nabaz-e-punjab.com

ਕੱਚੇ ਅਧਿਆਪਕਾਂ ਵੱਲੋਂ ਐਤਵਾਰ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੋਠੀ ਦਾ ਘਿਰਾਓ

ਨਵੀਂ ਪੰਜਾਬ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪਈ

ਮੁਹਾਲੀ ਪੁਲੀਸ ਵੱਲੋਂ ਕੱਚੇ ਅਧਿਆਪਕਾਂ ਨੂੰ ਮਨਾਉਣ ਦਾ ਯਤਨ, ਧਰਨਾਕਾਰੀ ਆਪਣੀ ਜ਼ਿੱਦ ’ਤੇ ਅੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਚੱਲ ਰਿਹਾ ਸ਼ਾਂਤਮਈ ਲੜੀਵਾਰ ਧਰਨਾ ਅੱਜ 104ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਹਾਲਾਂਕਿ ਹਾਲਾਂਕਿ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਕੇ ਬੀਤੀ 7 ਸਤੰਬਰ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ, ਪ੍ਰੰਤੂ ਇਸ ਦੇ ਬਾਵਜੂਦ ਕੱਚੇ ਅਧਿਆਪਕਾਂ ਦਾ ਲੜੀਵਾਰ ਧਰਨਾ ਜਾਰੀ ਹੈ।
ਉਧਰ, ਐਤਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਵਜ਼ਾਰਤ ਵਿੱਚ ਸ਼ਾਮਲ ਪੁਰਾਣੇ ਅਤੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ। ਇਸ ਸਮਾਗਮ ਵਿੱਚ ਖੱਲਲ ਪੈਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕੱਚੇ ਅਧਿਆਪਕ ਦੋ ਵਾਰ ਪੁਲੀਸ ਰੋਕਾਂ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਹੋ ਚੁੱਕੇ ਹਨ। ਇਸ ਸਬੰਧੀ ਪੁਲੀਸ ਅਧਿਕਾਰੀਆਂ ਵੱਲੋਂ ਯੂਨੀਅਨ ਆਗੂਆਂ ਨੂੰ ਗੱਲੀਂ-ਬਾਤੀਂ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਕੱਚੇ ਅਧਿਆਪਕ ਆਪਣੀ ਜ਼ਿੱਦ ’ਤੇ ਅੜੇ ਹੋਏ ਹਨ।
ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਵੀਰਪਾਲ ਕੌਰ ਸਿਧਾਣਾ ਤੇ ਜਸਵੰਤ ਸਿੰਘ ਪੰਨੂ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸੰਗਰੂਰ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਕੱਚੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਦੇ ਚੱਲਦਿਆਂ ਭਲਕੇ ਐਤਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਸਤੰਬਰ ਨੂੰ ਸਿੱਖਿਆ ਭਵਨ ਦੇ ਬਾਹਰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਦੌਰਾਨ ਬਾਅਦ ਦੁਪਹਿਰ ਡੇਢ ਵਜੇ ਚੰਨੀ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ। ਜੇਕਰ ਪੁਲੀਸ ਨੇ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੇ ਹੀ ਸੜਕ ਜਾਮ ਕਰਕੇ ਧਰਨੇ ’ਤੇ ਬੈਠ ਜਾਣਗੇ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਹੁਣ ਤੱਕ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਸਿੱਖਿਆ ਮੰਤਰੀ ਸਮੇਤ ਹੋਰ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਕੱਚੇ ਅਧਿਆਪਕਾਂ ਦੀਆਂ ਮੰਗਾਂ ਦਾ ਪੱਕਾ ਹੱਲ ਕੀਤਾ ਜਾਵੇਗਾ ਪਰ ਹੁਣ ਤੱਕ ਮਸਲਾ ਹੱਲ ਨਹੀਂ ਹੋਇਆ ਅਤੇ ਨਾ ਹੀ ਨੋਟੀਫ਼ਿਕੇਸ਼ਨ ਦੇ ਮੁਤਾਬਕ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਹੈ। ਜਿਸ ਦੇ ਰੋਸ ਵਜੋਂ ਐਤਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪਹਿਲਾਂ ਵਾਂਗ ਗੁਪਤ ਐਕਸ਼ਨ ਕੀਤੇ ਜਾਣਗੇ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…