ਕਿਸਾਨਾਂ ਤੇ ਜਵਾਨਾਂ ਨਾਲ ਧੱਕਾ ਕਰਕੇ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਪਿੱਠੂ ਬਣੀ ‘ਆਪ’ ਸਰਕਾਰ
ਜੇਕਰ ਪੰਜਾਬੀ ਮਾਨ ਸਤਿਕਾਰ ਕਰਨਾ ਜਾਣਦੇ ਹਨ ਤਾਂ ਭਾਜੀ ਮੋੜਨਾ ਵੀ ਜਾਣਦੇ ਹਨ: ਕੁਲਜੀਤ ਬੇਦੀ
ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ:
ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਪਿੱਠੂ ਵਜੋਂ ਕੰਮ ਕਰ ਰਹੇ ਹਨ ਅਤੇ ਇਹੀ ਵਜ੍ਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਜਵਾਨਾਂ ਨਾਲ ਲਗਾਤਾਰ ਵਾਰ-ਵਾਰ ਜੋ ਧੋਖਾ ਅਤੇ ਧੱਕਾ ਕੀਤਾ ਗਿਆ ਹੈ ਉਹੀ ਧੋਖਾ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਵੀ ਭਾਜਪਾ ਦੀ ਤਰਜ ਅਤੇ ਹਦਾਇਤਾਂ ਤੇ ਕਿਸਾਨਾਂ ਅਤੇ ਜਵਾਨਾਂ ਨੂੰ ਦਿੱਤਾ ਹੈ। ਇਹ ਗੱਲ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਕ ਬਿਆਨ ਵਿੱਚ ਕਹੀ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਧੋਖੇ ਵਿੱਚ ਰੱਖਦਿਆਂ ਉਹਨਾਂ ਦੇ ਸ਼ਾਂਤਮਈ ਧਰਨੇ ਨੂੰ ਪੂਰੀ ਬਰਬਰਤਾ ਨਾਲ ਖ਼ਤਮ ਕੀਤਾ ਹੈ ਅਤੇ ਚੁੱਕਿਆ ਹੈ ਅਤੇ ਦੂਜੇ ਪਾਸੇ ਪਟਿਆਲਾ ਵਿੱਚ ਇੱਕ ਸਰਵਿੰਗ ਕਰਨਲ ਅਤੇ ਉਸ ਦੇ ਪੁੱਤਰ ਦੀ ਕਟਈ ਦੇ ਨਾਲ ਨਾਲ ਅੰਮ੍ਰਿਤਸਰ ਵਿੱਚ ਇੱਕ ਅਨੁਸੂਚਿਤ ਜਾਤੀ ਦੇ ਫੌਜੀ ਜਵਾਨ ਦੇ ਨਾਲ ਪੁਲਿਸ ਵੱਲੋਂ ਕੁਟਾਈ ਕੀਤੀ ਗਈ ਹੈ ਜਿਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਜਿਸ ਸਬੰਧੀ ਖ਼ੁਦ ਸਾਬਕਾ ਫੌਜੀਆਂ ਦੀਆਂ ਸੰਸਥਾਵਾਂ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਮਾਨ ਸਰਕਾਰ ਨੇ ਛਿੱਕੇ ਟੰਗ ਦਿੱਤੀ ਹੈ ਅਤੇ ਇਹ ਸਰਕਾਰ ਪੂਰੀ ਤਰ੍ਹਾਂ ਪਿੱਠੂ ਕੇਂਦਰ ਸਰਕਾਰ ਬਣ ਕੇ ਰਹਿ ਗਈ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਪੰਜਾਬੀ ਸਾਰਿਆਂ ਨੂੰ ਬਹੁਤ ਸਤਿਕਾਰ ਅਤੇ ਮਾਣ ਦਿੰਦੇ ਹਨ ਪਰ ਜਦੋਂ ਗੱਲ ਆਪਣੇ ਮਾਨ ਸਤਿਕਾਰ ਤੇ ਆ ਜਾਵੇ ਅਤੇ ਸਰਕਾਰਾਂ ਧੱਕਾ ਕਰਨ ਤੋਂ ਨਾ ਹਟਣ ਤਾਂ ਪੰਜਾਬੀ ਇਸ ਦਾ ਪੂਰਾ ਜਵਾਬ ਦੇਣਾ ਵੀ ਜਾਣਦੇ ਹਨ ਅਤੇ ਭਾਜੀ ਮੋੜਨਾ ਵੀ ਜਾਣਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਅਤੇ ਜਵਾਨਾਂ ਦਾ ਪੂਰਨ ਸਤਿਕਾਰ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈਆਂ ਕੀਤੀਆਂ ਜਾਣ।