ਮੁਹਾਲੀ ਵਿੱਚ 16 ਦਸੰਬਰ ਨੂੰ ਲਗਾਇਆ ਜਾਵੇਗਾ 10ਵਾਂ ਕੈਂਸਰ ਜਾਂਚ ਤੇ ਮੈਡੀਕਲ ਕੈਂਪ: ਧਨੋਆ

ਮੀਟਿੰਗ ਵਿੱਚ ਕੈਂਪ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ

ਨਬਜ਼-ਏ-ਪੰਜਾਬ, ਮੁਹਾਲੀ, 13 ਦਸੰਬਰ:
ਉੱਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਪੰਜਾਬੀ ਵਿਰਸਾ ਸਭਿਆਚਾਰ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਦੀ ਮੁਫ਼ਤ ਜਾਂਚ ਅਤੇ ਇਲਾਜ ਲਈ 10ਵਾਂ ਕੈਂਸਰ ਕੇਅਰ ਕੈਂਪ 16 ਦਸੰਬਰ ਨੂੰ ਇੱਥੋਂ ਦੇ ਸੈਕਟਰ-69 ਸਥਿਤ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਟੀਮ ਵੱਲੋਂ ਲਗਾਏ ਜਾ ਰਹੇ ਇਸ ਕੈਂਸਰ ਜਾਂਚ ਕੈਂਪ ਦੌਰਾਨ ਸਾਰੇ ਮੈਡੀਕਲ ਟੈਸਟ ਮੌਕੇ ’ਤੇ ਮੌਜੂਦ ਡਾਕਟਰਾਂ ਦੀ ਸਲਾਹ ਮੁਤਾਬਕ ਕੀਤੇ ਜਾਣਗੇ। ਜਿਨ੍ਹਾਂ ਵਿੱਚ ਮੈਮੋਗਰਾਫੀ ਟੈੱਸਟ, ਅੌਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ ਪੈਪ ਸਮੀਅਰ ਟੈਸਟ, ਗਦੂਦਾਂ ਦੇ ਕੈਂਸਰ ਦੇ ਟੈਸਟ, ਮੂੰਹ ਦੇ ਕੈਂਸਰ ਦੇ ਟੈਸਟ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਅਤੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਲਈ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਕੈਂਸਰ ਦੇ ਮਰੀਜ਼ਾਂ ਨੂੰ ਸਹੀ ਸਲਾਹ ਦੇਣ ਦੇ ਨਾਲ-ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਸਬੰਧੀ ਮੁਫ਼ਤ ਦਵਾਈਆਂ ਅਤੇ ਆਮ ਬੀਮਾਰੀਆਂ ਦੇ ਇਲਾਜ ਲਈ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਦੀਆਂ ਤਿਆਰੀਆਂ ਦੀ ਨਜ਼ਰਸਾਨੀ ਕਰਨ ਲਈ ਸੁਸਾਇਟੀ ਅਹੁਦੇਦਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਦੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਸੁਸਾਇਟੀ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਸ ਮੌਕੇ ਡਿਪਲਾਸਟ ਗਰੁੱਪ ਦੇ ਚੇਅਰਮੈਨ ਅਸ਼ੋਕ ਗੁਪਤਾ ਨੇ ਕਿਹਾ ਕਿ ਜੇਕਰ ਕੈਂਸਰ ਦੀ ਬੀਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ। ਉਨ੍ਹਾਂ ਕੈਂਸਰ ਸਬੰਧੀ ਘਰ-ਘਰ ਜਾਗਰੂਕਤਾ ਦਾ ਹੋਕਾ ਦੇਣ ਦੀ ਅਪੀਲ ਵੀ ਕੀਤੀ। ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਪ੍ਰਧਾਨ ਜਗਮੋਹਨ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਵਿੱਚ ਕੈਂਸਰ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਵਰਲਡ ਕੈਂਸਰ ਕੇਅਰ ਦੀ ਟੀਮ ਥਾਂ-ਥਾਂ ਪਹੁੰਚ ਕੇ ਮੁਫ਼ਤ ਟੈਸਟ ਅਤੇ ਜਾਗਰੂਕਤਾ ਫੈਲਾ ਰਹੀ ਹੈ।
ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ ਨੇ ਕਿਹਾ ਕਿ ਕੈਂਪ ਦੌਰਾਨ ਕੀਤੇ ਗਏ ਟੈਸਟਾਂ ਦੀਆਂ ਰਿਪੋਰਟਾਂ ਸੁਸਾਇਟੀ ਦੇ ਵਾਲੰਟੀਅਰਾਂ ਵੱਲੋਂ ਘਰ-ਘਰ ਪੁੱਜਦੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪਰਿਵਾਰਕ ਕੰਮਾਂ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਆਰਥਿਕ ਪੱਖੋ ਕਮਜ਼ੋਰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਸੁਸਾਇਟੀ ਆਪਣੀ ਸਮੱਰਥਾ ਅਨੁਸਾਰ ਮਦਦ ਲਈ ਤਤਪਰ ਹੈ।
ਮੀਟਿੰਗ ਵਿੱਚ ਅਮਰਜੀਤ ਸਿੰਘ ਧਨੋਆ, ਜਗਦੀਪ ਸਿੰਘ ਮਾਵੀ, ਰਵਿੰਦਰ ਰਾਣਾ, ਨਰਿੰਦਰ ਸਿੰਘ ਮਨੌਲੀ, ਹਮਰਾਜ ਸਿੰਘ ਧਨੋਆ, ਹਰਦੀਪ ਸਿੰਘ ਰੁਪਾਲਹੇੜੀ, ਅਮਰਜੀਤ ਸਿੰਘ ਸੋਹਾਣਾ, ਦੀਪਇੰਦਰ ਸਿੰਘ, ਦਵਿੰਦਰ ਸਿੰਘ ਸੋਢੀ,ਪੰਨੂੰ ਨਰੂਲਾ, ਅਕਸ਼ਦੀਪ ਸਿੰਘ ਕਲੇਰ, ਜਗਵਿੰਦਰ ਸਿੰਘ ਬਾਕਰਪੂਰ, ਮਨਪ੍ਰੀਤ ਸਿੰਘ ਰੂਬਲ ਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਮੀ ਸਰਵਿਸ ਕੋਰਪ ਵੱਲੋਂ ਅਗਨੀਵੀਰਵਾਯੂ ਦੀ ਭਰਤੀ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਮੁਹਿੰਮ 07 ਜੁਨਵਰੀ ਤੋਂ

ਆਰਮੀ ਸਰਵਿਸ ਕੋਰਪ ਵੱਲੋਂ ਅਗਨੀਵੀਰਵਾਯੂ ਦੀ ਭਰਤੀ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਮੁਹਿੰਮ 07 ਜੁਨਵਰੀ ਤੋਂ ਚੰਡ…