ਕੁਲਜੀਤ ਬੇਦੀ ਦੇ ਉਪਰਾਲਿਆਂ ਸਦਕਾ ਮੁਹਾਲੀ ਵਿੱਚ ਸੀਵਰੇਜ ਪ੍ਰਾਜੈਕਟ ਦਾ ਕੰਮ ਹੋਇਆ ਸ਼ੁਰੂ

ਕਰੋਨਾ ਦੇ ਮੱਦੇਨਜ਼ਰ ਕਰਫਿਊ ਕਾਰਨ ਸੀਵਰੇਜ ਪ੍ਰਾਜੈਕਟ ਦਾ ਕਾਫੀ ਦਿਨਾਂ ਤੋਂ ਠੱਪ ਪਿਆ ਸੀ ਨਿਰਮਾਣ ਕੰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਮੁਹਾਲੀ ਨਗਰ ਨਿਗਮ ਨੇ ਸ਼ਹਿਰ ਵਿੱਚ 4 ਦਹਾਕੇ ਪੁਰਾਣੇ ਸੀਵਰੇਜ ਸਿਸਟਮ ਨੂੰ ਬਦਲ ਕੇ ਨਵੇਂ ਸਿਰਿਓਂ ਸੀਵਰੇਜ਼ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਰੋਨਾਵਾਇਰਸ ਦੇ ਮੱਦੇਨਜ਼ਰ ਕਰਫਿਊ ਲੱਗਣ ਕਾਰਨ 22 ਕਰੋੜੀ ਸੀਵਰੇਜ ਦਾ ਇਹ ਵੱਕਾਰੀ ਪ੍ਰਾਜੈਕਟ ਦਾ ਕਾਫੀ ਦਿਨਾਂ ਤੋਂ ਬੰਦ ਪਿਆ ਸੀ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਸਨ। ਇਸ ਸਬੰਧੀ ਹਾਊਸ ਵਿੱਚ ਮਤਾ ਪਾਸ ਕਰਕੇ ਪੁਰਾਣਾ ਸੀਵਰੇਜ ਸਿਸਟਮ ਬਦਲ ਕੇ ਨਵੇਂ ਸਿਰਿਓਂ ਸੀਵਰੇਜ ਪਾਉਣ ਦਾ ਫੈਸਲਾ ਲਿਆ ਗਿਆ ਸੀ। ਆਰਟੀਆਈ ਕਾਰਕੁਨ ਅਤੇ ਸਮਾਜ ਸੇਵੀ ਆਗੂ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਨਿਗਮ ਦੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਹੁਣ ਜਦੋਂ ਕਰਫਿਊ ਕਾਰਨ ਸੜਕਾਂ ਸੁੰਨੀਆਂ ਪਈਆਂ ਤਾਂ ਇਸ ਦੌਰਾਨ ਸੀਵਰੇਜ ਦਾ ਬੰਦ ਪਿਆ ਕੰਮ ਮੁੜ ਸ਼ੁਰੂ ਕੀਤਾ ਜਾਵੇ।
ਕੁਲਜੀਤ ਬੇਦੀ ਨੇ ਕਿਹਾ ਕਿ ਸ਼ਹਿਰ ਵਿੱਚ ਲਗਭਗ 22 ਕਰੋੜ ਦੀ ਲਾਗਤ ਵਾਲੇ ਨਵੇਂ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਪਿਛਲੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਸੀ। ਪੰਜਾਬ ਵਿੱਚ ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਇਹ ਕੰਮ ਬੰਦ ਹੋ ਗਿਆ ਸੀ। ਸ਼ਹਿਰ ਦਾ ਇਹ ਅਹਿਮ ਪ੍ਰਾਜੈਕਟ ਬਰਸਾਤ ਤੋਂ ਪਹਿਲਾਂ ਚਾਲੂ ਹੋਣਾ ਜ਼ਰੂਰੀ ਸੀ ਅਤੇ ਉਨ੍ਹਾਂ ਇਹ ਮਾਮਲਾ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਉਣ ਦੇ ਨਾਲ ਨਾਲ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਸਨ। ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਾਜੈਕਟ ਦਾ ਕੰਮ ਮੁਕੰਮਲ ਹੋਣ ਉਪਰੰਤ ਨਾਈਪਰ ਤੋਂ ਫੇਜ਼-11 ਸਥਿਤ ਬਾਵਾ ਵਾਈਟ ਹਾਊਸ ਨੂੰ ਜਾਣ ਵਾਲੀ ਮੁੱਖ ਸੜਕ ਵੀ ਛੇਤੀ ਆਵਾਜਾਈ ਲਈ ਖੱੁਲ੍ਹ ਸਕੇਗੀ ਅਤੇ ਬਰਸਾਤ ਦੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਕੋਈ ਮੁਸ਼ਕਲ ਵੀ ਪੇਸ਼ ਨਹੀਂ ਆਵੇਗੀ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਤੇ ਪ੍ਰਸ਼ਾਸਕ ਕਮਲ ਕੁਮਾਰ ਗਰਗ ਨੇ ਦੱਸਿਆ ਕਿ ਸੀਵਰੇਜ ਪ੍ਰਾਜੈਕਟ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨਿਰਮਾਣ ਕੰਮ ਵਿੱਚ ਲੱਗੇ ਤਕਨੀਕੀ ਮਾਹਰਾਂ ਅਤੇ ਮਜ਼ਦੂਰਾਂ ਨੂੰ ਕਰੋਨਾ ਦੇ ਮੱਦੇਨਜ਼ਰ ਕਰਫਿਊ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਆਦੇਸ਼ ਦੀ ਹੂਬਹੂ ਪਾਲਣ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…