
ਅਤਿਵਾਦੀ ਹਮਲਾ: ਜੰਮੂ-ਕਸ਼ਮੀਰ ਸਰਕਾਰ ਤੋਂ ਸਮਰਥਨ ਵਾਪਸ ਲਵੇ ਭਾਜਪਾ: ਡਾ. ਅਨਵਰ ਹੁਸੈਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ (ਘੱਟ ਗਿਣਤੀਆਂ) ਦੇ ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਹੁਸੈਨ ਨੇ ਕਿਹਾ ਕਿ ਕਸ਼ਮੀਰ ਵਿੱਚ ਅਮਰਨਾਥ ਯਾਤਰੀਆਂ ਉੱਪਰ ਹੋਏ ਹਮਲੇ ਦੇ ਰੋਸ ਵਜੋਂ ਭਾਜਪਾ ਨੂੰ ਜੰਮੂ-ਕਸ਼ਮੀਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲੈਣਾ ਚਾਹੀਦਾ ਹੈ। ਅੱਜ ਇੱਕ ਬਿਆਨ ਵਿੱਚ ਡਾ. ਅਨਵਰ ਹੁਸੈਨ ਨੇ ਕਿਹਾ ਕਿ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਕਰਨੀ ਕੇੱਦਰ ਸਰਕਾਰ ਅਤੇ ਜੰਮੂ ਕਸ਼ਮੀਰ ਸਰਕਾਰ ਦੀ ਜਿੰਮੇਵਾਰੀ ਹੈ ਪਰ ਇਹ ਦੋਵੇਂ ਸਰਕਾਰਾਂ ਇਸ ਕੰਮ ਵਿੱਚ ਫੇਲ ਹੋ ਗਈਆਂ ਹਨ। ਉਹਨਾਂ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਅੱਤਵਾਦ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਉਹਨਾਂ ਕਿਹਾ ਕਿ ਜਿਹੜੇ ਹਿੰਦੂ ਸੰਗਠਨ ਗਊ ਰੱਖਿਆ ਦੇ ਨਾਮ ਤੇ ਆਮ ਲੋਕਾਂ ਨੂੰ ਕੁੱਟਦੇ ਮਾਰਦੇ ਹਨ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਰਹੱਦ ਤੇ ਜਾ ਕੇ ਪਾਕਿਸਤਾਨ ਵਿਰੁੱਧ ਲੜਾਈ ਲੜਨ ਐਵੇਂ ਗਊ ਰੱਖਿਆ ਦੇ ਨਾਮ ਤੇ ਲੋਕਾਂ ਉੱਪਰ ਗੁੰਡਾਗਰਦੀ ਕਰਨੀ ਠੀਕ ਨਹੀਂ। ਇਹਨਾਂ ਲੋਕਾਂ ਨੂੰ ਫੌਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹਨਾਂ ਮੰਗ ਕੀਤੀ ਕਿ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਫੌਜ ਤੈਨਾਤ ਕੀਤੀ ਜਾਵੇ। ਇਸ ਮੌਕੇ ਉਹਨਾਂ ਨਾਲ ਮੁਸ਼ਤਾਕ ਅਲੀ, ਅੱਲਾ ਦਿੱਤਾ, ਜੋਗਾ ਖਾਨ, ਅਨਵਰ ਅਲੀ, ਸ਼ਾਹਰੁੱਖ ਚੌਧਰੀ,ਸ਼ੇਖ ਵਸੀਮ, ਮੁਹੰਮਦ ਮਨੀਰ ਮੰਨੂ ਵੀ ਹਾਜਿਰ ਸਨ।