ਮੇਅਰ ਦਾ ਫ਼ੈਸਲਾ ਹੋਣ ਤੱਕ ਸੀਨੀਅਰ ਡਿਪਟੀ ਮੇਅਰ ਕੋਲ ਹੀ ਰਹੇਗਾ ਮੇਅਰ ਦੇ ਅਹੁਦੇ ਦਾ ਵਾਧੂ ਚਾਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਦੀ ਆਪ ਸਰਕਾਰ ਵੱਲੋਂ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕੀਤੇ ਜਾਣ ਤੋਂ ਬਾਅਦ ਉਹ ਮੇਅਰ ਦੇ ਅਹੁਦੇ ਤੋਂ ਫਾਰਗ ਹੋ ਗਏ ਹਨ ਅਤੇ ਹੁਣ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਕੋਲ ਹੀ ਰਹੇਗਾ ਕਾਰਜਕਾਰੀ ਮੇਅਰ ਦੇ ਅਹੁਦੇ ਦਾ ਚਾਰਜ। ਉਂਜ ਵੀ ਬੀਤੀ 22 ਦਸੰਬਰ ਤੋਂ ਜੀਤੀ ਸਿੱਧੂ ਵੱਲੋਂ ਨਿੱਜੀ ਤੌਰ ’ਤੇ ਵਿਦੇਸ਼ ਦੌਰੇ ਉੱਤੇ ਜਾਣ ਲਈ ਸਰਕਾਰ ਵੱਲੋਂ ਛੁੱਟੀ ਪ੍ਰਵਾਨ ਕਰਨ ਮਗਰੋਂ ਸੀਨੀਅਰ ਡਿਪਟੀ ਮੇਅਰ ਹੀ ਕਾਰਜਕਾਰੀ ਮੇਅਰ ਦਾ ਅਹੁਦਾ ਸੰਭਾਲ ਰਹੇ ਸੀ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 30 ਦਸੰਬਰ ਨੂੰ ਤਤਕਾਲੀ ਮੇਅਰ ਜੀਤੀ ਸਿੱਧੂ ਖ਼ਿਲਾਫ਼ ਚਲ ਰਹੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਉਨ੍ਹਾਂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਜਿਸ ਕਾਰਨ ਮੇਅਰ ਦਾ ਅਹੁਦਾ ਖਾਲੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਜੀਤੀ ਸਿੱਧੂ 9 ਜਨਵਰੀ ਤੱਕ ਅਮਰੀਕਾ ਗਏ ਸੀ ਪ੍ਰੰਤੂ ਸਰਕਾਰ ਦੇ ਤਾਜ਼ਾ ਫ਼ੈਸਲੇ ਕਾਰਨ ਉਹ ਭਲਕੇ 3 ਜਨਵਰੀ ਨੂੰ ਵਿਦੇਸ਼ ਤੋਂ ਵਾਪਸ ਮੁਹਾਲੀ ਪਰਤ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਚਾਰ ਜਨਵਰੀ ਨੂੰ ਆਪਣੇ ਸਾਥੀਆਂ ਨਾਲ ਮੌਜੂਦਾ ਹਾਲਾਤਾਂ ’ਤੇ ਚਰਚਾ ਕਰਨ ਅਤੇ ਕਾਨੂੰਨੀ ਮਾਹਰਾਂ ਦੀ ਰਾਇ ਲੈ ਕੇ ਪੰਜਾਬ ਸਰਕਾਰ ਦੇ ਤਾਜ਼ਾ ਫ਼ੈਸਲੇ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ।
ਸਿਆਸੀ ਹਲਕਿਆਂ ਵਿੱਚ ਇਹ ਵੀ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜੇਕਰ ਉੱਚ ਅਦਾਲਤ ਨੇ ਸੂਬਾ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਸਟੇਅ ਆਰਡਰ ਜਾਰੀ ਕਰ ਦਿੱਤੇ ਜਾਂਦੇ ਹਨ ਤਾਂ ਉਹ (ਜੀਤੀ ਸਿੱਧੂ) ਵਾਪਸ ਆਪਣੇ ਅਹੁਦੇ ’ਤੇ ਕਾਬਜ਼ ਹੋ ਜਾਣਗੇ ਪ੍ਰੰਤੂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਦੋਂ ਤੱਕ ਮੇਅਰ ਬਾਰੇ ਅੰਤਿਮ ਫ਼ੈਸਲਾ ਨਹੀਂ ਲਿਆ ਜਾਂਦਾ ਜਾਂ ਨਵੇਂ ਮੇਅਰ ਦੀ ਚੋਣ ਨਹੀਂ ਹੁੰਦੀ, ਉਦੋਂ ਤੱਕ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਦਾ ਅਹੁਦਾ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਹੀ ਸੰਭਾਲਣਗੇ।
ਉਧਰ, ਦੂਜੇ ਬੰਨ੍ਹੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੌਂਸਲਰ ਮੁਹਾਲੀ ਨਗਰ ਨਿਗਮ ’ਤੇ ਕਾਬਜ਼ ਹੋਣ ਲਈ ਤਰਲੋ ਮੱਛੀ ਹੋ ਰਹੇ ਹਨ। ਸਥਾਨਕ ਆਪ ਵਿਧਾਇਕ ਕੁਲਵੰਤ ਸਿੰਘ ਵੀ ਕਾਫ਼ੀ ਦਿਲਚਸਪੀ ਲੈ ਰਹੇ ਹਨ ਪ੍ਰੰਤੂ ਬਹੁਮਤ ਘੱਟ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ। ਮੁਹਾਲੀ ਦੇ ਕੁੱਲ 50 ਵਾਰਡ ਹਨ। ਹਾਲਾਂਕਿ ਕਾਂਗਰਸ ਦੇ 37 ਕੌਂਸਲਰ ਚੋਣ ਜਿੱਤੇ ਸਨ। ਤਿੰਨ ਮੈਂਬਰ (ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਕੁਲਦੀਪ ਕੌਰ ਧਨੋਆ ਤੇ ਨਿਰਮਲ ਕੌਰ) ਆਜ਼ਾਦ ਚੋਣ ਜਿੱਤੇ ਸੀ ਜਦੋਂਕਿ 10 ਸੀਟਾਂ ’ਤੇ ਆਜ਼ਾਦ ਗਰੁੱਪ ਅਤੇ ਆਪ ਦੇ ਕੌਂਸਲਰ ਜੇਤੂ ਰਹੇ ਸਨ, ਪ੍ਰੰਤੂ ਵਿਧਾਨ ਸਭਾ ਚੋਣਾਂ ਸਮੇਂ 2 ਕੌਂਸਲਰਾਂ ਨੇ ਕੁਲਵੰਤ ਸਿੰਘ ਨੂੰ ਝਟਕਾ ਦੇ ਕੇ ਵਾਪਸ ਅਕਾਲੀ ਦਲ ਵਿੱਚ ਚਲੇ ਗਏ ਸਨ।
ਉਧਰ, ਸਿੱਧੂ ਭਰਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਕਈ ਕਾਂਗਰਸੀ ਕੌਂਸਲਰਾਂ ਨੇ ਹਾਈ ਕਮਾਨ ਦੇ ਕਹਿਣ ’ਤੇ ਸਮਰਥਨ ਵਾਪਸ ਲੈ ਲਿਆ ਸੀ ਪ੍ਰੰਤੂ ਸਿੱਧੂ ਪਰਿਵਾਰ ਬਾਕੀ ਕੌਂਸਲਰਾਂ ਨੂੰ ਆਪਣੇ ਨਾਲ ਤੋਰਨ ਵਿੱਚ ਕਾਮਯਾਬ ਰਹੇ ਸਨ ਲੇਕਿਨ ਹੁਣ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕੀ ਕਾਂਗਰਸੀ ਕੌਂਸਲਰ ਹੁਣ ਵੀ ਪਹਿਲਾਂ ਵਾਂਗ ਉਨ੍ਹਾਂ ਨਾਲ ਖੜੇ ਰਹਿਣਗੇ ਜਾਂ ਸਰਕਾਰ ਦੇ ਦਬਾਅ ਕਾਰਨ ਝੁਕ ਜਾਣਗੇ? ਉਂਜ ਬੀਤੇ ਦਿਨੀਂ ਜੀਤੀ ਸਿੱਧੂ ਦੇ ਘਰ ਹੋਈ ਮੀਟਿੰਗ ਵਿੱਚ ਕਰੀਬ 27 ਕੌਂਸਲਰ ਦੀ ਸ਼ਮੂਲੀਅਤ ਕਰਨ ਨਾਲ ਫਿਲਹਾਲ ਸਿੱਧੂਆਂ ਦਾ ਪੱਲੜਾ ਭਾਰੀ ਜਾਪਦਾ ਹੈ।

Load More Related Articles

Check Also

VB nabs General Manager PUNSUP red handed accepting Rs 1 lakh bribe

VB nabs General Manager PUNSUP red handed accepting Rs 1 lakh bribe Official car also take…