Nabaz-e-punjab.com

ਟੈਕਨੀਸ਼ੀਅਨ ਦੀ ਭੇਤਭਰੀ ਮੌਤ ਦਾ ਮਾਮਲਾ: ਮ੍ਰਿਤਕ ਨੌਜਵਾਨਾਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਅੱਗੇ ਮੁਜ਼ਾਹਰਾ

ਪੀੜਤ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਪੁਲੀਸ ਨੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਚੈੱਕ ਕੀਤੀਆਂ

ਸਰਕਾਰੀ ਹਸਪਤਾਲ ਵਿੱਚ ਸੋਮਵਾਰ ਨੂੰ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਕੀਤਾ ਪੋਸਟਮਾਰਟਮ, ਵਿੱਸਰਾ ਜਾਂਚ ਲਈ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਇੱਥੋਂ ਦੇ ਫੇਜ਼-9 ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਟੈਕਨੀਸ਼ੀਅਨ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਸਬੰਧੀ ਸੋਮਵਾਰ ਨੂੰ ਮ੍ਰਿਤਕ ਨੌਜਵਾਨ ਦੇ ਮਾਪਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਅਤੇ ਧਰਨਾ ਲਗਾ ਕੇ ਹਸਪਤਾਲ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਉੱਤੇ ਵੀ ਸਮੇਂ ਸਿਰ ਬਣਦੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।
ਉਧਰ, ਸਰਕਾਰੀ ਹਸਪਤਾਲ ਫੇਜ਼-6 ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ (ਜਿਨ੍ਹਾਂ ਵਿੱਚ ਡਾ. ਰੀਤੂ ਅੱਤਰੀ, ਡਾ. ਭਾਰਤੀ ਅਤੇ ਡਾ. ਬਿਕਰਮ ਸਿੰਘ) ਵੱਲੋਂ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿੱਸਰਾ ਕੈਮੀਕਲ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਵਿੱਸਰਾ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਟੈਕਨੀਸ਼ੀਅਨ ਦੀ ਮੌਤ ਬਾਰੇ ਪਤਾ ਚੱਲ ਸਕੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੰਜੀਵ ਕੁਮਾਰ ਉਰਫ਼ ਸੰਜੂ (37) ਵਾਸੀ ਡੱਡੂਮਾਜਰਾ ਪ੍ਰਾਈਵੇਟ ਹਸਪਤਾਲ ਦੇ ਅਪਰੇਸ਼ਨ ਥੀਏਟਰ ਵਿੱਚ ਟੈਕਨੀਸ਼ੀਅਨ ਵਜੋਂ ਤਾਇਨਾਤ ਸੀ। ਮ੍ਰਿਤਕ ਦੇ ਭਰਾ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸੰਜੀਵ ਕੁਮਾਰ ਬੀਤੀ ਰਾਤ ਕਰੀਬ 8 ਵਜੇ ਡਿਊਟੀ ’ਤੇ ਗਿਆ ਸੀ। ਸਵੇਰੇ ਹਸਪਤਾਲ ਦੇ ਸਟਾਫ਼ ’ਚੋਂ ਕਿਸੇ ਦਾ ਫੋਨ ਆਇਆ ਕਿ ਸੰਜੀਵ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਹੈ। ਉਹ ਤੁਰੰਤ ਹਸਪਤਾਲ ਪਹੁੰਚ ਗਏ ਅਤੇ ਸਟਾਫ਼ ਤੋਂ ਪਤਾ ਲੱਗਾ ਸੰਜੀਵ ਕੁਮਾਰ ਦੀ ਜ਼ਹਿਰੀਲਾ ਟੀਕਾ ਲੱਗਣ ਕਾਰਨ ਮੌਤ ਹੋ ਗਈ ਹੈ। ਦੀਪਕ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਭਰਾ ਨਾਲ ਕੋਈ ਅਣਹੋਣੀ ਘਟਨਾ ਵਾਪਰੀ ਹੈ। ਹਸਪਤਾਲ ਦਾ ਸਟਾਫ਼ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਜੀਵ ਕੁਮਾਰ ਦੇ ਗਲੇ ਅਤੇ ਅੱਖ ’ਤੇ ਸੱਟ ਦੇ ਨਿਸ਼ਾਨ ਸਨ ਅਤੇ ਨੱਕ ’ਚੋਂ ਵੀ ਖੂਨ ਵਹਿ ਰਿਹਾ ਸੀ।
ਸੂਚਨਾ ਮਿਲਣ ’ਤੇ ਹਸਪਤਾਲ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਦੱਸਿਆ ਕਿ ਜਿਸ ਰੂਮ ਵਿੱਚ ਸੰਜੀਵ ਕੁਮਾਰ ਸੀ, ਉਸ ਰੂਮ ਦੀ ਅੰਦਰੋਂ ਕੁੰਡੀ ਬੰਦ ਸੀ ਅਤੇ ਡਾਕਟਰਾਂ ਨੇ ਮਾਸਟਰ ਚਾਬੀ ਨਾਲ ਤਾਲਾ ਖੋਲ੍ਹਿਆ ਗਿਆ। ਉਧਰ, ਚੰਡੀਗੜ੍ਹ ਦੇ ਮੇਅਰ ਰਾਜੇਸ਼ ਕੁਮਾਰ ਕਾਲੀਆ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਸਰਕਾਰੀ ਹਸਪਤਾਲ ਦੇ ਐਸਐਮਓ ਨਾਲ ਫੋਨ ’ਤੇ ਗੱਲ ਕੀਤੀ।
ਇਸੇ ਦੌਰਾਨ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਗੱਬਰ ਸਿੰਘ ਨੇ ਕਾਂਗਰਸ ਆਗੂ ਅਜਾਇਬ ਸਿੰਘ ਬਾਕਰਪੁਰ ਅਤੇ ਪੀੜਤ ਪਰਿਵਾਰ ਦੀ ਹਾਜ਼ਰੀ ਵਿੱਚ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੋਟੇਜ ਚੈੱਕ ਕੀਤੀਆਂ ਗਈਆਂ। ਮਰਨ ਤੋਂ ਪਹਿਲਾਂ ਸੰਜੀਵ ਕੁਮਾਰ ਆਪਣੇ ਰੂਮ ’ਚੋਂ ਤਿੰਨ ਵਾਰ ਬਾਹਰ ਆਉਂਦਾ ਜਾਂਦਾ ਦਿਖਾਈ ਦੇ ਰਿਹਾ ਹੈ। ਲੇਕਿਨ ਇਸ ਤੋਂ ਬਾਅਦ ਉਹ ਆਪਣੇ ਰੂਮ ’ਚੋਂ ਬਾਹਰ ਨਹੀਂ ਆਇਆ। ਕੈਮਰੇ ਵਿੱਚ ਸਫ਼ਾਈ ਸੇਵਕ ਵੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਪ੍ਰੰਤੂ ਕੋਈ ਸੰਜੀਵ ਦੇ ਰੂਮ ਅੰਦਰ ਨਹੀਂ ਗਿਆ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …