ਮਕਾਨ ਮਾਲਕ ਦਾ ਭਰੋਸਾ ਜਿੱਤਣ ਤੋਂ ਬਾਅਦ ਚੋਰੀ ਕਰਨ ਵਾਲਾ ਕਿਰਾਏਦਾਰ ਗ੍ਰਿਫ਼ਤਾਰ
ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ:
ਮੁਹਾਲੀ ਪੁਲੀਸ ਨੇ ਸੈਕਟਰ-89 ਦੀ ਇੱਕ ਮਹਿਲਾ ਦੇ ਘਰ ਕਿਰਾਏਦਾਰ ਬਣ ਕੇ ਮਹਿਲਾ ਦਾ ਵਿਸ਼ਵਾਸ਼ ਜਿੱਤਣ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸੰਬੰਧੀ ਸ਼ਿਕਾਇਤਕਰਤਾ ਸੁਪਨੀਤ ਕੌਰ ਗਰੇਵਾਲ ਨੇ ਬੀਤੀ 18 ਨੰਵਬਰ ਨੂੰ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਘਰ ਦੀਆ ਚਾਬੀਆਂ ਆਪਣੇ ਘਰ ਵਿੱਚ ਲੱਗੇ ਤਾਲੇ ਵਿੱਚ ਭੁੱਲ ਗਈ ਸੀ ਅਤੇ ਆਪਣੇ ਬੇਟੇ ਨੂੰ ਸਕੂਲ ਤੋਂ ਲੈਣ ਚਲੀ ਗਈ ਸੀ। ਇਸ ਮੌਕੇ ਉਸ ਦੇ ਘਰ ਵਿੱਚ ਰਹਿੰਦਾ ਕਿਰਾਏਦਾਰ ਸ਼ੋਰਬ ਸੁਭਾਸ ਕੱਟੀਕਾਰ ਵਾਸੀ ਪੂਨੇ, ਮੁੰਬਈ ਉੱਥੇ ਮੌਜੂਦ ਸੀ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਘਰ ’ਚੋਂ ਉਸ ਦੀ ਸੋਨੇ ਦੇ ਗਹਿਣੇ ਗਾਇਬ ਸੀ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਨੂੰ ਹਲ ਕਰਦਿਆਂ ਉਕਤ ਕਿਰਾਏਦਾਰ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ (ਜੋ ਪੜ੍ਹਿਆ ਲਿਖਿਆ ਅਤੇ ਅੰਗਰੇਜ਼ੀ ਬੋਲਦਾ ਹੈ) ਅਮੀਰ ਲੋਕਾਂ ਦੇ ਘਰਾਂ ਵਿੱਚ ਕਿਰਾਏ ਤੇ ਘਰ ਲੈਂਦਾ ਸੀ ਅਤੇ ਮਕਾਨ ਮਾਲਕ ਨਾਲ ਵਿਸ਼ਵਾਸ਼ ਕਾਇਮ ਕਰਕੇ ਬਾਅਦ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਉਹਨਾਂ ਦੱਸਿਆ ਕਿ ਇਹ ਵਿਅਕਤੀ ਨੇ ਸ਼ਿਕਾਇਤਕਰਤਾ ਦਾ ਘਰ ਕਿਰਾਏ ਤੇ ਲੈਣ ਤੋੱ ਬਾਅਦ ਪਹਿਲਾਂ ਉਹਨਾਂ ਦਾ ਭਰੋਸਾ ਜਿੱਤਿਆ ਅਤੇ ਫਿਰ ਮੌਕਾ ਮਿਲਣ ਤੇ ਉਨ੍ਹਾਂ ਦੇ ਘਰ ਤੋਂ ਕੀਮਤੀ ਗਹਿਣੇ ਲੈ ਕੇ ਫਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਹੁਣ ਸੈਕਟਰ-8 ਚੰਡੀਗੜ੍ਹ ਵਿੱਚ ਇਹੀ ਅਮਲ ਦੁਹਰਾਏ ਜਾਣ ਦੀ ਤਿਆਰੀ ਸੀ ਪ੍ਰੰਤੂ ਉਹ ਪੁਲੀਸ ਦੇ ਹੱਥੇ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਮੁਲਜਮ ਤੋਂ ਚੋਰੀ ਕੀਤਾ 4 ਤੋਲੇ ਸੋਨਾ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜਮ ਨੇ ਸ਼ਿਕਾਇਤਕਰਤਾ ਦਾ ਇੱਕ ਚੈਕ ਵੀ ਚੋਰੀ ਕਰ ਲਿਆ ਸੀ ਜਿਹੜਾ ਉਸਨੇ ਬੈਂਕ ਵਿੱਚ ਲਗਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਅਣਜਾਣ ਵਿਅਕਤੀ ਤੇ ਛੇਤੀ ਭਰੋਸਾ ਨਾ ਕਰਨ ਅਤੇ ਜਦੋਂ ਵੀ ਕਿਰਾਏਦਾਰ ਰੱਖਣ ਤਾਂ ਉਸਦੀ ਪੁਲੀਸ ਵੈਰੀਫਿਕੇਸ਼ਨ ਜਰੂਰ ਕਰਵਾਉਣ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ।