
ਪਿੰਡ ਨੱਗਲ ਗੜੀਆਂ ਨੇੜੇ ਅੰਡਿਆਂ ਨਾਲ ਭਰਿਆ ਟੈਂਪੂ ਖੇਤਾਂ ਵਿੱਚ ਪਲਟਿਆਂ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ\ਮਾਜਰੀ, 4 ਦਸੰਬਰ:
ਇੱਥੋਂ ਨੇੜਲੇ ਪਿੰਡ ਨੱਗਲ ਗੜੀਆਂ ਨੇੜੇ ਸੀਸਵਾਂ ਮਾਰਗ ਨਾਲ ਜੋੜਨ ਵਾਲੀ ਸੜਕ ਤੇ ਅੱਜ ਬਾਅਦ ਦੁਪਹਿਰ ਅੰਡਿਆਂ ਨਾਲ ਭਰਿਆ ਇੱਕ ਟੈਂਪੂ ਪਲਟ ਗਿਆ ਅਤੇ ਇਸ ਮੌਕੇ ਅੰਡਿਆਂ ਦੇ ਟੁੱਟਣ ਕਾਰਨ ਹਜਾਰਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਮਿਲੀ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਅਕਾਲਗੜ੍ਹ ਅਤੇ ਸਲੇਮਪੁਰ ਵਿਚਕਾਰ ਸਥਿਤ ਮਿੱਤਲ ਪੋਲਟਰੀ ਫ਼ਾਰਮ ਤੋਂ ਅੰਡਿਆਂ ਨਾਲ ਭਰਿਆ ਇੱਕ ਟੈਂਪੂ ਚੰਡੀਗੜ੍ਹ ਵਿਖੇ ਅੰਡਿਆਂ ਦੀ ਸਪਲਾਈ ਲੈ ਕੇ ਜਾ ਰਿਹਾ ਸੀ ਕਿ ਪਿੰਡ ਨੱਗਲ ਗੜੀਆਂ ਤੋਂ ਸੀਸਵਾਂ ਰੋਡ ਕੁਰਾਲੀ ਨੂੰ ਜੋੜਦੀ ਸੜਕ ਤੇ ਇਹ ਟੈਂਪੂ ਬੇਕਾਬੂ ਹੋ ਕੇ ਸੜਕ ਦੇ ਲਾਗੇ ਡੂੰਘੇ ਖੇਤਾਂ ਵਿੱਚ ਪਲਟ ਗਿਆ। ਜਿਸ ਕਾਰਨ ਬਹੁਤਾਤ ਗਿਣਤੀ ਵਿੱਚ ਟਰੇਆਂ ਸਮੇਤ ਅੰਡੇ ਟੁੱਟ ਗਏ ਅਤੇ ਹਜਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਹਾਦਸੇ ਵਿੱਚ ਟੈਂਪੂ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਸੜਕ ਕਿਨਾਰੇ ਬਰਮਾਂ ਤੇ ਬਿਲਕੁਲ ਵੀ ਮਿੱਟੀ ਨਾ ਹੋਣ ਕਾਰਨ ਅਤੇ ਖੇਤਾਂ ਦੇ ਮਾਲਕਾਂ ਵੱਲੋਂ ਬਰਮਾਂ ਦੀ ਮਿੱਟੀ ਨੂੰ ਖੇਤਾਂ ਵਿੱਚ ਹੀ ਮਿਲਾ ਲਏ ਜਾਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਇਹ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ ਹੈ। ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਪੋਲਟਰੀ ਫ਼ਾਰਮ ਦੇ ਮਾਲਕਾਂ ਵੱਲੋਂ ਕਈ ਮਜਦੂਰ ਅੰਡਿਆਂ ਨੂੰ ਸੰਭਾਲਣ ਲਈ ਭੇਜੇ ਗਏ ਅਤੇ ਦੇਰ ਸ਼ਾਮ ਤੱਕ ਉਹ ਸਾਬਤ ਅੰਡਿਆਂ ਨੂੰ ਸੰਭਾਲਦੇ ਵੇਖੇ ਗਏ।