
ਮਿਸ਼ਨ ਸਲਾਮਤੀ: ਬ੍ਰਿਟਿਸ਼ ਸਕੂਲ ਦੇ ਬੱਚਿਆਂ ਨੂੰ ਪੜ੍ਹਾਇਆ ਟਰੈਫ਼ਿਕ ਨਿਯਮਾਂ ਦਾ ਪਾਠ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਸਮਾਜਿਕ ਕੁਰੀਤੀਆਂ ਅਤੇ ਟਰੈਫ਼ਿਕ ਜਾਗਰੂਕਤਾ ਲਈ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਸੰਭਵ ਵੱਲੋਂ ਮਿਸ਼ਨ ਸਲਾਮਤੀ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੁਲੀਸ ਦੇ ਟਰੈਫ਼ਿਕ ਐਜੂਕੇਸ਼ਨਲ ਸੈਲ ਦੇ ਸਹਿਯੋਗ ਨਾਲ ਇੱਥੋਂ ਦੇ ਬ੍ਰਿਟਿਸ਼ ਸਕੂਲ ਵਿੱਚ ਟਰੈਫ਼ਿਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮਿਸ਼ਨ ਸਲਾਮਤੀ ਦੀ ਪ੍ਰਾਜੈਕਟ ਕੋਆਰਡੀਨੇਟਰ ਅਮੋਲ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟਰੈਫ਼ਿਕ ਨਿਯਮਾਂ ਦਾ ਪਾਠ ਪੜ੍ਹਾਉਂਦਿਆਂ ਭਵਿੱਖ ਵਿੱਚ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੜਕ ਹਾਦਸੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਦੇ ਹਨ। ਜਿਸ ਦਾ ਖ਼ਮਿਆਜ਼ਾ ਪੂਰੇ ਪਰਿਵਾਰ ਨੂੰ ਭੁਗਤਨਾ ਪੈਂਦਾ ਹੈ। ਉਨ੍ਹਾਂ ਸੜਕ ਦੁਰਘਟਨਾਵਾਂ ਦੇ ਕਈ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਤੇਜ਼ ਰਫ਼ਤਾਰੀ ਸਮਾਜ ਲਈ ਗੰਭੀਰ ਚਿੰਤਾ ਵਿਸ਼ਾ ਹੈ। ਉਨ੍ਹਾਂ ਕਿਹ ਕਿ ਚੰਡੀਗੜ੍ਹ ਦੀ ਤਰਜ਼ ’ਤੇ ਸਮੁੱਚੇ ਪੰਜਾਬ ਅੰਦਰ ਵਾਹਨਾਂ ਦੀ ਸਪੀਡ ਤੈਅ ਕਰਨ ਲਈ ਕਾਨੂੰਨ ਬਣਨਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਪੁਲੀਸ ਦੇ ਟਰੈਫ਼ਿਕ ਐਜੂਕੇਸ਼ਨਲ ਸੈਲ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੇ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ।