ਪਿੰਡ ਰੁੜਕਾ ਵਿੱਚ ਹੋਏ ਝਗੜੇ ਸਬੰਧੀ ਪੜਤਾਲ ਲਈ ਬੋਹੜੀ ਐਸਸੀ ਕਮਿਸ਼ਨ ਦੀ ਟੀਮ

ਸਰਕਾਰੀ ਹਸਪਤਾਲ ਫੇਜ਼-6 ਵਿੱਚ ਜੇਰੇ ਇਲਾਜ ਪੀੜਤ ਪਰਿਵਾਰ ਦੀ ਖ਼ਬਰਸਾਰ ਪੁੱਛੀ

ਐਸਸੀ ਕਮਿਸ਼ਨ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ 3 ਮੈਂਬਰੀ ਕਮੇਟੀ ਦਾ ਗਠਨ, 4 ਦਿਨ ’ਚ ਰਿਪੋਰਟ ਮੰਗੀ

ਐਸ.ਏ.ਐਸ. ਨਗਰ (ਮੁਹਾਲੀ), 19 ਅਪਰੈਲ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਨੇ ਪਿੰਡ ਰੁੜਕਾ ਵਿੱਚ ਹੋਏ ਝਗੜੇ ਸਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਲਈ ਮੁਹਾਲੀ ਦਾ ਦੌਰਾ ਕੀਤਾ। ਟੀਮ ਨੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਪੀੜਤ ਪਰਿਵਾਰ ਦੀ ਖ਼ਬਰਸਾਰ ਲਈ ਅਤੇ ਘਟਨਾਕ੍ਰਮ ਬਾਰੇ ਪੁੱਛ ਪੜਤਾਲ ਕੀਤੀ। ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਪਿਛਲੇ ਦਿਨੀਂ ਕਮਿਸ਼ਨ ਦਫ਼ਤਰ ਵਿੱਚ ਪਿੰਡ ਰੁੜਕਾ ਤੋਂ ਝਗੜੇ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆ ਉਨ੍ਹਾਂ ਨੇ ਅੱਜ ਝਗੜੇ ਸਬੰਧੀ ਪੜਤਾਲ ਲਈ ਇੱਥੇ ਪਹੁੰਚ ਕੀਤੀ ਗਈ ਹੈ।
ਰਾਜ ਕੁਮਾਰ ਹੰਸ ਨੇ ਦੱਸਿਆ ਕਿ ਕਮਿਸ਼ਨ ਨੂੰ ਐਸਸੀ ਭਾਈਚਾਰੇ ਨਾਲ ਸਬੰਧਤ ਪਰਿਵਾਰ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਜਰਨਲ ਵਰਗ ਨਾਲ ਸਬੰਧਤ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ। ਜਾਤੀਸੂਚਕ ਸ਼ਬਦ ਬੋਲੇ ਗਏ ਅਤੇ ਜਾਨ ਤੋਂ ਮਾਰਨ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਅਮਲ ਕਰਦਿਆ ਕਮਿਸ਼ਨ ਵੱਲੋਂ ਅੱਜ ਇੱਥੇ ਪਹੁੰਚ ਕੇ ਘਟਨਾਕ੍ਰਮ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਗਰੀਬ ਵਰਗ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਅਤੇ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਦਿਵਾਉਣ ਲਈ ਐਸਸੀ ਕਮਿਸ਼ਨ ਵਚਨਬੱਧ ਹੈ।
ਕਮਿਸ਼ਨ ਦੇ ਮੈਂਬਰਾਂ ਨੇ ਜ਼ਿਲ੍ਹਾ ਪੁਲੀਸ ਨੂੰ ਹੁਕਮ ਦਿੱਤੇ ਕਿ ਉਕਤ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐਸਸੀ ਐਕਟ ਦੀਆਂ ਧਾਰਾਵਾਂ ਲਗਾਈਆਂ ਜਾਣ ਅਤੇ ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਮਲੇ ਦੀ ਰਿਪੋਰਟ ਸ਼ੁੱਕਰਵਾਰ ਨੂੰ ਨਿੱਜੀ ਤੌਰ ’ਤੇ ਕਮਿਸ਼ਨ ਦਫ਼ਤਰ ਵਿੱਚ ਹਾਜ਼ਰ ਹੋ ਕੇ ਭੇਜੀ ਜਾਵੇ।

ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਵੱਲੋਂ ਪੇਸ਼ ਕੀਤੀ ਗਈ ਐਮਐਲਆਰ ਰਿਪੋਰਟ ਦੀ ਜਾਂਚ ਕਰਨ ਲਈ ਤਿੰਨ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੇ ਮੈਂਬਰ ਇਸ ਰਿਪੋਰਟ ਦੀ ਜਾਂਚ ਕਰਨਗੇ ਅਤੇ ਜੇਕਰ ਰਿਪੋਰਟ ਗਲਤ ਪਾਈ ਜਾਂਦੀ ਹੈ ਤਾਂ ਸਬੰਧਤ ਡਾਕਟਰਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ, ਡੀਐਸਪੀ ਮਨਜੀਤ ਸਿੰਘ ਬਾਜਵਾ, ਐਸਐਮਓ ਡਾ. ਵਿਜੈ ਭਗਤ, ਜ਼ਿਲ੍ਹਾ ਭਲਾਈ ਅਫ਼ਸਰ ਰਵਿੰਦਰਪਾਲ ਸਿੰਘ ਸੰਧੂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …