ਲੋੜ ਅਨੁਸਾਰ ਹੋਰ ਅਸਾਮੀਆਂ ਵਧਾਈਆਂ ਜਾਣਗੀਆਂ ਅਤੇ ਜਿਹੜੇ 23 ਅਗਸਤ 2020 ਤੋਂ ਪਹਿਲਾਂ ਦੇ ਭਰਤੀ ਹੋਏ ਹਨ, ਉਨ੍ਹਾਂ ਨੂੰ ਟੈੱਟ ਪ੍ਰੀਖਿਆ ਦੀ ਸ਼ਰਤ ਤੋਂ ਰਾਹਤ ਦੇਣ ਸਮੇਤ ਪਹਿਲੇ ੲਜੰਡੇ ਵਿੱਚ ਸ਼ਾਮਲ ਸਾਰੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਇਸ ਸਬੰਧੀ ਕੇਸ ਤਿਆਰ ਕਰਕੇ ਪੰਜਾਬ ਕੈਬਨਿਟ ਦੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਕੱਚੇ ਅਧਿਆਪਕ ਉਨ੍ਹਾਂ ’ਤੇ ਭਰੋਸਾ ਰੱਖਣ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਹੈ। ਇਸ ਭਰੋਸੇ ਮਗਰੋਂ ਕੱਚੇ ਅਧਿਆਪਕਾਂ ਨੇ ਸ਼ਾਮ ਨੂੰ ਸਿੱਖਿਆ ਭਵਨ ਅਤੇ ਸਕੂਲ ਬੋਰਡ ਦੇ ਬੰਦ ਕੀਤੇ ਗੇਟ ਖੋਲ੍ਹ ਦਿੱਤੇ ਪ੍ਰੰਤੂ ਉਦੋਂ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਨ ਦਾ ਸਮਾਂ ਹੋ ਗਿਆ ਸੀ। ਇਸ ਤਰ੍ਹਾਂ ਦੋ ਦਿਨ ਦੋਵੇਂ ਦਫ਼ਤਰਾਂ ਵਿੱਚ ਕੋਈ ਕੰਮ ਨਹੀਂ ਹੋਇਆ।

ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਕੋਈ ਲਾਰਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੁਣ ਚੁੱਪ ਕਰਕੇ ਨਹੀਂ ਬੈਠਣਗੇ, ਸਗੋਂ ਆਪਣਾ ਸੰਘਰਸ਼ ਹੋਰ ਜ਼ਿਆਦਾ ਤਿੱਖਾ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਕੱਚੇ ਅਧਿਆਪਕਾਂ ਦੇ ਬਸਰ ਦੀ ਹੁਣ ਹੋਰ ਪ੍ਰੀਖਿਆ ਨਾ ਲਵੇ। ਉਨ੍ਹਾਂ ਇਹ ਵੀ ਐਲਾਨ ਕੀਤਾ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 15 ਅਗਸਤ ਨੂੰ ਸਮਾਗਮਾਂ ਮੌਕੇ ਖਲਲ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਧਰ, ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ’ਤੇ ਡਟੇ ਹੋਏ ਹਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …