
ਸੰਘਰਸ਼ਾਂ ’ਚੋਂ ਨਿਕਲੀ ਆਮ ਆਮਦੀ ਪਾਰਟੀ ਹੁਣ ਕੱਚੇ ਮੁਲਾਜ਼ਮਾਂ ਦੀ ਸੰਘੀ ਘੁੱਟਣ ਦੇ ਰਾਹ ਪਈ
ਹੱਕ ਮੰਗਣ ਵਾਲੇ ਮੁਲਾਜ਼ਮਾਂ ਨੂੰ ਆਪ ਸਰਕਾਰ ਨੇ ਘਰਾਂ ਵਿੱਚ ਕੀਤਾ ਨਜ਼ਰਬੰਦ, ਸਰਕਾਰ ਵਿਰੁੱਧ ਨਾਅਰੇਬਾਜ਼ੀ
ਨਬਜ਼-ਏ-ਪੰਜਾਬ, ਮੁਹਾਲੀ, 14 ਸਤੰਬਰ:
ਖੁਦ ਸੰਘਰਸ਼ ਦੇ ਰਸਤੇ ਵਿਚੋਂ ਨਿਕਲ ਕੇ ਸੱਤਾ ਵਿਚ ਆਉਣ ਵਾਲੀ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਸਘੰਰਸ਼ ਨੂੰ ਦਬਾਉਣ ਤੇ ਉਤਰ ਆਈ ਹੈ। ਅੱਜ ਸਵੇਰੇ ਤੜਕਸਾਰ ਜ਼ਿਲ੍ਹਾ ਜਲੰਧਰ ਦੇ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਨੂੰ ਉਸਦੇ ਘਰ ਨਜ਼ਰਬੰਦ ਕਰ ਦਿੱਤਾ ਗਿਆ। ਆਗੂਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਮੰਤਰੀਆ ਵੱਲੋਂ ਇਕ ਪਾਸੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਤਨਖਾਹ ਕਟੋਤੀ ਦਾ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਨੂੰ ਐਨਾ ਡਰ ਹੈ ਕਿ ਉਨ੍ਹਾਂ ਦੇ ਕੋਮੀ ਆਗੂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਫੇਰੀ ਤੇ ਆਉਣ ਦੋਰਾਨ ਮੁਲਾਜ਼ਮ ਆਗੂਆ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।ਅੱਜ ਸਰਕਾਰ ਦੀ ਇਸ ਧੱਕੇਸ਼ਾਹੀ ਨੀਤੀ ਵਿਰੁੱਧ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂ ਕੁਲਦੀਪ ਸਿੰਘ ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਸਰਕਾਰ ਤੁਰੰਤ ਮੁਲਾਜ਼ਮਾਂ ਦੀ ਤਨਖਾਹ ਕਟੋਤੀ ਖਤਮ ਕਰੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਲਾਭ ਦੇ ਕੇ ਰੈਗੂਲਰ ਦੇ ਆਰਡਰ ਜ਼ਾਰੀ ਕਰੇ। ਆਗੂਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਇਹੀ ਰਵੱਈਆ ਰਿਹਾ ਤਾਂ ਮੁਲਾਜ਼ਮ ਲਹਿਰ ਬਣਾ ਕੇ ਸਰਕਾਰ ਵਿਰੁੱਧ ਵੱਡਾ ਸਘੰਰਸ਼ ਵਿੱਢਣ ਲਈ ਮਜ਼ਬੂਰ ਹੋਣਗੇ ਅਤੇ ਵਿਭਾਗ ਦਾ ਕੰਮ ਵੀ ਠੱਪ ਕਰਨ ਤੋਂ ਪਿੱਛੇ ਨਹੀ ਹਟਣਗੇ।