ਸਿਹਤ ਵਿਭਾਗ ਦੀ ਟੀਮ ਵੱਲੋਂ ਨਵਾਂ ਗਰਾਓਂ ਵਿੱਚ ਮਿਠਾਈ ਤੇ ਕਰਿਆਨਾ ਦੁਕਾਨਾਂ ਦੀ ਚੈਕਿੰਗ

ਨਯਾਗਾਉਂ ਵਿਖੇ ਕੁੱਝ ਦੁਕਾਨਾਂ ’ਤੇ ਬੇਮਿਆਰੀ ਚੀਜ਼ਾਂ ਨਸ਼ਟ ਕਰਵਾਈਆਂ

ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ’ਤੇ ਰਜਿਸਟਰੇਸ਼ਨ ਕਰਾਉਣ ਦੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਸਿਹਤ ਵਿਭਾਗ ਮੁਹਾਲੀ ਦੀ ਫੂਡ ਸੇਫ਼ਟੀ ਟੀਮ ਨੇ ਨਵਾਂ ਗਰਾਓਂ ਵਿਖੇ ਮਠਿਆਈ ਅਤੇ ਕਰਿਆਨੇ ਦੀਆਂ ਦੁਕਾਨਾਂ ’ਤੇ ਜਾ ਕੇ ਚੈਕਿੰਗ ਕੀਤੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਵੱਖ-ਵੱਖ ਦੁਕਾਨਾਂ ’ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਮਿਆਰ ਨੂੰ ਪ੍ਰਖਿਆ ਅਤੇ ਕੁੱਝ ਦੁਕਾਨਾਂ ਵਿਚ ਪਈਆਂ ਬੇਮਿਆਰੀ ਤੇ ਮਿਆਦ-ਪੁੱਗੀਆਂ ਚੀਜ਼ਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ। ਡਾ. ਸ਼ਰਮਾ ਨੇ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤੀ ਗਈ ਚੈਕਿੰਗ ਦਾ ਮੰਤਵ ਲੋਕਾਂ ਲਈ ਮਿਆਰੀ ਤੇ ਮਿਲਾਵਟ-ਰਹਿਤ ਚੀਜ਼ਾਂ ਦੀ ਉਪਲਭਧਤਾ ਯਕੀਨੀ ਬਣਾਉਣਾ ਹੈ। ਟੀਮ ਨੇ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲ ਰਜਿਸਟਰੇਸ਼ਨ ਕਰਾਉਣ ਅਤੇ ਲਾਇਸੈਂਸ ਲੈਣ ਦੀ ਹਦਾਇਤ ਦਿੱਤੀ। ਇਸ ਤੋਂ ਇਲਾਵਾ ਦੁਕਾਨਾਂ ਅਤੇ ਜਾਂ ਹੋਰ ਥਾਵਾਂ ਜਿੱਥੇ ਮਠਿਆਈਆਂ ਬਣਾਈਆਂ ਜਾਂਦੀਆਂ ਹਨ, ਉੱਥੇ ਸਾਫ਼-ਸਫ਼ਾਈ ਰੱਖਣ ਦੀਆਂ ਹਦਾਇਤਾਂ ਦਿੱਤੀਆਂ।
ਡਾ. ਸ਼ਰਮਾ ਨੇ ਦੁਕਾਨਦਾਰਾਂ ਨੂੰ ‘ਕਰੋਨਾਵਾਇਰਸ’ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਉਸ ਗਾਹਕ ਨੂੰ ਸਮਾਨ ਨਾ ਵੇਚਿਆ ਜਾਵੇ ਜਿਸ ਨੇ ਮੂੰਹ ਨਾ ਢਕਿਆ ਹੋਵੇ। ਦੁਕਾਨਾਂ ਦੇ ਦਰਵਾਜ਼ੇ ’ਤੇ ਹੀ ਸੈਨੇਟਾਈਜ਼ਰ ਰੱਖਣ ਲਈ ਵੀ ਆਖਿਆ ਗਿਆ।
ਡਾ. ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਲਈ ਸ਼ੁੱਧ ਅਤੇ ਮਿਆਰੀ ਚੀਜ਼ਾਂ ਯਕੀਨੀ ਬਣਾਉਣ ਲਈ ਲਗਾਤਾਰ ਜਾਂਚ ਕਰਦਾ ਰਹਿੰਦਾ ਹੈ ਤਾਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਚੈਕਿੰਗ ਦਾ ਮਤਲਬ ਕਿਸੇ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਅਤੇ ਚੰਗੀ ਤਰ੍ਹਾਂ ਤਸੱਲੀ ਕਰ ਕੇ ਹੀ ਖ਼ਰੀਦਦਾਰੀ ਕਰਨ। ਟੀਮ ਵਿਚ ਫ਼ੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ ਵੀ ਸ਼ਾਮਲ ਸਨ।

Load More Related Articles

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …