Share on Facebook Share on Twitter Share on Google+ Share on Pinterest Share on Linkedin ਟੈਂਡਰ ਵਿਵਾਦ: ਸਿਹਤ ਮੰਤਰੀ ਸਿੱਧੂ ਨੇ ਮੇਅਰ ਕੁਲਵੰਤ ਸਿੰਘ ’ਤੇ ਕੀਤਾ ਪਲਟਵਾਰ ਮੁਹਾਲੀ ਵਿੱਚ ਆਪਣਾ ਸਿਆਸੀ ਆਧਾਰ ਬਚਾਉਣ ਲਈ ਅਕਾਲੀ ਦਲ ’ਤੇ ਕੋਝੇ ਹੱਥਕੰਡੇ ਵਰਤਣ ਦਾ ਲਾਇਆ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਡਾਹੁਣ ਸਬੰਧੀ ਅਕਾਲੀ-ਭਾਜਪਾ ਕੌਂਸਲਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਤੁਕੇ ਅਤੇ ਤੱਥਾਂ ਰਹਿਤ ਦੱਸਦਿਆਂ ਮੌਜੂਦਾ ਹਾਲਾਤਾਂ ਲਈ ਮੇਅਰ ਕੁਲਵੰਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਨਗਰ ਨਿਗਮ ਭਵਨ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਸਿੱਧੂ ਨੇ ਮੇਅਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਖ਼ੁਦ ਪਿੱਛੇ ਰਹਿ ਕੇ ਆਪਣੇ ਧੜੇ ਦੇ ਕੌਂਸਲਰਾਂ ਤੋਂ ਬਿਆਨਬਾਜ਼ੀ ਕਰਵਾ ਰਹੇ ਹਨ ਤਾਂ ਜੋ ਅਕਾਲੀ ਦਲ ਦੇ ਸਿਆਸੀ ਆਧਾਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਸੀ ਦੂਸ਼ਣਬਾਜ਼ੀ ਕਰਨ ਨਾਲ ਗੁਮਰਾਹ ਹੋਣ ਵਾਲੇ ਨਹੀਂ ਹਨ। ਉਨ੍ਹਾਂ ਨੂੰ ਸਾਰੀ ਸਚਾਈ ਦਾ ਇਲਮ ਹੈ ਕਿ ਵਿਕਾਸ ਕੰਮਾਂ ਵਿੱਚ ਅੜਿੱਕੇ ਕੌਣ ਡਾਹ ਰਿਹਾ ਹੈ ਅਤੇ ਕੌਣ ਵਿਕਾਸ ਲਈ ਸਰਕਾਰ ਤੋਂ ਫੰਡ ਲੈ ਕੇ ਆ ਰਿਹਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਇਕ ਪਾਸੇ ਤਾਂ ਕੁਲਵੰਤ ਸਿੰਘ ਅਕਾਲੀ ਦਲ ਦਾ ਮੇਅਰ ਹੋਣ ਦਾ ਦਾਅਵਾ ਕਰਦੇ ਹਨ, ਦੂਜੇ ਪਾਸੇ ਆਪਣੇ ਨਿੱਜੀ ਕੰਮਾਂ ਲਈ ਕਾਂਗਰਸ ਲੀਡਰਸ਼ਿਪ ਕੋਲ ਹਾਜ਼ਰੀ ਭਰਦੇ ਹਨ। ਇਸ ਲਈ ਮੇਅਰ ਦਾ ਸਿਆਸੀ ਡੀਐਨਏ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਅਸਲ ਚਿਹਰਾ ਸਾਹਮਣੇ ਆ ਸਕੇ। ਇਸ ਬਾਰੇ ਮੇਅਰ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਕਿ ਉਹ ਅਕਾਲੀ ਹਨ ਜਾਂ ਕਾਂਗਰਸੀ ਹਨ। ਇੱਥੇ ਇਹ ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੇਅਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕੀਤੀ ਸੀ। ਉਂਜ ਵੀ ਉਹ ਕੰਮਾਂ ਕਾਰਾਂ ਲਈ ਕਾਂਗਰਸੀ ਮੰਤਰੀ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਕੌਂਸਲਰਾਂ ਤੋਂ ਧਰਨੇ ਲਗਾਉਣਾ ਇਸ ਗੱਲ ਦਾ ਸਬੂਤ ਹੈ ਕਿ ਕਾਬਜ਼ ਧੜਾ ਚੋਣਾਂ ਤੋਂ ਪਹਿਲਾਂ ਹੀ ਘਬਰਾ ਗਿਆ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਮੇਅਰ ਗਮਾਡਾ ਤੋਂ ਲਗਭਗ 200 ਕਰੋੜ ਰੁਪਏ ਲੈਣ ਵਿੱਚ ਫੇਲ ਸਾਬਤ ਹੋਏ ਹਨ ਜਦੋਂਕਿ ਪਿਛਲੀ ਅਕਾਲੀ ਸਰਕਾਰ ਵੇਲੇ ਗਮਾਡਾ ਤੋਂ ਹਰ ਸਾਲ 50 ਕਰੋੜ ਰੁਪਏ ਲੈਣ ਦਾ ਸਮਝੌਤਾ ਕੀਤਾ ਸੀ। ਹੁਣ ਤੱਕ ਗਮਾਡਾ ਤੋਂ ਸਿਰਫ਼ 9.5 ਕਰੋੜ ਰੁਪਏ ਆਏ ਹਨ। ਇਸ ਤੋਂ ਬਾਅਦ ਗਮਾਡਾ ਨੇ ਫੁੱਟੀ ਕੜੀ ਤੱਕ ਨਹੀਂ ਦਿੱਤੀ। ਮੰਤਰੀ ਨੇ ਵਿਕਾਸ ਕੰਮਾਂ ਦੇ ਮਤੇ ਰੁਕਵਾਉਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਹਾਊਸ ਵਿੱਚ ਕਾਂਗਰਸੀ ਕੌਂਸਲਰਾਂ ਨੇ ਹਮੇਸ਼ਾ ਵਿਕਾਸ ਮਤਿਆਂ ਨੂੰ ਪਾਸ ਕਰਨ ਲਈ ਸਹਿਮਤੀ ਦਿੱਤੀ ਜਾਂਦੀ ਰਹੀ ਹੈ। ਜਿਹੜੇ ਟੈਂਡਰ ਨਾ ਖੁੱਲ੍ਹਣ ਬਾਰੇ ਕੌਂਸਲਰ ਦੋਸ਼ ਲਗਾ ਰਹੇ ਹਨ। ਉਸ ਦੀ ਸਚਾਈ ਇਹ ਹੈ ਕਿ ਨਗਰ ਨਿਗਮ ਕੋਲ ਬਜਟ ਸਾਲ ਵਿੱਚ ਵਿਕਾਸ ਕੰਮਾਂ ਲਈ ਕੋਈ ਫੰਡ ਨਹੀਂ ਹੈ ਅਤੇ ਨਿਗਮ ਦੀਆਂ ਕਾਫ਼ੀ ਦੇਣਦਾਰੀਆਂ ਬਾਕੀ ਹਨ, ਜੋ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। ਇਸ ਵਿੱਤੀ ਸਾਲ ਦਾ ਬਜਟ ਪਹਿਲਾਂ ਦੋ ਵਾਰ ਸੋਧਿਆ ਜਾ ਚੁੱਕਾ ਹੈ ਅਤੇ ਹੁਣ ਤੀਜੀ ਵਾਰੀ ਸਰਕਾਰ ਨੂੰ ਰਿਵਾਈਜ਼ ਕਰਨ ਲਈ ਭੇਜਿਆ ਗਿਆ ਹੈ, ਜਿਸ ਦੀ ਮਨਜ਼ੂਰੀ ਆਉਣੀ ਬਾਕੀ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਸੁਰਿੰਦਰ ਸਿੰਘ ਰਾਜਪੂਤ, ਐਨਐਸ ਸਿੱਧੂ, ਨਛੱਤਰ ਸਿੰਘ, ਭਾਰਤ ਭੂਸ਼ਨ ਮੈਣੀ (ਸਾਰੇ ਕੌਂਸਲਰ), ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਯੂਥ ਆਗੂ ਨਰਪਿੰਦਰ ਸਿੰਘ ਰੰਗੀ ਤੇ ਰਾਜਾ ਕੰਵਰਜੋਤ ਸਿੰਘ ਵੀ ਹਾਜ਼ਰ ਸਨ। (ਬਾਕਸ ਆਈਟਮ) ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਸਿੱਧੂ ਗਲਤ ਬਿਆਨਬਾਜ਼ੀ ਕਰਕੇ ਫੌਕੀ ਸ਼ੌਹਰਤ ਖੱਟਣ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ। ਗਮਾਡਾ ਤੋਂ ਪੈਸਾ ਸਰਕਾਰ ਨੇ ਲੈਣਾ ਹੈ ਨਾ ਕਿ ਨਗਰ ਨਿਗਮ ਨੇ ਲੈਣਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਮਨਜ਼ੂਰੀ ਨਾਲ ਹੀ ਗਮਾਡਾ ਅਤੇ ਨਗਰ ਨਿਗਮ ਵਿੱਚ ਸਮਝੌਤਾ ਹੋਇਆ ਸੀ। ਬਕਾਇਆ ਰਾਸ਼ੀ ਲੈਣ ਲਈ ਗਮਾਡਾ ਨੂੰ ਬਿੱਲ ਭੇਜੇ ਹੋਏ ਹਨ। ਮੇਅਰ ਨੇ ਦੱਸਿਆ ਕਿ ਹਾਊਸ ਵਿੱਚ 50 ਕੌਂਸਲਰਾਂ ਜਿਨ੍ਹਾਂ ’ਚ ਕਾਂਗਰਸ ਦੇ ਕਈ ਕੌਂਸਲਰ ਸ਼ਾਮਲ ਹਨ ਵੱਲੋਂ ਆਪਸੀ ਸਹਿਮਤੀ ਨਾਲ ਵਿਕਾਸ ਕੰਮਾਂ ਅਤੇ ਓਪਨ ਏਅਰ ਜਿਮ ਲਗਾਉਣ ਦੇ ਮਤੇ ਪਾਸ ਕੀਤੇ ਗਏ ਸੀ ਲੇਕਿਨ ਹੁਣ ਮੰਤਰੀ ਦੇ ਕਹਿਣ ਨਾਲ 200 ਕੰਮਾਂ ਦੇ ਟੈਂਡਰ ਨਹੀਂ ਖੋਲ੍ਹੇ ਜਾ ਰਹੇ ਹਨ। ਜਿਸ ਕਾਰਨ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕਰਨ ਬਾਰੇ ਪੁੱਛੇ ਜਾਣ ’ਤੇ ਮੇਅਰ ਨੇ ਸਪੱਸ਼ਟ ਕੀਤਾ ਕਿ ਪ੍ਰੋਟੋਕਾਲ ਅਨੁਸਾਰ ਉਨ੍ਹਾਂ ਦਾ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਜਾਣਾ ਬਣਦਾ ਸੀ। ਪ੍ਰੰਤੂ ਮੁੱਖ ਮੰਤਰੀ ਨਾਲ ਪਹਿਲੀ ਕਤਾਰ ਵਿੱਚ ਬੈਠਣਾ ਨਾਲ ਕਾਂਗਰਸੀਆਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ