nabaz-e-punjab.com

ਡੇਰਾ ਸਿਰਸਾ ਮੁਖੀ ਦੇ ਖ਼ਿਲਾਫ਼ ਫੈਸਲਾ ਆਉਂਦੇ ਹੀ ਕੁਰਾਲੀ ਵਿੱਚ ਅਜੀਬੋ ਗਰੀਬ ਸ਼ਨਾਟਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਅਗਸਤ:
ਅੱਜ ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਦੇ ਸਾਧ ਗੁਰਮੀਤ ਰਾਮ ਰਹੀਮ ਨੂੰ ਜਿਨਸੀ ਸ਼ੋਸ਼ਣ ਦੇ ਕੇਸ ਵਿਚ ਦੋਸ਼ੀ ਕਰਾਰ ਦਿੰਦਿਆਂ ਹੀ ਜਿਥੇ ਸੂਬੇ ਅੰਦਰ ਡੇਰੇ ਦੇ ਚੇਲਿਆਂ ਨੇ ਅਗਜਨੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਉਥੇ ਕੁਰਾਲੀ ਅਤੇ ਆਸਪਾਸ ਦੇ ਇਲਾਕੇ ਵਿੱਚ ਸੰਨਾਟਾ ਛਾਅ ਗਿਆ। ਨੈਸ਼ਨਲ ਹਾਈਵੇ 21 ਜਿਸ ’ਤੇ ਹਰ ਸਮੇਂ ਟਰੈਫਿਕ ਦੀ ਭਰਮਾਰ ਰਹਿੰਦੀ ਹੈ ਉਹ ਸੜਕ ਫੈਸ਼ਲਾ ਆਉਣ ਤੋਂ ਬਾਅਦ ਬਿਲਕੁੱਲ ਸੁੰਨਸਾਨ ਵਿਖਾਈ ਦਿੱਤੀ ਟਾਵਾਂ ਟਾਵਾਂ ਵਾਹਨ ਚਾਲਕ ਹੀ ਸੜਕ ਤੋਂ ਗੁਜਰਦੇ ਵਿਖਾਈ ਦਿੱਤੀ। ਜਦਕਿ ਇਸ ਨੈਸ਼ਨਲ ਹਾਈਵੇ ਨੂੰ ਪੈਦਲ ਜਾਣ ਵਾਲੇ ਲੋਕ ਲੰਮਾ ਸਮਾਂ ਸੜਕ ਕਿਨਾਰੇ ਖੜਕੇ ਪਾਰ ਕਰਦੇ ਹਨ। ਇਸ ਸਬੰਧੀ ਪੱਤਰਕਾਰਾਂ ਦੀ ਟੀਮ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਜਿਥੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਬਜ਼ਾਰ ਵਿਚ ਬਹੁਤ ਘੱਟ ਲੋਕ ਵਿਖਾਈ ਦਿੱਤੇ ਅਤੇ ਜਿਆਦਾਤਰ ਦੁਕਾਨਾਂ ਫੈਸ਼ਲਾ ਆਉਣ ਤੋਂ ਬਾਅਦ ਬੰਦ ਹੋਣੀਆਂ ਸ਼ੁਰੂ ਹੋ ਗਈਆਂ।
ਸ਼ਹਿਰ ਦੇ ਕਈ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਤੋਂ ਬਾਹਰ ਖੜੇ ਵਾਹਨਾਂ ਨੂੰ ਲੋਕ ਸੁਰੱਖਿਅਤ ਥਾਵਾਂ ਤੇ ਖੜਾਉਂਦੇ ਵਿਖਾਈ ਦਿੱਤੇ। ਬੇਸ਼ੱਕ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨਹੀਂ ਵਾਪਰੀ ਅਤੇ ਇਲਾਕਾ ਪੂਰੀ ਤਰ੍ਹਾਂ ਸ਼ਾਂਤ ਹੈ ਪਰ ਲੋਕ ਆਪਣੇ ਵੱਲੋਂ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਤ ਨਜ਼ਰ ਆਏ ਕਿਉਂਕਿ ਡੇਰਾ ਪ੍ਰੇਮੀਆਂ ਵੱਲੋਂ ਸੂਬੇ ਅੰਦਰ ਕੀਤੀ ਜਾ ਰਹੀ ਭੰਨਤੋੜ ਦਾ ਸ਼ੇਕ ਸੂਬੇ ਦੇ ਕਿਸੇ ਵੀ ਕੋਨੇ ਵਿਚ ਪਹੁੰਚ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਚਾਹੇ ਪੱਬਾਂ ਭਾਰ ਹੈ , ਪ੍ਰਸ਼ਾਸਨ ਵੱਲੋਂ ਇਲਾਕੇ ਵਿਚ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਹੈ । ਇਸ ਸਬੰਧੀ ਗਲਬਾਤ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਲੋਕਾਂ ਦੇ ਜਾਣ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ ਅਤੇ ਜਿਲ੍ਹੇ ਵਿੱਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਦੀਆਂ ਟੀਮਾਂ ਬਣਾਕੇ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਗਲਤ ਅਨਸਰ ਨੂੰ ਇਸ ਮਹੌਲ ਅੰਦਰ ਕਾਬੂ ਕੀਤਾ ਜਾ ਸਕੇ । ਬੇਸ਼ੱਕ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਉੱਤੇ ਢੁੱਕਵੇਂ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਥਾਂ ਥਾਂ ਨਾਕੇਬੰਦੀ ਦੇ ਨਾਲ ਪੁਲਿਸ ਗਸ਼ਤ ਵਧਾਈ ਹੋਈ ਹੈ ਪਰ ਆਮ ਲੋਕਾਂ ਦੇ ਮਨਾਂ ਵਿਚ ਡਰ ਬਣਿਆ ਹੋਇਆ ਹੈ ਜਿਸ ਕਾਰਨ ਜਿਆਦਾਤਰ ਲੋਕੀ ਆਪਣੇ ਘਰਾਂ ਵਿਚ ਆਪ ਹੀ ਬੰਦ ਹੋ ਕੇ ਬੈਠ ਗਏ। ਸ਼ਹਿਰ ਵਿਚ ਘੁੰਮ ਅਤੇ ਖੇਡਣ ਵਾਲੇ ਬੱਚੇ ਵੀ ਵਿਖਾਈ ਨੀਂਹ ਦਿੱਤੇ ਜਿਸ ਤੋਂ ਸਾਫ ਹੈ ਕਿ ਲੋਕਾਂ ਦੇ ਮਨਾਂ ਵਿਚ ਖੌਫ ਹੈ। ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਪੁਲਿਸ ਅਤੇ ਹੋਰ ਪ੍ਰਸ਼ਾਨਿਕ ਅਧਿਕਾਰੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਇਲਾਕੇ ਵਿਚ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਦੂਸਰੇ ਪਾਸੇ ਗੁਪਤ ਸੂਤਰਾਂ ਅਨੁਸਾਰ ਸ਼ਹਿਰ ਤੇ ਇਲਾਕੇ ਵਿਚ ਵਿਚ ਸੌਦਾ ਸਾਧ ਦੇ ਪੈਰੋਕਾਰਾਂ ਉੱਤੇ ਵੀ ਖੁਫੀਆ ਵਿਭਾਗ ਅਤੇ ਪੁਲਿਸ ਵੱਲੋਂ ਬਾਜ਼ ਅੱਖ ਰੱਖੀ ਜਾ ਰਹੀ ਹੈ ਕਿਉਂਕਿ ਕੁਝ ਸਾਲ ਪਹਿਲਾਂ ਕੁਰਾਲੀ ਵਿਚ ਵੀ ਨਾਮ ਚਰਚਾ ਨੂੰ ਲੈਕੇ ਡੇਰੇ ਦੇ ਚੇਲੇ ਤੇ ਲੋਕ ਆਹਮੋ ਸਾਹਮਣੇ ਆ ਗਿਆਨ ਸਨ ਜਿਨ੍ਹਾਂ ਨੂੰ ਹੁਣ ਵੀ ਧਿਆਨ ਵਿਚ ਰੱਖਕੇ ਪ੍ਰਸ਼ਾਸਨ ਕੰਮ ਕਰ ਰਿਹਾ ਹੈ। ਇਸ ਸਬੰਧੀ ਡੀ.ਐਸ.ਪੀ ਅਮੀਰੋਜ਼ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡਰਨ ਦੀ ਲੋੜ ਨਹੀਂ ਇਲਾਕੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਪੂਰੀ ਮੁਸ਼ਤੈਦੀ ਨਾਲ ਜੁਟੀ ਹੋਈ ਹੈ ਤਾਂ ਜੋ ਲੋਕਾਂ ਨੂੰ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਥੇ ਦੱਸਣਾ ਬਣਦਾ ਹੈ ਕਿ ਕੁਰਾਲੀ ਅਤੇ ਆਸਪਾਸ ਦੇ ਕਈ ਪਿੰਡਾਂ ਵਿਚ ਸਿਰਸੇ ਵਾਲੇ ਸਾਧ ਦੇ ਪੈਰੋਕਾਰ ਹਨ ਜਿਨ੍ਹਾਂ ਕਾਰਨ ਲੋਕ ਡਰੇ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਸਾਰੇ ਘਟਨਾਕ੍ਰਮ ਤੇ ਬਾਜ਼ ਅੱਖ ਰੱਖੀ ਹੋਈ ਹੈ। ਖਬਰ ਲਿਖੇ ਜਾਣ ਤੱਕ ਕੁਰਾਲੀ ਅਤੇ ਆਸਪਾਸ ਦੇ ਇਲਾਕੇ ਵਿਚ ਅਮਨ ਸ਼ਾਂਤੀ ਕਾਇਮ ਸੀ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਦਾ ਕੋਈ ਸਮਾਚਾਰ ਨਹੀਂ ਸੀ ਜਦਕਿ ਇਲਾਕੇ ਦੇ ਜ਼ਿਆਦਾਤਰ ਪੈਟਰੌਲ ਪੰਪ ਅਤੇ ਗੈਸ ਏਜੰਸੀਆਂ ਦੇ ਗੁਦਾਮਾਂ ਨੂੰ ਬੰਦ ਕਰਕੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ…