nabaz-e-punjab.com

ਸਿਹਤ ਵਿਭਾਗ ਦੀ ਟੀਮ ਵੱਲੋਂ ਕੁੰਭੜਾ ਵਿੱਚ ਦੁਕਾਨਾਂ ਦੀ ਜਾਂਚ, ਮਿਆਦ-ਪੁੱਗੀਆਂ ਚੀਜ਼ਾਂ ਨਸ਼ਟ ਕੀਤੀਆਂ

ਮਿਆਦ-ਪੁੱਗੀਆਂ ਤੇ ਬੇਮਿਆਰੀ ਚੀਜ਼ਾਂ ਦੀ ਵਿਕਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਡਾ. ਸੁਭਾਸ਼ ਕੁਮਾਰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਐਤਵਾਰ ਨੂੰ ਪਿੰਡ ਕੁੰਭੜਾ ਵਿਖੇ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ। ਦੱਸਿਆ ਕਿ ਟੀਮ ਨੇ ਜਿੱਥੇ ਚੀਜ਼ਾਂ ਦੀ ਮਿਆਦ ਜਾਂਚੀ, ਉੱਥੇ ਮਿਆਦੀ ਪੁੱਗੀਆਂ ਚੀਜ਼ਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਮਿਆਰ ਵੀ ਜਾਂਚਿਆ ਗਿਆ ਅਤੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਮਿਆਦ ਪੁੱਗੀਆਂ ਅਤੇ ਬੇਮਿਆਰੀ ਚੀਜ਼ਾਂ ਦੀ ਵਿਕਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦੇ ਵਿਕਰੀ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।
ਟੀਮ ਨੇ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂ ਕਰਾਇਆ। ਦੁਕਾਨਦਾਰਾਂ ਨੂੰ ਕਰੋਨਾਵਾਇਰਸ ਮਹਾਂਮਾਰੀ ਕਾਰਨ ਦੁਕਾਨਾਂ ਵਿਚ ਭੀੜ ਨਾ ਕਰਨ ਅਤੇ ਗਾਹਕਾਂ ਨੂੰ ਵਾਰੋ-ਵਾਰ ਸਮਾਨ ਵੇਚਣ ਦੀ ਹਦਾਇਤ ਕੀਤੀ। ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮੂੰਹ ਢੱਕ ਕੇ ਰੱਖਣ ਲਈ ਆਖਦਿਆਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਾਸਕ, ਕਪੜੇ, ਰੁਮਾਲ, ਚੁੰਨੀ ਨਾਲ ਮੂੰਹ ਢੱਕ ਕੇ ਰੱਖਣਾ ਲਾਜ਼ਮੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੋਲੋਂ ਜੁਰਮਾਨਾ ਵਸੂਲਿਆ ਜਾਵੇਗਾ।
ਦੁਕਾਨਦਾਰਾਂ ਨੂੰ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣ ਦੀ ਹਦਾਇਤ ਦਿੱਤੀ ਗਈ। ਡਾ. ਸੁਭਾਸ਼ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਮੋਬਾਈਲ ਫੂਡ ਸੇਫ਼ਟੀ ਵੈਨ ਵੀ ਘੁੰਮ ਰਹੀ ਹੈ ਜਿਸ ਜ਼ਰੀਏ ਚੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋਕ ਦੁੱਧ, ਘੀ ਜਾਂ ਹੋਰ ਚੀਜ਼ਾਂ ਦੇ ਮਿਆਰ ਦੀ ਪਰਖ ਵਿੱਚ ਇਸ ਵੈਨ ਵਿਚ ਕਰਵਾ ਸਕਦੇ ਹਨ। ਡੀਐਚਓ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਵੀ ਆਖਿਆ ਗਿਆ। ਉਨ੍ਹਾਂ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਵੀ ਕੀਤੀ। ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…