nabaz-e-punjab.com

ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੋਕੇ ਕਲਾਂ ਵਿੱਚ ਪਈਆਂ ਤੀਜ ਦੀ ਧਮਾਲ

ਨਵਜੋਤ ਸਿੰਘ ਸਿੱਧੂ ਦਾ ਸੂਬੇ ਦੇ ਰੰਗਲੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਨਿਵੇਕਲਾ ਉਪਰਾਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮਾਨਸਾ, 1 ਅਗਸਤ:
ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਿਵੇਕਲੇ ਉਪਰਾਲੇ ;ਦਕਾ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਸ਼ੁਰੂ ਕੀਤੇ ‘ਤੀਆਂ ਤੀਜ ਦੀਆਂ‘‘ ਮੇਲਿਆਂ ਦੀ ਲੜੀ ਵਿੱਚ ਦੂਜਾ ਪ੍ਰੋਗਰਾਮ ਮਾਨਸਾ ਜ਼ਿਲ੍ਹਂੇ ਦੇ ਪਿੰਡ ਬੀਰੋਕੇ ਕਲਾਂ ਵਿੱਚ ਕਰਵਾਇਆ ਗਿਆ ਜਿਸਦੇ ਮੁੱਖ ਮਹਿਮਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਾਣੀ ਗੁਪਤਾ ਸਨ। ਮੇਲੇ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਨੇ ਕੀਤੀ। ਪਿੰਡ ਦੀ ਗਰਾਮ ਪੰਚਾਇਤ ਅਤੇ ਯੂਥ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿੱਚ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਆਈਆਂ ਹਰ ਉਮਰ ਅਤੇ ਹਰ ਵਰਗ ਦੀਆਂ ਅੌਰਤਾਂ ਨੂੰ ਸੰਬੋਧਨ ਕਰਦਿਆਂ ਸਤਿੰਦਰ ਸੱਤੀ ਨੇ ਕਿਹਾ ਕਿ ਪੱਛਮੀ ਸਭਿਆਚਾਰ ਅਤੇ ਸੂਚਨਾ ਤਕਨਾਲੋਜੀ ਦੇ ਅਸਰ ਕਾਰਨ ਅਸੀਂ ਆਪਣੀ ਅਸਲੀ ਵਿਰਾਸਤ ਭੁੱਲਦੇ ਜਾ ਰਹੇ ਹਾਂ ਅਤੇ ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਤਰੇੜਾਂ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਦਾ ਖਿਆਲ ਕਰਦਿਆਂ ਰਾਜ ਸਰਕਾਰ ਨੇ ਪਿੰਡਾਂ ‘ਚ ਅਜਿਹੇ ਮੇਲੇ ਲਗਾਉਣ ਲਈ ਵਿਉਂਤ ਬਣਾਈ ਹੈ ਤਾਂ ਜੋ ਪਿੰਡਾਂ ਨੂੰ ਫਿਰ ਤੋਂ ਸੱÎਭਿਆਚਾਰਕ ਪੱਖੋਂ ਮਜਬੂਤ ਕੀਤਾ ਜਾਵੇ ਅਤੇ ਸਾਡੀਆਂ ਮਾਵਾਂ ਭੈਣਾਂ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਿਆ ਜਾਵੇ। ਉਹਨਾਂ ਨੇ ਇਸ ਮੇਲੇ ਲਈ ਗਰਾਮ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰਾਮ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਦੇ ਉਪਰਾਲੇ ਸਦਕਾ ਹੀ ਇਹ ਮੇਲਾ ਇਸ ਪਿੰਡ ਵਿੱਚ ਸੰਭਵ ਹੋ ਸਕਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਧਰਮਪਾਲ ਗੁਪਤਾ ਨੇ ਮੇਲੇ ‘ਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਰ ਗਰਾਮ ਪੰਚਾਇਤਾਂ ਨੂੰ ਵੀ ਅਜਿਹੇ ਸਭਿਆਚਾਰਕ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਸਭਿਆਚਾਰਕ ਪ੍ਰੋਗਰਾਮ ਮੌਕੇ ਇਸਤਰੀਆਂ ਦਾ ਭਰਵਾਂ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਡਾ ਸਭਿਆਚਾਰ ਅਜੇ ਜਿਊਂਦਾ ਹੈ।
ਮੇਲੇ ਦੇ ਕੋਆਰਡੀਨੇਟਰ ਡਾ. ਨਿਰਮਲ ਜੌੜਾ ਨੇ ਸਾਰਿਆਂ ਨੂੰ ਇਸ ਮੇਲੇ ਦੀ ਕਾਮਯਾਬੀ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਦੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਲਾ ਪ੍ਰੀਸ਼ਦ ਦੀਆਂ ਸਰਗਰਮੀਆਂ ਨਾਲ ਜੋੜਿਆ ਜਾਵੇ ਅਤੇ ਸੂਬੇ ਦੇ ਮਾਣਮੱਤੇ ਸੱਭਿਆਚਾਰ ਤੇ ਵਿਰਸੇ ਪ੍ਰਤੀ ਜਾਗਰੂਕ ਕੀਤਾ ਜਾਵੇ। ਸਭਿਆਚਾਰਕ ਪ੍ਰੋਗਰਾਮ ਵਿੱਚ ਸਥਾਨਕ ਕਲਾਕਾਰ ਕੁੜੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਪੇਸ਼ ਲੋਕ ਨਾਚ ਸੰਮੀ, ਕਵੀਸ਼ਰੀ, ਕਲੀਆਂ ਤੇ ਵਾਰਾਂ ਤੋਂ ਇਲਾਵਾ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ, ਉਸਦੀਆਂ ਬੇਟੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੇਲੇ ਵਿੱਚ ਪੀਘਾਂ ਝੂਟਣ, ਚਰਖਾ ਕੱਤਣ, ਸੇਵੀਆਂ ਵੱਟਣ, ਕਿੱਕਲੀ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂ ਅੌਰਤਾਂ ਨੂੰ ਕਲਾ ਪ੍ਰੀਸ਼ਦ ਵਲੋਂ ਇਨਾਮ ਦਿੱਤੇ ਗਏ। ਮੇਲੇ ਦੀ ਕਾਮਯਾਬੀ ਲਈ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਐਡਵੋਕੇਟ, ਪੰਜਾਬੀ ਲੋਕ ਕਲਾ ਮੰਚ ਦੇ ਸੰਚਾਲਕ ਭੋਲਾ ਕਲਿਹਰੀ, ਹਰਦਿਆਲ ਸਿੰਘ ਥੂਹੀ ਅਤੇ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਦਾ ਯੋਗਦਾਨ ਰਿਹਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…