Nabaz-e-punjab.com

ਪੰਜਾਬ ਵਿੱਚ ਅਤਿਵਾਦ ਨੂੰ ਦੁਬਾਰਾ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ: ਰੰਧਾਵਾ

ਸੂਬੇ ਦੇ ਕਿਸਾਨਾਂ ਨੂੰ 45 ਦਿਨਾਂ ਦੇ ਅੰਦਰ ਅੰਦਰ ਗੰਨੇ ਦੀ ਬਕਾਇਆ ਰਾਸ਼ੀ ਦੇ ਦਿੱਤੀ ਜਾਵੇਗੀ:

ਕਿਸਾਨ ਵਿਕਾਸ ਚੈਂਬਰ ਮੁਹਾਲੀ ਵਿੱਚ ਹੋਇਆ 65ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਦਾ ਸਮਾਪਤੀ ਸਮਾਰੋਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਤਿਵਾਦ ਨੂੰ ਦੁਬਾਰਾ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਨਿਰੰਕਾਰੀ ਭਵਨ ’ਤੇ ਬੰਬ ਧਮਾਕੇ ਦੀ ਘਟਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਘਟਨਾ ਨੂੰ ਦਹਿਸ਼ਤਗਰਦਾਂ ਨੇ ਅੰਜਾਮ ਦਿੱਤਾ ਹੈ ਪ੍ਰੰਤੂ ਪੰਜਾਬ ਪੁਲੀਸ ਨੇ ਪਿਛਲੇ ਸਮੇਂ ਦੌਰਾਨ ਬੜੀ ਦਲੇਰੀ ਨਾਲ ਅਤਿਵਾਦ ਦਾ ਖ਼ਾਤਮਾ ਕਰਕੇ ਸੂਬੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਬਾਦਲ ਪਿਉ-ਪੱੁਤ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ ਕਿਉਂਕਿ ਉਹ ਪਹਿਲੇ ਦਿਨਾਂ ਤੋਂ ਇਹ ਕਹਿ ਰਹੇ ਹਨ ਕਿ ਪੰਜਾਬ ਵਿੱਚ ਗੜਬੜ ਹੋ ਸਕਦੀ ਹੈ। ਭਾਰਤੀ ਫੌਜ ਦੇ ਮੁਖੀ ਵੱਲੋਂ ਗੜਬੜੀ ਦੀ ਸ਼ੰਕਾ ਬਾਰੇ ਅਗਾਊਂ ਇਤਲਾਹ ਦੇਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਰੰਧਾਵਾ ਨੇ ਕਿਹਾ ਕਿ ਇਹ ਗੱਲ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਕਹਿਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਬਾਹਰੀ ਤਾਕਤ ਨੂੰ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਰਾਜ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੁਹਾਲੀ ਏਅਰਪੋਰਟ ਨੇੜੇ ਕਿਸਾਨ ਵਿਕਾਸ ਚੈਂਬਰ ਵਿੱਚ ਕਰਵਾਏ ਗਏ 65ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਦਾ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਖੰਡ ਮਿੱਲਾਂ ਦੇ ਨਵੀਨੀਕਰਨ ਸਮੇਤ ਸੂਬੇ ਵਿੱਚ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਗੰਨਾ ਕਾਸ਼ਤਕਾਰਾਂ ਦੀ ਸਾਰੀ ਬਕਾਇਆ ਰਾਸ਼ੀ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਹਰ ਹਫ਼ਤੇ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਇਆ ਕਰੇਗੀ। ਬੀਤੇ ਦਿਨੀਂ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।
ਸ੍ਰੀ ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਵਿੱਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਵਿਭਾਗ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜਿਆ ਹੋਇਆ ਹੈ। ਵਿਭਾਗ ਨੂੰ ਮੁੜ ਲੀਹਾਂ ’ਤੇ ਪਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲੇ ਧਨਾਢਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਬੈਂਕ ਗ਼ਰੀਬ ਲੋਕਾਂ ਲਈ ਹਨ ਨਾ ਕਿ ਧਨਾਢਾਂ ਲਈ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ’ਚ ਗਬਨ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਪੰਜਾਬ ਦੇ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹੈ। ਇਹ ਵਿਭਾਗ ਕਿਸਾਨਾਂ ਨੂੰ ਵਿੱਤੀ ਮੁਸ਼ਕਲਾਂ ’ਚੋਂ ਕੱਢਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਸਦਕਾ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ’ਤੇ ਕਮੀ ਆਈ ਹੈ। ਇਸ ਤੋਂ ਪਹਿਲਾਂ ਡਾ. ਹਰਸ਼ਿੰਦਰ ਕੌਰ ਨੇ ਸੂਬੇ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਬਿਹਤਰੀ ਸਬੰਧੀ ਸੁਝਾਅ ਵੀ ਦਿੱਤੇ। ਇਸ ਮੌਕੇ ਸਹਿਕਾਰਤਾ ਵਿਭਾਗ ਨਾਲ ਸਬੰਧਤ ਅਦਾਰਿਆਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਆਪਣੇ ਉਤਪਾਦਾਂ ਅਤੇ ਸਕੀਮਾਂ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸ਼ੂਗਰਫੈੱਡ ਦੇ ਐਮਡੀ ਦਵਿੰਦਰ ਸਿੰਘ, ਏਐਮਡੀ ਬਾਲ ਮੁਕੰਦ ਸ਼ਰਮਾ, ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਸਮੇਤ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…