Nabaz-e-punjab.com

ਪੰਜਾਬ ਵਿੱਚ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ ਟੈੱਟ ਪ੍ਰੀਖਿਆ, ਧਾਰਾ 144 ਲਾਗੂ

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵਿੱਚ 1 ਲੱਖ 74 ਉਮੀਦਵਾਰ ਹੋਣਗੇ ਅਪੀਅਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਤਵਾਰ (19 ਜਨਵਰੀ) ਨੂੰ ਟੈੱਟ ਪ੍ਰੀਖਿਆ-2018 ਲਈ ਜਾ ਰਹੀ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਾਰੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਮੁੱਖ ਗੇਟ ’ਤੇ ਪੁਲੀਸ ਦਾ ਸਖ਼ਤ ਪਹਿਰਾ ਹੋਵੇਗਾ। ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸਬੰਧੀ ਜ਼ਿਲ੍ਹਾ ਪੱਧਰ ’ਤੇ 450 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਵਿੱਚ 1 ਲੱਖ 74 ਹਜ਼ਾਰ ਉਮੀਦਵਾਰ ਅਪੀਅਰ ਹੋਣਗੇ। ਡੀਜੀਐਸਈ-ਕਮ-ਸਕੂਲ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਦੀ ਨਿਗਰਾਨੀ ਹੇਠ ਲਈ ਜਾ ਰਹੀ ਟੈੱਟ ਪ੍ਰੀਖਿਆ ਸਬੰਧੀ ਅੱਜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਸੁਪਰਵਿਜ਼ਨ ਕਰਨਗੇ।
ਜਾਣਕਾਰੀ ਅਨੁਸਾਰ ਪ੍ਰੀਖਿਆ ਸਮਗਰੀ ਅੱਜ ਸ਼ਾਮ ਸਮੂਹ ਪ੍ਰੀਖਿਆ ਕੇਂਦਰਾਂ ਤੱਕ ਪੁੱਜਦੀ ਕਰ ਦਿੱਤੀ ਗਈ। ਇਸ ਦੀ ਵਰਤੋਂ ਕਰਨ ਸਬੰਧੀ ਸਵੇਰ ਅਤੇ ਸ਼ਾਮ ਦੇ ਦੋਵੇਂ ਪੇਪਰਾਂ ਲਈ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ। ਰੈਂਡੇਮਾਈਜ਼ੇਸ਼ਨ ਮਗਰੋਂ ਜਾਰੀ ਕੀਤੇ ਨਵੇਂ ਰੋਲ ਨੰਬਰਾਂ ਮੁਤਾਬਕ ਉਮੀਦਵਾਰਾਂ ਦੇ ਬੈਠਣ ਸਬੰਧੀ ਤਰਤੀਬਵਾਰ ਵਿਵਸਥਾ ਕੀਤੀ ਗਈ ਹੈ। ਜਿਨ੍ਹਾਂ ਬਾਰੇ ਸਬੰਧਤ ਉਮੀਦਵਾਰਾਂ ਭਲਕੇ ਐਤਵਾਰ ਨੂੰ ਸਵੇਰ ਹੀ ਪਤਾ ਲੱਗੇਗਾ। ਇਸ ਤੋਂ ਪਹਿਲਾਂ ਪ੍ਰੀਖਿਆ ਸਮਗਰੀ ਦੀ ਗੁਪਤਤਾ ਅਤੇ ਹੋਰ ਪ੍ਰਬੰਧਾਂ ਬਾਰੇ ਸਿੱਖਿਆ ਬੋਰਡ ਦੇ ਚੇਅਰਮੈਨ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਰ ਕਾਰਜ ਦਾ ਖ਼ੁਦ ਜਾਇਜ਼ਾ ਲਿਆ ਅਤੇ ਕੁਝ ਜ਼ਰੂਰੀ ਹਦਾਇਤਾਂ ਦਿੱਤੀਆਂ।
ਜ਼ਿਲ੍ਹਾ ਪੱਧਰੀ ਪ੍ਰੀਖਿਆ ਕੇਂਦਰਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਮੁਸਤੈਦੀ ਦਿਖਾਈ ਜਾ ਰਹੀ ਹੈ। ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਧਾਰਾ 144 ਲਾਗੂ ਕਰ ਕੇ ਪ੍ਰੀਖਿਆ ਦੌਰਾਨ ਹਰ ਕਿਸਮ ਦੀ ਗੈਰ ਲੋੜੀਂਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਵਾਰ ਦੇ ਸਖ਼ਤ ਪ੍ਰਬੰਧਾਂ ਅਧੀਨ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਵੀ ਪ੍ਰੀਖਿਆ ਕੇਂਦਰ ਵਿੱਚ ਆਪਣੇ ਰੋਲ ਨੰਬਰ ਤੋਂ ਇਲਾਵਾ ਕੋਈ ਵੀ ਹੋਰ ਸਮਗਰੀ ਜਾਂ ਵਸਤੂ ਨਾਲ ਲਿਆਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇੱਥੋਂ ਤੱਕ ਕਿ ਕੋਈ ਵੀ ਉਮੀਦਵਾਰ ਆਪਣੇ ਨਾਲ ਪੈਨ ਅਤੇ ਪੈਨਸਿਲ ਵੀ ਨਹੀਂ ਲਿਜਾ ਸਕੇਗਾ। ਉਨ੍ਹਾਂ ਨੂੰ ਪੈਨ ਵੀ ਓਐੱਮਆਰ ਸ਼ੀਟਾਂ ਦੇ ਨਾਲ ਹੀ ਪ੍ਰੀਖਿਆ ਕੇਂਦਰ ਵਿੱਚ ਮੁਹੱਈਆ ਕਰਵਾਏ ਜਾਣਗੇ। ਵਿਲੱਖਣ ਪ੍ਰਤਿਭਾ ਵਾਲੇ ਜਾਂ ਦਿਵਿਆਂਗ ਪ੍ਰੀਖਿਆਰਥੀਆਂ ਨੂੰ ਲੋੜ ਅਨੁਸਾਰ ਅਗਾਊਂ ਪ੍ਰਵਾਨਗੀ ਨਾਲ ਆਪਣਾ ਲਿਖਾਰੀ ਲਿਆਉਣ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ 20 ਮਿੰਟ ਪ੍ਰਤੀ ਘੰਟਾ ਦੀ ਦਰ ਨਾਲ ਪ੍ਰੀਖਿਆ ਲਈ ਵਾਧੂ ਸਮਾਂ ਵੀ ਦਿੱਤਾ ਜਾਵੇਗਾ।
ਪ੍ਰੀਖਿਆ ਕੇਂਦਰ ਦੀ ਅੰਦਰੂਨੀ ਜ਼ਿੰਮੇਵਾਰੀ ਕੇਂਦਰ ਸੁਪਰਡੈਂਟ, ਆਬਜ਼ਰਵਰ ਅਤੇ ਨਿਗਰਾਨਾਂ ਦੀ ਹੀ ਹੋਵੇਗੀ। ਪ੍ਰੀਖਿਆ ਕੇਂਦਰਾਂ ਵਿੱਚ ਅਜਿਹੇ ਕਿਸੇ ਨਿਗਰਾਨ ਜਾਂ ਪ੍ਰਬੰਧਕ ਦੀ ਡਿਊਟੀ ਅਜਿਹੇ ਸਥਾਨ ’ਤੇ ਨਹੀਂ ਲਗਾਈ ਗਈ, ਜਿੱਥੇ ਉਸ ਦਾ ਕੋਈ ਰਿਸ਼ਤੇਦਾਰ ਜਾਂ ਨੇੜਲਾ ਉਮੀਦਵਾਰ ਪ੍ਰੀਖਿਆ ਦੇ ਰਿਹਾ ਹੋਵੇ। ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਨੂੰ ਪਾਣੀ ਪਿਲਾਉਣ ਦਾ ਪ੍ਰਬੰਧ ਵੀ ਪ੍ਰੀਖਿਆ ਦੇ ਕਮਰਿਆਂ ਤੋਂ ਬਾਹਰ ਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਵਿੱਚ ਸਵੇਰੇ ਪ੍ਰੀਖਿਆ ਸਮਗਰੀ ਸੁਪਰਡੈਂਟਾਂ ਵੱਲੋਂ ਨਿਸ਼ਚਿਤ ਸਮੇਂ ’ਤੇ ਵਰਤੇ ਜਾਣ ਤੋਂ ਲੈ ਕੇ ਪ੍ਰੀਖਿਆ ਮੁਕੰਮਲ ਹੋਣ ਅਤੇ ਸਾਰੀ ਸਮਗਰੀ ਸੰਭਾਲ ਕੇ ਨਿਸ਼ਚਿਤ ਥਾਵਾਂ ’ਤੇ ਪਹੁੰਚਣ ਤੱਕ ਆਦਿ ਸਾਰੀਆਂ ਗਤੀਵਿਧੀਆਂ ਦੀ ਵੀਡਿਓਗ੍ਰਾਫ਼ੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਸਥਾਪਿਤ ਕੰਟਰੋਲ ਰੂਮ ਦਾ ਸਮੂਹ ਜ਼ਿਲ੍ਹਾ ਪ੍ਰੀਖਿਆ ਕੇਂਦਰਾਂ ਨਾਲ ਸਿੱਧਾ ਸੰਪਰਕ ਲਗਾਤਾਰ ਜਾਰੀ ਰਹੇਗਾ ਅਤੇ ਸਮੁੱਚੇ ਕਾਰਜ ’ਤੇ ਲਗਾਤਾਰ ਤਿੱਖੀ ਨਜ਼ਰ ਰੱਖੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …