ਥਾਣਾ ਮਟੌਰ ਦੇ ਵਿਵਾਦਿਤ ਐਸਐਚਓ ਦਲਜੀਤ ਸਿੰਘ ਗਿੱਲ ਨੂੰ ਮੁੜ ਬਦਲਿਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਵੱਲੋਂ ਥਾਣਾ ਮਟੌਰ ਦੇ ਵਿਵਾਦਿਤ ਐਸਐਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਅੱਜ ਤੁਰੰਤ ਪ੍ਰਭਾਵ ਨਾਲ ਦੁਬਾਰਾ ਬਦਲ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬੀਤੇ ਕੱਲ੍ਹ ਹੀ ਮਟੌਰ ਥਾਣੇ ਦਾ ਐਸਐਚਓ ਲਗਾਇਆ ਗਿਆ ਸੀ। ਇੰਸਪੈਕਟਰ ਦਲਜੀਤ ਸਿੰਘ ਗਿੱਲ ’ਤੇ ਥਾਣਾ ਸੋਹਾਣਾ ਦਾ ਐਸਐਚਓ ਹੁੰਦਿਆਂ ਕੁਝ ਸਮਾਂ ਪਹਿਲਾਂ ਜਬਰ ਜਨਾਹ ਦੇ ਮਾਮਲੇ ਵਿੱਚ ਇਕ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਨਾ ਕਰਨ ਕਰਕੇ ਡਿਊਟੀ ਵਿੱਚ ਕਥਿਤ ਅਣਗਹਿਲੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਵਿਭਾਗੀ ਜਾਂਚ ਹਾਲੇ ਕਿਸੇ ਕੰਢੇ ਨਹੀਂ ਲੱਗੀ ਸੀ ਪ੍ਰੰਤੂ ਸਿਆਸੀ ਦਬਾਅ ਕਾਰਨ ਹਾਲ ਹੀ ਵਿੱਚ ਇੰਸਪੈਕਟਰ ਦਲਜੀਤ ਗਿੱਲ ਨੂੰ ਪੈਂਡਿੰਗ ਇਨਕੁਆਰੀ ਬਹਾਲ ਕਰ ਦਿੱਤਾ ਗਿਆ ਹੈ ਅਤੇ ਮਟੌਰ ਥਾਣੇ ਦਾ ਮੁਖੀ ਲਾਇਆ ਗਿਆ। ਇਸ ਗੱਲ ਦੀ ਅੱਜ ਪੂਰੇ ਇਲਾਕੇ ਦੀ ਚਰਚਾਂ ਜ਼ੋਰਾਂ ’ਤੇ ਸੀ ਕਿ ਮੁਅੱਤਲੀ ਅਧੀਨ ਇੰਸਪੈਕਟਰ ਨੂੰ ਫਿਰ ਤੋਂ ਐਸਐਚਓ ਲਗਾ ਦਿੱਤਾ। ਸੂਤਰਾਂ ਦੀ ਜਾਣਕਾਰੀ ਅਨੁਸਾਰ ਇਸਪੈਕਟਰ ਗਿੱਲ ਪੰਜਾਬ ਦੇ ਇਕ ਕੈਬਨਿਟ ਮੰਤਰੀ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਥਾਣਾ ਮੁਖੀ ਦੇ ਪਹਿਲਾਂ ਵੀ ਸ਼ਿਕਾਇਤਾਂ ਦੀ ਇਨਕੁਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਖ਼ਿਲਾਫ਼ ਪੁਲੀਸ ਮੁਲਾਜ਼ਮਾਂ ਨੇ ਹੀ ਸ਼ਿਕਾਇਤਾਂ ਦਿੱਤੀਆਂ ਸਨ।
ਅੱਜ ਵੱਖ ਵੱਖ ਨਾਮੀ ਅਖ਼ਬਾਰਾਂ ਵੱਲੋਂ ਇਸ ਮੁੱਦੇ ਨੂੰ ਉਭਾਰੇ ਜਾਣ ਕਾਰਨ ਗਿੱਲ ਨੂੰ ਫਿਰ ਤੋਂ ਥਾਣਾ ਮੁਖੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਹੁਣ ਥਾਣਾ ਫੇਜ਼-1 ਦੇ ਐਸਐਚਓ ਰਾਜੀਵ ਕੁਮਾਰ ਨੂੰ ਮਟੌਰ ਦਾ ਥਾਣਾ ਮੁਖੀ ਲਾਇਆ ਗਿਆ ਹੈ ਅਤੇ ਫੇਜ਼-1 ਥਾਣੇ ’ਚੋਂ ਬੀਤੇ ਕੱਲ੍ਹ ਹੀ ਬਦਲੇ ਗਏ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਮੁੜ ਤੋਂ ਥਾਣਾ ਫੇਜ਼-1 ਦਾ ਐਸਐਚਓ ਤਾਇਨਾਤ ਕੀਤਾ ਗਿਆ ਹੈ।