nabaz-e-punjab.com

ਡੇਰਾ ਸਿਰਸਾ ਮੁਖੀ ਖ਼ਿਲਾਫ਼ ਆਉਣ ਵਾਲੇ ਫੈਸਲੇ ਬਾਰੇ ਹਾਲਾਤਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸਹਿਮ ਦਾ ਮਹੌਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਗਸਤ:
25 ਅਗਸਤ ਨੂੰ ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਫੈਸਲਾ ਸੁਣਾਉਣ ਦੇ ਮੱਦੇਨਜ਼ਰ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ, ਇਸ ਸਥਿਤੀ ਨਜਿੱਠਣ ਲਈ ਪ੍ਰਸ਼ਾਸਨ ਚਾਹੇ ਪੱਬਾਂ ਭਾਰ ਹੈ ਪਰ ਵੀਰਵਾਰ ਨੂੰ ਕਈ ਲੋਕਾਂ ਨੇ ਆਪਣੇ ਖਰੜ, ਘੜੂੰਆਂ, ਰੋਪੜ, ਸੋਲਖੀਆਂ ਅਤੇ ਕੁਰਾਲੀ ਦੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਨਹੀਂ ਭੇਜਿਆ। ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਚੌਕਸੀ ਵਰਤਦਿਆਂ ਇਲਾਕੇ ਵਿਚ ਵਿਸ਼ੇਸ਼ ਨਾਕਾਬੰਦੀ ਕਰ ਕੇ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ’ਤੇ ਵੀ ਚੌਕਸੀ ਵਧਾਈ ਗਈ ਹੈ।
ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਬਾਰੀਕੀ ਨਾਲ ਜਾਂਚ ਤੇ ਪੁੱਛ ਪੜਤਾਲ ਤੋਂ ਬਾਅਦ ਹੀ ਵਾਹਨਾਂ ਨੂੰ ਅੱਗੇ ਜਾਣ ਦੇ ਰਹੀ ਹੈ। ਇਸ ਸਬੰਧੀ ਗਲਬਾਤ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਲੋਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹੇ ਵਿੱਚ ਕਿਸੇ ਨੂੰ ਅਮਨ ਤੇ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਜਾਂ ਹੋਰ ਸਾਧਨਾ ਰਾਹੀਂ ਆਊਣ ਵਾਲੀਆਂ ਅਫ਼ਵਾਹਾਂ ਤੋਂ ਬਚ ਕੇ ਅਤੇ ਸਦਭਾਵਨਾ ਵਾਲਾ ਮਾਹੌਲ ਕਾਇਮ ਰੱਖਣ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ।
ਸ੍ਰੀ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਦੀ ਹਦੂਦ ਵਿੱਚ ਧਾਰਾ 144 ਲਾਈ ਗਈ ਹੈ। ਇਸ ਲਈ ਪੁਲੀਸ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਜਨਤਕ ਥਾਵਾਂ ’ਤੇ ਕੋਈ ਵੀ ਹਥਿਆਰ, ਅਸਲਾ ਲੈ ਕੇ ਨਾ ਚੱਲੇ ਅਤੇ 5 ਜਾਂ 5 ਤੋਂ ਵੱਧ ਵਿਅਕਤੀਆਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ। ਇਸ ਸਬੰਧੀ ਆਮ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਬੇਸ਼ੱਕ ਆਪਣੇ ਪੱਧਰ ਤੇ ਢੁੱਕਵੇਂ ਪ੍ਰਬੰਧ ਕੀਤੇ ਹਨ ਪਰ ਉਨ੍ਹਾਂ ਨੂੰ ਡਰ ਹੈ ਕਿ ਗਲਤ ਅਨਸਰ ਸੂਬੇ ਦਾ ਮਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ ਇਸੇ ਕਾਰਨ ਅੱਜ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਪਰਹੇਜ ਕੀਤਾ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…