nabaz-e-punjab.com

ਪੰਜਾਬ ਦੇ ਮਿਡਲ ਸਕੂਲਾਂ ਵਿੱਚ ਪੰਜਾਬੀ ਪੜਾਉਣਗੇ ਹਿੰਦੀ ਅਧਿਆਪਕ

ਜ਼ਿਲ੍ਹਾ ਸੰਗਰੂਰ ਦੇ 11 ਮਿਡਲ ਸਕੂਲ ਪੰਜਾਬੀ ਅਧਿਆਪਕਾਂ ਤੋਂ ਸੱਖਣੇ

ਦਰਸ਼ਨ ਸਿੰਘ ਖੋਖਰ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਜਨਵਰੀ:
ਪੰਜਾਬ ਦੇ ਮਿਡਲ ਸਕੂਲਾਂ ਵਿੱਚ ਪੰਜਾਬੀ ਵਿਸ਼ਿਆਂ ਨੂੰ ਹਿੰਦੀ ਵਾਲੇ ਅਤੇ ਹਿੰਦੀ ਵਿਸ਼ਿਆਂ ਨੂੰ ਪੰਜਾਬੀ ਵਾਲੇ ਅਧਿਆਪਕ ਪੜ੍ਹਾਇਆ ਕਰਨਗੇ। ਇਹ ਫੈਸਲਾ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੈਸ਼ਨ ਦੇ ਅਖੀਰ ਵਿੱਚ ਚੁੱਪ ਚੁਪੀਤੇ ਲਿਆ ਹੈ। ਜਿਸ ਦੀ ਸ਼ੁਰੂਆਤ ਸੰਗਰੂਰ ਜ਼ਿਲ੍ਹੇ ਤੋਂ ਕਰ ਦਿੱਤੀ ਗਈ ਹੈ। ਜਿੱਥੋਂ ਕਿ ਅਧਿਆਪਕਾਂ ਨੂੰ ਸਰਪਲੱਸ ਕਹਿ ਕੇ ਬਦਲ ਦਿੱਤਾ ਗਿਆ ਹੈ। ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਡਰਾਇੰਗ ਵਾਲੇ ਅਧਿਆਪਕ ਸਰੀਰਕ ਸਿਖਿਆ ਵਿਸ਼ੇ ਨੂੰ ਅਤੇ ਸਰੀਰਕ ਸਿਖਿਆ ਵਾਲੇ ਅਧਿਆਪਕ ਡਰਾਇੰਗ ਵਿਸ਼ੇ ਨੂੰ ਪੜਾਉਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਰਾਹੀਂ ਇੱਕ ਪੱਤਰ ਜਾਰੀ ਕੀਤਾ ਸੀ। ਜਿਸ ਵਿੱਚ ਮਿਡਲ ਸਕੂਲਾਂ ਦੇ ਮੁਖੀਆਂ ਨੂੰ ਸਰਪਲੱਸ ਅਧਿਆਪਕਾਂ ਨੂੰ ਲੋੜਵੰਦ ਸਕੂਲਾਂ ਵਿੱਚ ਸ਼ਿਫ਼ਟ ਕਰਨ ਲਈ ਕਿਹਾ ਗਿਆ ਹੈ। ਜਿਹਨਾਂ ਸਕੂਲਾਂ ਵਿੱਚ ਅਧਿਆਪਕ ਕੱਢਣ ਦੇ ਹੁਕਮ ਜਾਰੀ ਹੋਏ ਹਨ ਉਹਨਾਂ ਸਕੂਲਾਂ ਵਿੱਚ ਕਿਤੇ ਵੀ 6 ਲੋੜੀਂਦੇ ਅਧਿਆਪਕਾਂ ਤੋਂ ਵੱਧ ਅਧਿਆਪਕ ਨਹੀਂ। ਇਹ 6 ਅਧਿਆਪਕ ਸਾਇੰਸ, ਸ਼ੋਸ਼ਲ ਸਟੱਡੀਜ, ਪੰਜਾਬੀ, ਹਿੰਦੀ, ਡਰਾਇੰਗ ਅਤੇ ਪੀ.ਟੀ.ਆਈ ਵਿਸ਼ਾ ਪੜਾਉਣ ਵਾਲੇ ਹਨ। ਅਗਰ ਇਸੇ ਵਿੱਚੋਂ ਇੱਕ ਵਿਸ਼ੇ ਦੇ ਅਧਿਆਪਕ ਨੂੰ ਦੂਜੇ ਸਕੂਲ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਤਾਂ ਪਹਿਲੇ ਸਕੂਲ ਵਿੱਚ ਉਹ ਵਿਸ਼ਾ ਪੜਾਉਣ ਵਾਲਾ ਕੋਈ ਵੀ ਅਧਿਆਪਕ ਨਹੀਂ ਬਚੇਗਾ। ਸੰਗਰੂਰ ਜ਼ਿਲ੍ਹੇ ਵਿੱਚ 58 ਅਜਿਹੇ ਅਧਿਆਪਕਾਂ ਨੂੰ ਸਰਕਾਰੀ ਮਿਡਲ ਸਕੁਲ ਵਿੱਚੋਂ ਬਾਹਰ ਬਦਲ ਦਿੱਤਾ ਹੈ। ਜਿਸ ਵਿੱਚ ਪੰਜਾਬੀ ਦੇ 11, ਹਿੰਦੀ ਦੇ 10, ਡਰਾਇੰਗ ਦੇ 17, ਪੀ.ਟੀ.ਆਈ ਦੇ 14 ਅਤੇ ਸ਼ੋਸ਼ਲ ਸਟੱਡੀਜ ਦੇ 4 ਅਧਿਆਪਕ ਸ਼ਾਮਲ ਹਨ। ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ 11 ਸਰਕਾਰੀ ਮਿਡਲ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪੜਾਉਣ ਵਾਲਾ ਕੋਈ ਵੀ ਅਧਿਆਪਕ ਨਹੀਂ ਬਚੇਗਾ। ਹਾਲ ਦੀ ਘੜੀ ਅਧਿਆਪਕਾਂ ਵਿੱਚ ਰੋਸ ਬਣ ਗਿਆ ਹੈ ਅਤੇ ਉਨ੍ਹਾਂ ਧਰਨੇ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਮਾਂ ਬੋਲੀ ਪੰਜਾਬੀ ਨਾਲ ਧਰੋਹ ਕਮਾਉਣ ਵਾਲੀ ਕਾਰਵਾਈ ਹੈ। ਇਹ ਕਦਮ ਰਾਜ ਭਾਸ਼ਾ ਐਕਟ ਦੀ ਵੀ ਉਲੰਘਣਾ ਹੈ। ਇਸ ਦੇ ਲਾਗੂ ਹੋ ਜਾਣ ਨਾ ਸੈਂਕੜੇ ਮਿਡਲ ਸਕੂਲਾਂ ਵਿਚ ਸਾਫ਼ ਸੁਥਰੀ ਪੰਜਾਬੀ ਦੀ ਪੜ੍ਹਾਈ ਦੀ ਬਜਾਇ ਹਿੰਦੀ ਦੀ ਪਾਨ ਚੜੀ ਪੰਜਾਬੀ ਸਿਖਾਈ ਜਾਵੇਗੀ ਅਤੇ ਵਿਦਿਆਰਥੀ ਮਾਹਰ ਵਿਸ਼ਾ ਅਧਿਆਪਕਾਂ ਤੋਂ ਵੀ ਸੱਖਣੇ ਰਹਿਣਗੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਸਰਕਾਰੀ ਮਿਡਲ ਸਕੂਲਾਂ ਵਿੱਚੋਂ ਚੋਰੀ ਛਿਪੇ ਦੋ-ਦੋ ਅਧਿਆਪਕਾਂ ਨੂੰ ਜਬਰੀ ਕੱਢ ਕੇ ਦੂਜੇ ਸਕੂਲਾਂ ਵਿੱਚ ਭੇਜਣ ਦੀ ਕਾਰਵਾਈ ਦੀ ਸਖ਼ਤ ਲਫਜਾਂ ਵਿੱਚ ਨਿਖੇਧੀ ਕੀਤੀ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਕਰਕੇ ਸੂਬਾ ਸਰਕਾਰ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਅਗਰ ਸਰਕਾਰੀ ਮਿਡਲ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਅਤੇ ਹਿੰਦੀ ਵਰਗੇ ਭਾਸ਼ਾਈ ਵਿਸ਼ਿਆਂ ਨੂੰ ਪੜਾਉਣ ਵਾਲੇ ਅਧਿਆਪਕ ਹੀ ਨਹੀਂ ਰਹਿਣਗੇ ਤਾਂ ਵਿਦਿਆਰਥੀਆਂ ਦਾ ਭਵਿੱਖ ਸੁਰੱ੍ਯਖਿਅਤ ਕਿਵੇਂ ਰਹਿ ਸਕਦਾ ਹੈ। ਡਾ. ਚੀਮਾ ਨੇ ਕਿਹਾ ਸਿੱਖਿਆ ਵਿਭਾਗ ਨੂੰ ਬੇਲੋੜੇ ਤਜਰਬਿਆਂ ਤੋਂ ਗੁਰੇਜ਼ ਕਰਕੇ ਵਿਦਿਆਰਥੀਆਂ ਦੇ ਜੀਵਨ ਨਾਲ ਹੋਰ ਖਿਲਵਾੜ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਅਧਿਆਪਕਾਂ ਦੀ ਭਰਤੀ ਬਿਨਾਂ ਹੋਰ ਦੇਰੀ ਦੇ ਸ਼ੁਰੁ ਹੋਣੀ ਚਾਹੀਦੀ ਹੈ ਅਤੇ ਅੰਗਰੇਜ਼ੀ ਮਾਧਿਅਮ ਦੀ ਦੁਹਾਈ ਦੇਣ ਵਾਲੀ ਪੰਜਾਬ ਸਰਕਾਰ ਨੂੰ ਪਹਿਲਾਂ ਮਾਂ ਬੋਲੀ ਪੰਜਾਬੀ ਅਤੇ ਹਿੰਦੀ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕ ਪਹਿਲ ਦੇ ਆਧਾਰ ’ਤੇ ਦੇਣੇ ਚਾਹੀਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…