Nabaz-e-punjab.com

‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਢਾਹ ਲਾਉਣ ਦਾ ਕੇਵਲ ਇਕ ਸਿਆਸੀ ਸਟੰਟ: ਕੈਪਟਨ ਅਮਰਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਦਸੰਬਰ:
ਹਾਲ ਹੀ ਦੀਆਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਫ਼ਲਤਾ ਹਾਸਲ ਕਰ ਚੁੱਕੀ ਕਾਂਗਰਸ ਨੂੰ ਢਾਹ ਲਾਉਣ ਦੇ ਉਦੇਸ਼ ਨਾਲ ਆਪਣੇ ਸਿਆਸੀ ਸਟੰਟ ਵਜੋਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ‘ਦੀ ਐਕਸੀਡੈਂਟਲ ਪ੍ਰਾਈਮ ਮਨੀਸਟਰ’ ਨੂੰ ਬੜ੍ਹਾਵਾ ਦੇਣ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਖਿੱਲੀ ਉਡਾਈ ਹੈ।
ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਫਿਲਮ ਨੂੰ ਵਰਤੇ ਜਾਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਨਾ ਕੇਵਲ ਬਚਕਾਨਾ ਸਗੋਂ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਬੇਸ਼ਰਮੀ ਭਰੀਆਂ ਹਨ ਜਿਸ ਵਿੱਚ ਡਾ. ਮਨਮੋਹਨ ਸਿੰਘ ਨੂੰ ਇਕ ਕਮਜ਼ੋਰ ਅਤੇ ਦੱਬੂ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਫਿਲਮ ਦਾ ਹਾਲ ਹੀ ਵਿੱਚ ਟ੍ਰੇਲਰ ਜਾਰੀ ਕਰ ਕੇ ਇਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੂੰ ਪਾਰਟੀ ਦੇ ਓਫਿਸ਼ੀਅਲ ਟਵੀਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ ਅਤੇ ਇਸ ਨੂੰ ਭਾਜਪਾ ਦੇ ਬਹੁਤ ਸਾਰੇ ਆਗੂਆਂ ਵੱਲੋਂ ਸੋਸ਼ਲ ਮੀਡੀਆ ‘ਤੇ ਉਭਾਰਿਆ ਗਿਆ ਹੈ ਜਿਸ ਵਿੱਚ ਮਹੱਤਵਪੂਰਨ ਸਿਆਸੀ ਮੋਕਿਆਂ ‘ਤੇ ਡਾ. ਮਨਮੋਹਨ ਸਿੰਘ ਦੀ ਆਲੋਚਣਾ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਹੋਣ ਵਾਲੀ ਪੱਕੀ ਹਾਰ ਦੇ ਸੰਦਰਭ ਵਿੱਚ ਭਾਜਪਾ ਦੀ ਇਹ ਨਿਰਾਸ਼ਾ ਭਰੀ ਬੁਖਲਾਹਟ ਦਾ ਪ੍ਰਗਟਾਵਾ ਹੈ।
ਆਪਣੇ ਸਿਆਸੀ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਸੌੜੀ ਸਿਆਸਤ ਵਿੱਚ ਗਲਤਾਨ ਹੋਣ ਲਈ ਭਾਜਪਾ ਦੀ ਤਿੱਖੀ ਆਲੋਚਣਾ ਕਰਦੇ ਹੋਏ ਮੁੱਖ ਮੰਤਰੀ ਨੇ ਭਾਜਪਾ ਆਗੂਆਂ ਨੂੰ ਲੋਕਾਂ ਦਾ ਸਮਰਥਨ ਗੁਆ ਚੁੱਕੇ ਹੋਣ ਦੀ ਕੌੜੀ ਸੱਚਾਈ ਪ੍ਰਵਾਨ ਕਰਨ ਲਈ ਆਖਿਆ ਹੈ ਕਿਉਂਕਿ ਹੁਣ ਉਹ ਇਸ ਤਰ੍ਹਾਂ ਦੀ ਘਟੀਆ ਸਿਆਸਤ ਦੇ ਨਾਲ ਵਾਪਿਸ ਸੱਤਾ ਵਿੱਚ ਨਹੀਂ ਆ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਡਾ. ਮਨਮੋਹਨ ਸਿੰਘ ਦੇ ਤਿੱਖੇ ਆਲੋਚਕਾਂ ਨੂੰ ਵੀ ਉਨ੍ਹਾਂ ਦਾ ਕੋਈ ਵੀ ਔਗੁਣ ਨਹੀਂ ਲੱਭਾ ਜਦਕਿ ਭਾਰਤੀ ਜਨਤਾ ਪਾਰਟੀ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਵਰਤ ਰਹੀ ਹੈ। ਇਸ ਦਾ ਉਦੇਸ਼ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੂੰ ਢਾਹ ਲਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੋਣ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਅਨੇਕਾਂ ਵਾਰ ਮਿਲੇ ਜੋ ਕਿ ਇਕ ਮਹਾਨ ਅਰਥਸ਼ਾਸਤਰੀ, ਆਜ਼ਾਦ ਸੋਚ ਵਾਲੇ ਅਤੇ ਫੈਸਲਾ ਲੈਣ ਵਾਲੇ ਵਿਅਕਤੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰਤ ਦੇ ਸਭ ਤੋਂ ਵੱਧ ਬੁੱਧੀਮਾਨ ਅਤੇ ਦੂਰਦ੍ਰਿਸ਼ਟੀ ਵਾਲੇ ਵਿਅਕਤੀ ਵਜੋਂ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਤੋਂ ਡਾ. ਮਨਮੋਹਨ ਸਿੰਘ ਨੂੰ ਪ੍ਰਾਪਤ ਹੋਈ ਪੂਰਨ ਆਜ਼ਾਦੀ ਦੇ ਨਿੱਜੀ ਤੌਰ ‘ਤੇ ਗਵਾਹ ਹਨ। ਉਨ੍ਹਾਂ ਕਿਹਾ ਕਿ ਸੋਨੀਆਂ ਗਾਂਧੀ ਸਰਕਾਰ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਉਲਟ ਕਾਂਗਰਸ ਆਪਣੇ ਆਗੂਆਂ ਅਤੇ ਮੈਂਬਰਾਂ ਨੂੰ ਆਪਣਾ ਕੰਮ ਕਾਜ ਆਪਣੀ ਸੋਚ ਅਨੁਸਾਰ ਚਲਾਉਣ ਦੇਣ ਦੀ ਆਗਿਆ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹ ਖਾਸਤੌਰ ‘ਤੇ ਡਾ. ਮਨਮੋਹਨ ਸਿੰਘ ਦੇ ਮਾਮਲੇ ਵਿੱਚ ਸਹੀ ਸੀ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਨਾਉਣਾ ਹੀ ਆਪਣੇ ਆਪ ਵਿੱਚ ਸਪਸ਼ਟ ਸੰਕੇਤ ਸੀ ਕਿ ਪਾਰਟੀ ਉਨ੍ਹਾਂ ਦੀ ਯੋਗਤਾ ਅਤੇ ਸਮਰਥਾ ਵਿੱਚ ਵਿਸ਼ਵਾਸ ਰੱਖਦੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਉਸ ਤਰ੍ਹਾਂ ਕੰਮ ਚਲਾਉਣ ਦੀ ਪੂਰਨ ਆਜ਼ਾਦੀ ਹੈ ਜਿਸ ਤਰ੍ਹਾਂ ਉਹ ਪੰਜਾਬ ਦੇ ਹਿੱਤਾਂ ਵਿੱਚ ਕੰਮ ਚਲਾਉਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਤੌਰ ‘ਤੇ ਇਨ੍ਹਾਂ ਤੱਥਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਕਿ ਪਾਰਟੀ ਨੇ ਇਨ੍ਹਾਂ ਮਾਮਲਿਆਂ ਵਿੱਚ ਦਖਲਅੰਦਾਜੀ ਨਾ ਕਰਨ ਦੀ ਨੀਤੀ ਅਪਣਾਈ ਹੋਈ ਹੈ।
ਫਿਲਮ ਅਤੇ ਉਸ ਕਿਤਾਬ ਵਿੱਚ ਜਿਸ ਦੇ ਆਧਾਰ ‘ਤੇ ਇਸ ਫਿਲਮ ਨੂੰ ਬਣਾਇਆ ਗਿਆ ਹੈ, ਵਿੱਚ ਪਾਰਟੀ ਦੀ ਲੀਡਰਸ਼ਿਪ ਦੇ ਨਿਰਦੇਸ਼ਾਂ ‘ਤੇ ਕਠਪੁਤਲੀ ਵਜੋਂ ਡਾਂਸ ਕਰਨ ਨੂੰ ਪੇਸ਼ ਕੀਤੇ ਜਾਣ ਦੇ ਉਲਟ ਡਾ. ਮਨਮੋਹਨ ਸਿੰਘ ਇਕ ਵਿਸ਼ਵ-ਪੱਧਰੀ ਆਗੂ ਹਨ। ਆਪਣੇ ਦੂਰਦਰਸ਼ੀ ਫੈਸਲਿਆਂ ਦੇ ਰਾਹੀਂ ਵਿਸ਼ਵ ਵਿੱਚ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਵਾਸਤੇ ਸਮੁੱਚਾ ਦੇਸ਼ ਹਮੇਸ਼ਾਂ ਹੀ ਸਬਕਾ ਪ੍ਰਧਾਨ ਮੰਤਰੀ ਦਾ ਰਿਣੀ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਭਾਰਤ ਵਿਸ਼ਵ ਆਰਥਿਕ ਮਹਾਂ ਸ਼ਕਤੀ ਬਣਿਆ ਹੈ ਤਾਂ ਇਸ ਦਾ ਸਾਰਾ ਸਿਹਰਾ ਡਾ. ਮਨਮੋਹਨ ਸਿੰਘ ਨੂੰ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਸਿਆਸੀ ਲਾਭਾਂ ਦੇ ਲਈ ਦੇਸ਼ ਨੂੰ ਵਿਸ਼ਵ-ਪੱਧਰੀ ਸਥਿਤੀ ਤੋਂ ਹੇਠਾਂ ਖਿੱਚਣ ਦੀਆਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ ਹੁਣ ਨਿਰਾਸ਼ਾਜਣਕ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸ ਵਾਸਤੇ ਭਾਰਤ ਦੇ ਇੱਕ ਮਹਾਨ ਪ੍ਰਧਾਨ ਮੰਤਰੀ ਵਿਰੁੱਧ ਝੂਠੇ ਕੂੜ ਪ੍ਰਚਾਰ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਾ ਕੇਵਲ ਰਾਸ਼ਟਰੀ ਮੋਰਚੇ ‘ਤੇ ਸਗੋਂ ਵਿਸ਼ਵ-ਪੱਧਰ ‘ਤੇ ਵੀ ਡਾ. ਮਨਮੋਹਨ ਸਿੰਘ ਨੇ ਵੱਡਾ ਸਤਿਕਾਰ ਹਾਸਲ ਕੀਤਾ ਹੈ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਸਾਰੇ ਮੋਰਚਿਆਂ ‘ਤੇ ਨਿਵੇਕਲੀ ਭੂਮਿਕਾ ਨਿਭਾਈ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…