ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਫਿਰੌਤੀ ਮੰਗਣ ਵਾਲਾ ਮੁਲਜ਼ਮ ਅਸਲੇ ਸਣੇ ਗ੍ਰਿਫ਼ਤਾਰ

ਨਾਜਾਇਜ਼ ਅਸਲੇ ਦੇ ਇੱਕ ਹੋਰ ਵੱਖਰੇ ਮਾਮਲੇ ਵਿੱਚ ਮੁਲਜ਼ਮ ਕਾਬੂ

ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ:
ਜ਼ਿਲ੍ਹਾ ਪੁਲੀਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਫਿਰੌਤੀਆਂ ਮੰਗਣ ਅਤੇ ਅਲੀਗੜ੍ਹ (ਯੂਪੀ) ਤੋਂ ਸਸਤੇ ਭਾਅ ’ਤੇ ਹਥਿਆਰ ਲਿਆ ਕੇ ਪੰਜਾਬ ਤੇ ਹਰਿਆਣਾ ਵਿੱਚ ਮਹਿੰਗੇ ਭਾਅ ਵੇਚਣ ਦੇ ਮਾਮਲੇ ਵਿੱਚ ਮੁਲਜ਼ਮ ਸੋਨੂੰ ਕੁਮਾਰ ਵਾਸੀ ਤ੍ਰਿਵੇਦੀ ਕੈਂਪ, ਮੁਬਾਰਕਪੁਰ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਖ਼ੁਲਾਸਾ ਅੱਜ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਕੀਤਾ।
ਇੰਜ ਹੀ ਨਾਜਾਇਜ਼ ਅਸਲੇ ਦੇ ਇੱਕ ਹੋਰ ਵੱਖਰੇ ਮਾਮਲੇ ਵਿੱਚ ਪੁਲੀਸ ਨੇ ਵਰੁਣ ਪਾਠਕ ਵਾਸੀ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2 ਨਾਜਾਇਜ਼ ਦੇਸੀ ਕੱਟੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਏਐਸਪੀ ਵੈਭਵ ਚੌਧਰੀ ਦੀ ਨਿਗਰਾਨੀ ਹੇਠ ਡੇਰਾਬੱਸੀ ਥਾਣਾ ਦੇ ਐਸਐਚਓ ਇੰਸਪੈਕਟਰ ਮਨਦੀਪ ਸਿੰਘ ਅਤੇ ਥਾਣੇਦਾਰ ਸਤਨਾਮ ਸਿੰਘ ਅਤੇ ਮੁਬਾਰਕਪੁਰ ਚੌਂਕੀ ਦੀ ਟੀਮ ਵੱਲੋਂ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਨਾਜਾਇਜ਼ ਅਸਲੇ ਦੇ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਹਨ।
ਐੱਸਐੱਸਪੀ ਦੱਸਿਆ ਕਿ ਬੀਤੀ 12 ਜੁਲਾਈ ਨੂੰ ਡੇਰਾਬੱਸੀ ਥਾਣੇ ਵਿੱਚ ਦਰਜ ਨਾਜਾਇਜ਼ ਅਸਲੇ ਮਾਮਲੇ ਵਿੱਚ ਮੁਲਜ਼ਮ ਸੋਨੂੰ ਕੁਮਾਰ ਵਾਸੀ ਤ੍ਰਿਵੇਦੀ ਕੈਂਪ, ਮੁਬਾਰਕਪੁਰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ .32 ਬੋਰ ਦਾ ਇੱਕ ਨਾਜਾਇਜ਼ ਦੇਸੀ ਪਿਸਤੌਲ ਬਰਾਮਦ ਕੀਤਾ ਸੀ। ਜਿਸ ਦੀ ਨਿਸ਼ਾਨਦੇਹੀ ’ਤੇ 315 ਬੋਰ ਦੇ 3 ਹੋਰ ਦੇਸੀ ਕੱਟੇ (7.65 ਐਮਐਮ) ਸਮੇਤ 2 ਜਿੰਦਾ ਰੋਂਦ ਅਤੇ ਇੱਕ ਦੋਨਾਲੀ ਬੰਦੂਕ ਬਰਾਮਦ ਕੀਤੀ ਗਈ। ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਹ ਅਲੀਗੜ੍ਹ (ਯੂਪੀ) ਤੋਂ ਸਸਤੇ ਭਾਅ ’ਤੇ ਹਥਿਆਰ ਖਰੀਦ ਕੇ ਪੰਜਾਬ ਅਤੇ ਹਰਿਆਣਾ ਵਿੱਚ ਮਹਿੰਗੇ ਭਾਅ ’ਤੇ ਵੇਚਦਾ ਹੈ। ਉਸ ਨੇ ਹਲਦਵਾਨੀ, ਨੈਨੀਤਾਲ (ਉੱਤਰਾਖੰਡ) ਵਿੱਚ ਇੱਕ ਸੁਨਿਆਰੇ ਨੂੰ ਵਟਸਅੱਪ ਕਾਲ ਕਰਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਫਿਰੌਤੀ ਦੀ ਮੰਗ ਵੀ ਕੀਤੀ ਸੀ। ਇਸ ਸਬੰਧੀ ਉਸ ਦੇ ਖ਼ਿਲਾਫ਼ ਥਾਣਾ ਹਲਦਵਾਨੀ (ਉੱਤਰਾਖੰਡ) ਵਿੱਚ ਪਰਚਾ ਦਰਜ ਹੈ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹ…