nabaz-e-punjab.com

ਪਠਾਨਕੋਟ ਏਅਰਬੇਸ ’ਤੇ ਅਤਿਵਾਦੀ ਹਮਲਾ: ਐਨਆਈਏ ਨੇ ਦੋ ਗਵਾਹਾਂ ਦੇ ਬਿਆਨ ਦਰਜ ਕਰਵਾਏ

ਭਗੌੜੇ ਮੁਲਜ਼ਮ ਹਾਲੇ ਵੀ ਐਨਆਈਏ ਦੀ ਗ੍ਰਿਫ਼ਤ ਤੋਂ ਬਾਹਰ, ਅਗਲੀ ਸੁਣਵਾਈ 8 ਜਨਵਰੀ 2020 ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਪਠਾਨਕੋਟ ਏਅਰਬੇਸ ਉੱਤੇ ਕਰੀਬ ਤਿੰਨ ਸਾਲ ਪਹਿਲਾਂ ਹੋਏ ਪਾਕਿਸਤਾਨੀ ਅਤਿਵਾਦੀ ਹਮਲੇ ਦੇ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਹੋਈ। ਇਸ ਦੌਰਾਨ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਦੋ ਗਵਾਹਾਂ ਨੂੰ ਪੇਸ਼ ਕਰਕੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਗਏ। ਐਨਆਈਏ ਦੇ ਸੀਨੀਅਰ ਪਬਲਿਕ ਪ੍ਰੋਸੀਕਿਊਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਐਨਆਈਏ ਵੱਲੋਂ 21 ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾ ਚੁੱਕੇ ਹਨ ਅਤੇ ਭਗੌੜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਅੱਜ ਜਿਨ੍ਹਾਂ ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ ਹਨ, ਉਨ੍ਹਾਂ ਬਾਰੇ ਐਨਆਈਏ ਦਾ ਕਹਿਣਾ ਹੈ ਕਿ ਗਵਾਹਾਂ ਦੇ ਨਾਂ ਇਸ ਕਰਕੇ ਗੁਪਤ ਰੱਖੇ ਗਏ ਹਨ ਤਾਂ ਜੋ ਜਾਂਚ ਪ੍ਰਭਾਵਿਤ ਨਾ ਹੋ ਸਕੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 8 ਜਨਵਰੀ 2010 ’ਤੇ ਅੱਗੇ ਪਾ ਦਿੱਤੀ।
ਮੁਹਾਲੀ ਅਦਾਲਤ ਵੱਲੋਂ ਦੋ ਸਾਲ ਪਹਿਲਾਂ 9 ਮਾਰਚ 2017 ਨੂੰ ਪਾਕਿਸਤਾਨ ਅਤਿਵਾਦੀ ਸੰਗਠਨ ਜੈਸ-ਏ-ਮੁਹੰਮਦ ਦੇ ਚੀਫ਼ ਮੌਲਾਨਾ ਮਸੂਦ ਅਜ਼ਹਰ ਸਮੇਤ ਉਸ ਦੇ ਛੋਟੇ ਭਰਾ ਤੇ ਜਥੇਬੰਦੀ ਦੇ ਲਾਚਿੰਗ ਕਮਾਂਡਰ ਸ਼ਾਹਿਦ ਲਤੀਫ਼, ਡਿਪਟੀ ਚੀਫ਼ ਮੁਫ਼ਤੀ ਅਬਦੁਲ ਰੋਫ ਅਸਗਰ ਅਤੇ ਇਸ ਹਮਲੇ ਦੇ ਮੁੱਖ ਹੈਂਡਲਰ ਕਾਸਿਫ ਜਹਾਂ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ, ਪ੍ਰੰਤੂ ਹੁਣ ਤੱਕ ਇਹ ਸਾਰੇ ਮੁਲਜ਼ਮ ਐਨਆਈਏ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਐਨਆਈਏ ਵੱਲੋਂ ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਨਆਈਏ ਦੀ ਜਾਂਚ ਅਦਾਲਤ ਨੂੰ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਪਠਾਨਕੋਟ ਅਤਿਵਾਦੀ ਹਮਲੇ ਦੇ ਮਾਮਲੇ ਵਿੱਚ ਨਾਮਜ਼ਦ ਮੁਲਾਜ਼ਮਾਂ ਮੌਲਾਨਾ ਮਸੂਦ ਅਜਹਰ, ਸ਼ਾਹਿਦ ਲਤੀਫ਼, ਅਬਦੁਲ ਰੋਫ ਅਸਗਰ ਅਤੇ ਕਾਸਿਫ ਜਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਸਮੇਂ ਸਮੇਂ ਸਿਰ ਛਾਪੇਮਾਰੀ ਕੀਤੀ ਜਾਂਦੀ ਰਹੀ ਹੈ ਲੇਕਿਨ ਹੁਣ ਤੱਕ ਉਹ ਐਨਆਈਏ ਦੀ ਗ੍ਰਿਫ਼ਤ ਤੋਂ ਬਾਹਰ ਹਨ। ਐਨਆਈਏ ਨੂੰ ਮੁਲਜ਼ਮਾਂ ਦੇ ਪਾਕਿਸਤਾਨ ਵਿੱਚ ਛੁਪੇ ਹੋਣ ਜਾਂ ਵਿਦੇਸ਼ ਦੌੜ ਜਾਣ ਦਾ ਸ਼ੱਕ ਹੈ।
ਜਾਣਕਾਰੀ ਅਨੁਸਾਰ ਐਨਆਈਏ ਵੱਲੋਂ ਆਈਪੀਸੀ ਦੀ ਧਾਰਾ 120ਬੀ,121,121ਏ, 302,307,364,365,367,368,397, ਗ਼ੈਰ ਕਾਨੂੰਨੀ ਕਾਰਵਾਈਆਂ ਰੋਕੂ ਐਕਟ 1967 ਦੀ ਧਾਰਾ 16,18,20,23,38, ਅਸਲਾ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਕਤ ਤੋਂ ਇਲਾਵਾ ਨਸੀਰ ਹੁਸੈਨ, ਹਾਫ਼ਿਜ਼ ਅੱਬੂ ਬਕਰ, ਉਮਰ ਫਾਰੂਕ ਅਤੇ ਅਬਦੁਲ ਕਯੂਮ ਦੇ ਖ਼ਿਲਾਫ਼ ਜੁਰਮ ਸਥਾਪਿਤ ਹੁੰਦੇ ਹਨ। ਜਿਨ੍ਹਾਂ ਵੱਲੋਂ ਪਠਾਨਕੋਟ ਏਅਰਬੇਸ ’ਤੇ ਅਤਿਵਾਦੀ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ। ਪ੍ਰੰਤੂ ਦੁਵੱਲਿਓਂ ਗੋਲੀਬਾਰੀ ਦੀ ਘਟਨਾ ਦੌਰਾਨ ਇਨ੍ਹਾਂ ਅਤਿਵਾਦੀਆਂ ਨੂੰ ਮੁਕਾਬਲੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮੁਲਜ਼ਮ ਮੌਲਾਨਾ ਮਸੂਦ ਅਜਹਰ, ਅਬਦੁਲ ਰੋਫ ਅਤੇ ਸ਼ਾਹਿਦ ਲਤੀਫ਼ ਦੇ ਖ਼ਿਲਾਫ਼ ਇੰਟਰਪੋਲ ਵੱਲੋਂ ਪਹਿਲਾਂ ਹੀ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…