
ਸਰਕਾਰੀ ਕਾਲਜ ਵਿੱਚ ਲੱਗਿਆ ‘ਤੀਆਂ ਦਾ ਮੇਲਾ’
ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਦੀ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਦੀ ਅਗਵਾਈ ਹੇਠ ‘ਤੀਆਂ ਦਾ ਮੇਲਾ’ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੇਂ ਯੁੱਗ ਵਿੱਚ ਸਾਡੇ ਨੌਜਵਾਨ ਵਰਗ ਨੂੰ ਵਿਰਸਾ ਸੰਭਾਲ ਕੇ ਰੱਖਣਾ ਚਾਹੀਦਾ ਹੈ। ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਨੇ ਮੇਲੇ ਵਿੱਚ ਪਹੁੰਚਣ ’ਤੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਨਿੱਘਾ ਜੀ ਆਇਆ ਆਖਿਆ ਅਤੇ ਉਨ੍ਹਾਂ ਦੇ ਜੀਵਨ ਫ਼ਲਸਫ਼ੇ ’ਤੇ ਝਾਤ ਪਾਈ। ਮੇਲੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਖੂਬਸੂਰਤ ਗਿੱਧੇ ਦੀ ਪੇਸ਼ਕਾਰੀ ਦਿੱਤੀ। ਪੰਜਾਬੀ ਮੁਟਿਆਰ ਅਤੇ ਪੰਜਾਬੀ ਗੱਭਰੂ ਦੇ ਮੁਕਾਬਲਿਆਂ ਵਿੱਚ ਮੁੰਡੇ-ਕੁੜੀਆਂ ਪੰਜਾਬੀ ਪਹਿਰਾਵੇ ਵਿੱਚ ਸੱਜ-ਧੱਜ ਕੇ ਆਏ ਅਤੇ ਲੋਕ ਗੀਤਾਂ ਦੀ ਪੇਸ਼ਕਾਰੀ ਦਿੱਤੀ।
ਤੀਆਂ ਦੇ ਮੇਲੇ ਵਿੱਚ ਮਹਿੰਦੀ, ਵੰਗਾਂ, ਪੰਜਾਬੀ ਪਹਿਰਾਵੇ ਅਤੇ ਖੀਰ-ਪੂੜਿਆਂ ਦੇ ਸਟਾਲ ਲਗਾਏ ਗਏ। ਇਸ ਕਾਲਜ ਦੀ ਪਰੰਪਰਾ ਰਹੀ ਹੈ ਕਿ ਹਰ ਸਾਲ ਇਸ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਮੁੱਖ ਮਹਿਮਾਨ, ਸਟਾਫ਼ ਅਤੇ ਵਿਦਿਆਰਥੀਆਂ ਨੇ ਤੀਆਂ ਦੇ ਮੇਲੇ ਦਾ ਭਰਪੂਰ ਆਨੰਦ ਮਾਣਿਆ। ਕਾਲਜ ਦੀ ਪ੍ਰਿੰਸੀਪਲ ਅਤੇ ਸਟਾਫ਼ ਦੀ ਯੋਗ ਅਗਵਾਈ ਸਦਕਾ ਵਿਦਿਆਰਥੀ ਬੁਲੰਦੀਆਂ ਨੂੰ ਛੂਹ ਰਹੇ ਹਨ।