ਤਕਨੀਕੀ ਸਿੱਖਿਆ ਮੰਤਰੀ ਵੱਲੋਂ ਮੁਹਾਲੀ ਦੀ ਆਈਟੀਆਈ ਦਾ ਇੰਸਟਰੱਕਟਰ ਮੁਅੱਤਲ

ਪੀਟੀਯੂ ਕੈਂਪਸ ਦੇ ਗ਼ੈਰਹਾਜ਼ਰ ਸਟਾਫ਼ ਖ਼ਿਲਾਫ਼ ਕਾਰਵਾਈ ਦੇ ਹੁਕਮ, ਚੰਨੀ ਵੱਲੋਂ ਆਈਟੀਆਈ ਤੇ ਪੀਟੀਯੂ ਕੈਂਪਸ ਦੀ ਅਚਨਚੇਤ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇੱਥੋਂ ਦੀ ਸਰਕਾਰੀ ਆਈ.ਟੀ.ਆਈ (ਲੜਕੀਆਂ) ਅਤੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕੈਂਪਸ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਆਈ.ਟੀ.ਆਈ. ਦੇ ਗ਼ੈਰਹਾਜ਼ਰ ਇੰਸਟਰੱਕਟਰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੰਦਿਆਂ ਅਧਿਕਾਰੀਆਂ ਨੂੰ ਪੀ.ਟੀ.ਯੂ. ਕੈਂਪਸ ਦੇ ਗ਼ੈਰਹਾਜ਼ਰ ਸਟਾਫ਼ ਖ਼ਿਲਾਫ਼ ਵੀ ਕਾਰਵਾਈ ਕਰਨ ਲਈ ਕਿਹਾ। ਫੇਜ਼ 5 ਸਥਿਤ ਸਰਕਾਰੀ ਆਈ.ਟੀ.ਆਈ., ਮੋਹਾਲੀ ਦੀ ਚੈਕਿੰਗ ਦੌਰਾਨ ਇੰਸਟਰੱਕਟਰ ਸ਼ਮਸ਼ੇਰ ਸਿੰਘ ਪੁਰਖਾਲਵੀ ਦੀ ਰਜਿਸਟਰ ਵਿੱਚ ਹਾਜ਼ਰੀ ਲੱਗੀ ਹੋਈ ਸੀ ਪਰ ਉਹ ਖ਼ੁਦ ਹਾਜ਼ਰ ਨਹੀਂ ਸੀ। ਜਦੋਂ ਸ. ਚੰਨੀ ਨੇ ਇੰਸਟਰੱਕਟਰ ਨਾਲ ਫੋਨ ’ਤੇ ਗੱਲ ਕਰਦਿਆਂ ਗ਼ੈਰਹਾਜ਼ਰ ਹੋਣ ਦਾ ਕਾਰਨ ਪੁੱਛਿਆ ਤਾਂ ਸ਼ਮਸ਼ੇਰ ਸਿੰਘ ਪੁਰਖਾਲਵੀ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ।
ਆਈ.ਟੀ.ਆਈ ਦੇ ਪ੍ਰਿੰਸੀਪਲ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਹ ਇੰਸਟਰੱਕਟਰ ਅਕਸਰ ਹੀ ਹਾਜ਼ਰੀ ਲਾਉਣ ਤੋਂ ਬਾਅਦ ਅਦਾਰੇ ਵਿੱਚੋਂ ਚਲਾ ਜਾਂਦਾ ਹੈ। ਪ੍ਰਿੰਸੀਪਲ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਤਕਨੀਕੀ ਸਿੱਖਿਆ ਮੰਤਰੀ ਨੂੰ ਸੌਂਪੀ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਨੇ ਸ. ਚੰਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇੰਸਟਰੱਕਟਰ ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਫੌਰੀ ਮੁਅੱਤਲ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਬਾਕੀ ਗ਼ੈਰਹਾਜ਼ਰ ਸਟਾਫ਼ ਮੈਂਬਰਾਂ, ਇੰਸਟਰੱਕਟਰ ਵਰਿੰਦਰਪਾਲ ਸਿੰਘ ਅਤੇ ਸੇਵਾਦਾਰ ਰਾਮ ਗੋਪਾਲ ਤੋਂ ਗ਼ੈਰਹਾਜ਼ਰੀ ਦਾ ਕਾਰਨ ਪੁੱਛਿਆ ਜਾਵੇ। ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਦੀ ਚੈਕਿੰਗ ਦੌਰਾਨ ਯੂੁਨੀਵਰਸਿਟੀ ਕੈਂਪਸ ਦੇ ਮੁਖੀ ਸਮੇਤ ਕਰੀਬ 50 ਫ਼ੀਸਦ ਤੋਂ ਵੱਧ ਸਟਾਫ਼ ਮੈਂਬਰ ਗ਼ੈਰਹਾਜ਼ਰ ਪਾਏ ਗਏ।
ਇਸ ਸਬੰਧੀ ਸ੍ਰੀ ਚੰਨੀ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਮ.ਪੀ. ਸਿੰਘ ਨੂੰ ਯੂਨੀਵਰਸਿਟੀ ਕੈਂਪਸ ਦੇ ਮੁਖੀ ਸਮੇਤ ਸਾਰੇ ਗ਼ੈਰਹਾਜ਼ਰ ਸਟਾਫ਼ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਕੈਬਨਿਟ ਮੰਤਰੀ ਨੇ ਇਸ ਦੌਰਾਨ ਆਈ.ਟੀ.ਆਈ ਮੁਹਾਲੀ ਦੇ ਪ੍ਰੀਖਿਆ ਹਾਲਾਂ ਦਾ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਦੀ ਹਾਜ਼ਰੀ ਵਿੱਚ ਨਕਲ ਦੀ ਰੋਕਥਾਮ ਲਈ ਪਰਚੀਆਂ ਸਬੰਧੀ ਵਿਦਿਆਰਥੀਆਂ ਦੀ ਤਲਾਸ਼ੀ ਵੀ ਲਈ। ਇਸ ਮੌਕੇ ਸ੍ਰੀ ਚੰਨੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਅਤੇ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਈ.ਟੀ.ਆਈ. ਅਤੇ ਬਹੁਤਕਨੀਕੀ ਸੰਸਥਾਵਾਂ ਵਿੱਚ ਪ੍ਰੀਖਿਆਵਾਂ ਵੇਲੇ ਨਕਲ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਇਸ ਸਬੰਧੀ ਪ੍ਰੀਖਿਆ ਕੇਂਦਰਾਂ ਦੇ ਲਗਾਤਾਰ ਦੌਰੇ ਕਰ ਰਹੇ ਹਨ ਤੇ ਕਰਦੇ ਰਹਿਣਗੇ।
ਕੈਬਨਿਟ ਮੰਤਰੀ ਸ੍ਰੀ ਚੰਨੀ ਨੇ ਦੱਸਿਆ ਕਿ ਹੁਣ ਸਰਹੱਦੀ ਜ਼ਿਲ੍ਹਿਆਂ ਦੀਆਂ ਆਈ.ਟੀ.ਆਈਜ਼ ਅਤੇ ਪੌਲੀਟੈਕਨਿਕ ਕਾਲਜਾਂ ਦੀ ਅਚਨਚੇਤ ਜਾਂਚ ਕੀਤੀ ਜਾਵੇਗੀ ਤੇ ਜੋ ਕਿਸੇ ਕਿਸਮ ਦੀ ਬੇਨਿਯਮੀ ਜਾਂ ਸਟਾਫ਼ ਗ਼ੈਰਹਾਜ਼ਰ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਦਾ ਜਾਲ ਵੀ ਤੋੜਿਆ ਹੈ, ਜਿਹੜੇ ਪੈਸਾ ਇਕੱਠਾ ਕਰਨ ਲਈ ਹੀ ਡਿਗਰੀਆਂ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਿਰਫ਼ ਡਿਗਰੀਆਂ ਦੇਣ ਦੀ ਥਾਂ, ਉਨ੍ਹਾਂ ਨੂੰ ਹੁਨਰਮੰਦ ਬਣਾਉਣ ਉਤੇ ਵਿਸ਼ੇਸ਼ ਧਿਆਨ ਦੇ ਰਹੀ ਹੈ।
ਸ੍ਰੀ ਚੰਨੀ ਨੇ ਕਿਹਾ ਕਿ ਸਰਕਾਰੀ ਆਈ.ਟੀ.ਆਈਜ਼ ਅਤੇ ਪੌਲੀਟੈਕਨਿਕ ਕਾਲਜਾਂ ਦੇ ਸਟਾਫ਼ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੁੱਚੇ ਸਟਾਫ਼ ਨੂੰ ਅਪੀਲ ਕੀਤੀ ਕਿ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਟਾਫ਼ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਸਿੱਖਿਆਰਥੀਆਂ ਦੇ ਦਾਖ਼ਲੇ, ਨਤੀਜੇ ਅਤੇ ਉਨ੍ਹਾਂ ਨੂੰ ਮਿਲੇ ਰੁਜ਼ਗਾਰ ਦੇ ਆਧਾਰਤ ’ਤੇ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…