
ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਦੀ ਥਾਂ ਸਰਕਾਰ ਖ਼ੁਦ ਠੋਸ ਕਦਮ ਚੁੱਕੇ: ਪ੍ਰਿੰਸ ਧਾਲੀਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਦੇ ਸੀਨੀਅਰ ਆਗੂ ਪ੍ਰਿੰਸ ਧਾਲੀਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਜਿਵੇਂ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਅਜਿਹੇ ਸਮੇਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਹਰ ਪੱਖੋਂ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ ਪ੍ਰੰਤੂ ਇਸ ਦੇ ਉਲਟ ਸਰਕਾਰਾਂ ਵੱਲੋਂ ਮਹਾਮਾਰੀ ਤੋਂ ਬਚਾਉਣ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।
ਸ੍ਰੀ ਪ੍ਰਿੰਸ ਧਾਲੀਵਾਲ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਤੇ ਕੋਚਿੰਗ ਸੈਂਟਰ ਬੰਦ ਰੱਖਣ ਦੇ ਹੁਕਮ ਚਾੜੇ ਗਏ ਹਨ ਜਦੋਂਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਰੋਜ਼ਾਨਾ ਸ਼ਰਾਬ ਦੇ ਠੇਕਿਆਂ ’ਤੇ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਅਤੇ ਜ਼ਿਆਦਾਤਰ ਵਿਅਕਤੀਆਂ ਨੇ ਆਪਣੇ ਮੂੰਹ ’ਤੇ ਮਾਸਕ ਵੀ ਨਹੀਂ ਲਗਾਇਆ ਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮੁੱਚੇ ਜ਼ਿਲ੍ਹੇ ਅੰਦਰ ਸਰਕਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕੋਈ ਠੋਸ ਯਤਨ ਕਰਦੀ ਨਜ਼ਰ ਨਹੀਂ ਆ ਰਹੀ ਹੈ, ਸਗੋਂ ਕਰੋਨਾ ਦੀ ਆੜ ਵਿੱਚ ਪੁਲੀਸ ਰਾਹਗੀਰਾਂ ਨਾਲ ਵਧੀਕੀਆਂ ਕਰਨ ਅਤੇ ਚਲਾਨ ਕੱਟਣ ’ਤੇ ਲੱਗੀ ਹੋਈ ਹੈ ਪ੍ਰੰਤੂ ਸ਼ਰਾਬ ਦੇ ਠੇਕਿਆਂ ’ਤੇ ਜਮ੍ਹਾ ਹੁੰਦੀ ਭੀੜ ਅਤੇ ਕਾਂਗਰਸੀ ਆਗੂਆਂ ਵੱਲੋਂ ਵਿਕਾਸ ਦੇ ਨਾਂ ’ਤੇ ਕੀਤੇ ਜਾ ਰਹੇ ਇਕੱਠ ਪੁਲੀਸ ਨੂੰ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੁੱਚੇ ਜ਼ਿਲ੍ਹੇ ਅੰਦਰ ਮਾਰਕੀਟਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਸੈਨੇਟਾਈਜ ਕੀਤਾ ਜਾਵੇ ਅਤੇ ਲੋੜਵੰਦ ਲੋਕਾਂ ਨੂੰ ਵਧੀਆ ਕੁਆਲਿਟੀ ਦੇ ਮਾਸਕ, ਦਸਤਾਨੇ, ਸੈਨੇਟਾਈਜਰ ਵੰਡੇ ਜਾਣ।