Share on Facebook Share on Twitter Share on Google+ Share on Pinterest Share on Linkedin ਮੌਨਸੂਨ ਦੀ ਪਹਿਲੀ ਬਾਰਸ਼ ਤੋਂ ਪ੍ਰਸ਼ਾਸਨ ਨੇ ਨਹੀਂ ਲਿਆ ਸਬਕ, ਸ਼ਹਿਰ ’ਚ ਜਲਥਲ, ਲੋਕ ਪ੍ਰੇਸ਼ਾਨ ਕਈ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ’ਚ ਪਾਣੀ ਵੜਿਆ, ਰਾਹਗੀਰ, ਮੁਲਾਜ਼ਮ ਤੇ ਵਿਦਿਆਰਥੀ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ: ਮੁਹਾਲੀ ਪ੍ਰਸ਼ਾਸਨ ਨੇ ਮੌਨਸੂਨ ਦੀ ਪਹਿਲੀ ਬਾਰਸ਼ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਅੱਜ ਤੜਕਸਾਰ ਸ਼ੁਰੂ ਹੋਈ ਭਾਰੀ ਬਾਰਸ਼ ਦੇ ਪਾਣੀ ਨਾਲ ਸ਼ਹਿਰ ਵਿੱਚ ਜਲਥਲ ਹੋ ਗਈ। ਸ਼ਹਿਰ ਦਾ ਕੋਈ ਰਿਹਾਇਸ਼ੀ ਇਲਾਕਾ ਅਜਿਹਾ ਨਹੀਂ ਸੀ, ਜਿੱਥੇ ਮੀਂਹ ਦਾ ਪਾਣੀ ਜਮ੍ਹਾ ਨਾ ਹੋਇਆ ਹੋਵੇ। ਇਹੀ ਨਹੀਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਵਾਰਡਾਂ ਸਮੇਤ ਕਈ ਹੋਰਨਾਂ ਇਲਾਕਿਆਂ ਵਿੱਚ ਗੋਡੇ ਗੋਡੇ ਪਾਣੀ ਭਰ ਗਿਆ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਹੋਰਨਾਂ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਗੰਦਾ ਪਾਣੀ ਖੜਾ ਹੋਣ ਕਾਰਨ ਸਵੇਰੇ ਆਪਣੇ ਦਫ਼ਤਰ ਜਾਣ ਸਮੇਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਵੱਖ-ਵੱਖ ਥਾਵਾਂ ’ਤੇ ਲੋਕਾਂ ਦੇ ਘਰ ਵਿੱਚ ਪਾਣੀ ਦਾਖ਼ਲ ਹੋਣ ਕਾਰਨ ਕੀਮਤੀ ਸਾਮਾਨ ਖ਼ਰਾਬ ਹੋ ਗਿਆ। ਉਧਰ, ਸਰਕਾਰੀ ਸਮਾਰਟ ਸਕੂਲ ਬਲੌਂਗੀ ਵਿੱਚ ਵੀ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ। ਜਿਸ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਵਾਸੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਗੁਰਦੁਆਰਾ ਸਾਚਾ ਧਨ ਸਾਹਿਬ ਦੇ ਨੇੜੇ ਸੜਕ ’ਤੇ ਦਰਖ਼ਤ ਡਿੱਗਣ ਕਾਰਨ ਕਾਫ਼ੀ ਚਿਰ ਆਵਾਜਾਈ ਪ੍ਰਭਾਵਿਤ ਰਹੀ। ਫੇਜ਼-2 ਵਿੱਚ ਕਾਰ ਉੱਤੇ ਦਰਖ਼ਤ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ। ਕਈ ਹੋਰਨਾਂ ਥਾਵਾਂ ’ਤੇ ਵੀ ਦਰਖ਼ਤ ਡਿੱਗਣ ਬਾਰੇ ਪਤਾ ਲੱਗਾ ਹੈ। ਫੇਜ਼-4, ਫੇਜ਼-5, ਫੇਜ਼-3ਬੀ2, ਫੇਜ਼-7, ਸੈਕਟਰ-70, ਸੈਕਟਰ-71 ਅਤੇ ਫੇਜ਼-11 ਸਭ ਤੋਂ ਵੱਧ ਪ੍ਰਭਾਵਿਤ ਹੋਏ। ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ। ਸਮਾਜ ਸੇਵੀ ਸੁਖਦੀਪ ਸਿੰਘ ਨਿਆਂ ਸ਼ਹਿਰ, ਸਾਬਕਾ ਐਕਸੀਅਨ ਐਨਐਸ ਕਲਸੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਕਾਜਵੇ ਦੀ ਸਫ਼ਾਈ ਨਾ ਕੀਤੇ ਜਾਣ ਕਾਰਨ ਪਾਣੀ ਜਮ੍ਹਾ ਹੋ ਗਿਆ। ਉਨ੍ਹਾਂ ਨੇ ਖ਼ੁਦ ਵਰ੍ਹਦੇ ਮੀਂਹ ਵਿੱਚ ਕੱਸੀ ਲੈ ਕੇ ਸਫ਼ਾਈ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ਦੀ ਉੱਚੀਆਂ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। । ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਫੇਜ਼-7 ਵਿੱਚ ਦਰਜਨ ਤੋਂ ਵੱਧ ਘਰਾਂ ਵਿੱਚ ਪਾਣੀ ਵੜ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਨੇ ਜਲ ਨਿਕਾਸੀ ਪ੍ਰਬੰਧ ਤਾਂ ਕੀ ਕਰਨੇ ਸੀ, ਉਲਟਾ ਫੇਜ਼-3ਬੀ2 ਨਾਲ ਲੱਗਦੇ ਚੌਂਕ ਨੇੜਲੀ ਥਾਂ ਨੂੰ ਉੱਚਾ ਦਿੱਤਾ ਹੈ। ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਫੇਜ਼-11 ਦੇ ਲੋਕਾਂ ਨੇ ਦੋਸ਼ ਲਾਇਆ ਕਿ ਪਿਛਲੀ ਬਰਸਾਤ ਦੌਰਾਨ ਵੀ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਅੱਜ ਫਿਰ ਮੀਂਹ ਦਾ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਜਲ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਫੇਜ਼-4, ਫੇਜ਼-5, ਫੇਜ਼-3ਬੀ2, ਸੈਕਟਰ-71 ਸਮੇਤ ਹੋਰ ਪ੍ਰਭਾਵਿਤ ਇਲਾਕਿਆਂ ਦਾ ਵਰ੍ਹਦੇ ਮੀਂਹ ਵਿੱਚ ਦੌਰਾ ਕਰਕੇ ਤੁਰੰਤ ਪਾਣੀ ਦੀ ਨਿਕਾਸੀ ਕਰਵਾਈ ਗਈ। ਸ਼ਹਿਰ ਵਿੱਚ ਜਿੱਥੇ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਕੰਮ ’ਤੇ ਲੱਗੇ ਰਹੇ, ਉੱਥੇ ਉਹ ਖ਼ੁਦ ਵੀ ਲੋਕਾਂ ਦੀ ਮਦਦ ਲਈ ਡਟੇ ਗਏ। ਕੁਲਜੀਤ ਬੇਦੀ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਦੇ ਹੱਲ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਸੱਦ ਕੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਅਚਾਨਕ ਬਰਸਾਤ ਜ਼ਿਆਦਾ ਹੋਣ ਕਾਰਨ ਜਲ ਨਿਕਾਸੀ ਪ੍ਰਭਾਵਿਤ ਹੋਈ ਸੀ ਪ੍ਰੰਤੂ ਮੀਂਹ ਰੁਕਣ ਦੇ ਮਹਿਜ਼ 15-20 ਮਿੰਟਾਂ ਵਿੱਚ ਹੀ ਪਾਣੀ ਨਿਕਲ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ