ਤਕਨੀਕੀ ਸਿੱਖਿਆ ਮੰਤਰੀ ਵੱਲੋਂ ਰਿਸ਼ਵਤਖੋਰੀ ਤੇ ਘਪਲੇਬਾਜ਼ੀ ਦੇ ਦੋਸ਼ ਹੇਠ ਤਕਨੀਕੀ ਸਿੱਖਿਆ ਬੋਰਡ ਦਾ ਰਜਿਸਟਰਾਰ ਮੁਅੱਤਲ, ਸਕੱਤਰ ਫ਼ਾਰਗ

ਰਜਿਸਟਰਾਰ ਨਵਨੀਤ ਵਾਲੀਆ ਅਤੇ ਸਕੱਤਰ ਪੁਨੀਤ ਗੋਇਲ ਨੂੰ ਚਾਰਜਸ਼ੀਟ ਕਰਨ ਦੇ ਹੁਕਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਮਈ:
ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਰਜਿਸਟਰਾਰ ਨਵਨੀਤ ਵਾਲੀਆ ਨੂੰ ਰਿਸ਼ਵਤਖੋਰੀ ਅਤੇ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਮੁਅੱਤਲ ਅਤੇ ਬੋਰਡ ਦੇ ਸਕੱਤਰ ਪੀ.ਸੀ.ਐਸ. ਅਧਿਕਾਰੀ ਪੁਨੀਤ ਗੋਇਲ ਨੂੰ ਤੁਰੰਤ ਪ੍ਰਭਾਵ ਨਾਲ ਫ਼ਾਰਗ ਕਰਕੇ ਪ੍ਰਸੋਨਲ ਵਿਭਾਗ ਕੋਲ ਰਿਪੋਰਟ ਕਰਨ ਲਈ ਆਦੇਸ਼ ਜਾਰੀ ਕੀਤੇ ਹਨ। ਸ੍ਰੀ ਚੰਨੀ ਨੇ ਅੱਜ ਇੱਥੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਖਿਲਾਫ ਰੀਵੈਲਿਊਏਸ਼ਨ ਅਤੇ ਪ੍ਰੀਖਿਆ ਕੇਂਦਰ ਅਲਾਟ ਕਰਨ ਵਿੱਚ ਰਿਸ਼ਵਤ ਲੈ ਕੇ ਘਪਲੇ ਕਰਨ ਦੇ ਗੰਭੀਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਮੰਤਰੀ ਨੇ ਦੱਸਿਆ ਕਿ ਰੀਵੈਲਿਊਏਸ਼ਨ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਬੱਚਿਆਂ ਦੇ ਇਮਤਿਹਾਨਾਂ ਵਿਚ ਜ਼ੀਰੋ ਨੰਬਰ ਆਉਣ ਜਾਂ ਬਹੁਤ ਘੱਟ ਨੰਬਰ ਆਉਣ ਦੇ ਬਾਵਜੂਦ ਉਨ੍ਹਾਂ ਤੋਂ ਰੀਵੈਲਿਊਏਸ਼ਨ ਭਰਵਾ ਕੇ ਰਿਸ਼ਵਤ ਲੈ ਕੇ ਬੱਚਿਆਂ ਨੂੰ ਪਾਸ ਕਰਵਾ ਦਿੱਤਾ ਜਾਂਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਵਲੋਂ ਵੱਖ-ਵੱਖ ਕਾਲਜਾਂ ਨੂੰ ਪ੍ਰੀਖਿਆ ਕੇਂਦਰ ਅਲਾਟ ਕਰਨ ਵਿਚ ਵੀ ਪੈਸੇ ਲੈ ਕੇ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਂਦੇ ਸਨ। ਇਨ੍ਹਾਂ ਵਲੋਂ ਪੈਸੇ ਲੈ ਕੇ ਅਜਿਹੇ ਕਾਲਜਾਂ ਨੂੰ ਵੀ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਂਦੇ ਰਹੇ ਹਨ, ਜੋ ਨਿਰਧਾਰਤ ਸ਼ਰਤਾਂ ਤੱਕ ਪੂਰੀਆਂ ਨਹੀਂ ਕਰਦੇ ਸਨ।
ਸ੍ਰੀ ਚੰਨੀ ਨੇ ਵਿਭਾਗ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਨਵਨੀਤ ਵਾਲੀਆ ਅਤੇ ਪੀ.ਸੀ.ਐਸ. ਅਧਿਕਾਰੀ ਪੁਨੀਤ ਗੋਇਲ ਖਿਲਾਫ ਵਿਸਥਾਰਤ ਚਾਰਜਸ਼ੀਟ ਤਿਅਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਖਿਲਾਫ ਐਫ.ਆਈ.ਆਰ. ਦਰਜ ਕਰਵਾਉਣ ਤੋਂ ਇਲਾਵਾ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਵੀ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਸ. ਚੰਨੀ ਨੇ ਵਿਭਾਗ ਵਿਚ ਕਿਸੇ ਵੀ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ਅਤੇ ਘਪਲੇਬਾਜ਼ੀ ਨਾਲ ਜੁੜੇ ਹਰ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨਾਲ ਹੀ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਅਧਿਕਾਰੀ ਭਾਵੇਂ ਛੋਟਾ ਹੋਵੇ ਜਾ ਵੱਡਾ ਹੋਵੇ, ਜੇਕਰ ਰਿਸ਼ਵਤਖੋਰੀ ਜਾਂ ਘਪਲੇਬਾਜ਼ੀ ਕਰਦਾ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸ੍ਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਵਾਉਣ ਲਈ ਸਰਕਾਰੀ ਤਕਨੀਕੀ ਕਾਲਜਾਂ ਵਿਚ ਮੁਢਲੇ ਢਾਂਚੇ ਨੂੰ ਮਜ਼ਬੂਤ ਕੀਤੇ ਜਾਣ ਲਈ ਜਲਦ ਠੋਸ ਯਤਨ ਕੀਤੇ ਜਾਣਗੇ ਅਤੇ ਇਸ ਕਾਰਜ ਲਈ ਕਾਰਵਾਈ ਅਰੰਭ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਨੂੰ ਰੀਵੈਲਿਊਏਸ਼ਨ ਸਬੰਧੀ ਨਵੀਂ ਨੀਤੀ ਬਣਾਉਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਅਨੁਸਾਰ ਜੇਕਰ ਰੀਵੈਲਿਊਏਸ਼ਨ ਵਿੱਚ 10 ਨੰਬਰਾਂ ਤੋਂ ਵੱਧ ਦਾ ਫ਼ਰਕ ਪਾਇਆ ਗਿਆ ਤਾਂ ਸਬੰਧਤ ਅਧਿਆਪਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…