ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਰੋਕਣ ਲਈ ਸਿਹਤ ਸੰਸਥਾਵਾਂ ਦਾ ਸੁਰੱਖਿਆ ਆਡਿਟ ਕਰੇਗਾ ਪ੍ਰਸ਼ਾਸਨ

ਹਸਪਤਾਲਾਂ ਵਿੱਚ ਆਉਣ ਵਾਲੇ ਵਿਅਕਤੀਆਂ ’ਤੇ ਸੀਸੀਟੀਵੀ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ

ਅੰਦਰੂਨੀ ਮਰੀਜ਼ਾਂ ਦੇ ਨਾਲ ਆਈ-ਕਾਰਡ ਧਾਰਕ ਸਿਰਫ਼ ਇੱਕ ਵਿਅਕਤੀ ਨੂੰ ਹਾਜ਼ਰ ਰਹਿਣ ਦੀ ਹੋਵੇਗੀ ਇਜਾਜ਼ਤ

ਡਿਊਟੀ ਸਮੇਂ ਮੈਡੀਕੇਅਰ ਤੇ ਪੈਰਾਮੈਡਿਕ ਪੇਸ਼ੇਵਰਾਂ ਦੇ ਹਿੱਤਾਂ ਦੀ ਰਾਖੀ ਲਈ ਜ਼ਿਲ੍ਹਾ ਸਿਹਤ ਬੋਰਡ ਦਾ ਗਠਨ

ਨਬਜ਼-ਏ-ਪੰਜਾਬ, ਮੁਹਾਲੀ, 10 ਸਤੰਬਰ:
ਸੁਪਰੀਮ ਕੋਰਟ ਵੱਲੋਂ ਡਿਊਟੀ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ (ਡਾਕਟਰਾਂ) ਅਤੇ ਪੈਰਾਮੈਡਿਕ ਸਟਾਫ਼ ਦੇ ਹਿੱਤਾਂ ਦੀ ਰਾਖੀ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਸਿਹਤ ਬੋਰਡ ਦਾ ਗਠਨ ਕਰਨ ਦੇ ਨਾਲ-ਨਾਲ ਇਹਤਿਆਤੀ ਕਦਮ ਚੁੱਕੇ ਹਨ। ਇਸ ਅਹਿਮ ਬੋਰਡ ਦੀ ਅਗਵਾਈ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਚੇਅਰਪਰਸਨ ਵਜੋਂ ਕੀਤੀ ਜਾਵੇਗੀ ਜਦੋਂਕਿ ਐੱਸਐੱਸਪੀ ਦੀਪਕ ਪਾਰਿਕ, ਸਿਵਲ ਸਰਜਨ, ਮੈਡੀਕਲ ਕਾਲਜ ਦੀ ਪ੍ਰਿੰਸੀਪਲ/ਮੈਡੀਕਲ ਸੁਪਰਡੈਂਟ, ਪੈਰਾਮੈਡਿਕ ਸਟਾਫ਼ ਦੇ ਪ੍ਰਤੀਨਿਧੀ ਵਜੋਂ ਨਰਸਿੰਗ ਸਿਸਟਰ, ਆਈਐਮਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਅਟਾਰਨੀ ਸ਼ਾਮਲ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੀ ਪਿਛਲੇ ਦਿਨੀਂ ਹਦਾਇਤਾਂ ਜਾਰ ਕੀਤੀਆਂ ਗਈਆਂ ਸਨ। ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਤੋਂ ਬਾਅਦ ਇਹ ਕਦਮ ਚੁੱਕੇ ਗਏ ਹਨ।
ਜ਼ਿਲ੍ਹਾ ਸਿਹਤ ਬੋਰਡ ਦੀ ਪਲੇਠੀ ਮੀਟਿੰਗ ਉਪਰੰਤ ਐੱਸਐੱਸਪੀ ਦੀਪਕ ਪਾਰਿਕ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ, ਸਰਕਾਰੀ ਮੈਡੀਕਲ ਕਾਲਜ, ਸਬ ਡਵੀਜ਼ਨ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਸੁਰੱਖਿਆ ਆਡਿਟ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਐਸਐਮਓਜ਼ ਦੀ ਅਗਵਾਈ ਵਾਲੀ ਹਸਪਤਾਲ ਸੁਰੱਖਿਆ ਅਤੇ ਹਿੰਸਾ ਰੋਕਥਾਮ ਕਮੇਟੀ ਵੱਲੋਂ ਸੁਰੱਖਿਆ ਆਡਿਟ ਕੀਤਾ ਜਾਵੇਗਾ। ਐਸਡੀਐਮ ਨੂੰ ਅਗਲੇ 10 ਦਿਨਾਂ ਤੱਕ ਸੁਰੱਖਿਆ ਆਡਿਟ ਮੁਕੰਮਲ ਕਰਨ ਲਈ ਸਾਰੀਆਂ ਸਿਹਤ ਸੰਸਥਾ ਦਾ ਨਿੱਜੀ ਤੌਰ ’ਤੇ ਦੌਰਾ ਕਰਨ ਲਈ ਕਿਹਾ ਗਿਆ ਹੈ। ਹਸਪਤਾਲਾਂ ਵਿੱਚ ਸੀਸੀਟੀਵੀ ਕੈਮਰੇ ਚਾਲੂ ਹਾਲਤ ਵਿੱਚ ਯਕੀਨੀ ਬਣਾਇਆ ਜਾਵੇਗਾ ਅਤੇ ਵਾਧੂ ਲਾਈਟਾਂ ਦਾ ਪ੍ਰਬੰਧ ਕਰਕੇ ਹਨੇਰੇ ਕੋਨਿਆਂ ਦੀ ਦੇਖਭਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਈਪੀਡੀ ਮਰੀਜ਼ਾਂ ਦੇ ਨਾਲ ਆਉਣ ਵਾਲੇ ਵਿਅਕਤੀਆਂ ਨੂੰ ਇੱਕ ਸਿੰਗਲ ਪਾਸ ਜਾਰੀ ਕੀਤਾ ਜਾਵੇਗਾ, ਜਿਸ ਨਾਲ ਸਿਰਫ਼ ਇੱਕ ਵਿਅਕਤੀ ਨੂੰ ਆਈਪੀਡੀ ਖੇਤਰ ਵਿੱਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ। ਸਾਰੇ ਹਸਪਤਾਲਾਂ ਵਿੱਚ ਨੇੜਲੇ ਪੁਲੀਸ ਥਾਣੇ ਅਤੇ ਚੌਂਕੀ ਦੇ ਨੰਬਰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਡਿਸਪਲੇ ਬੋਰਡ ’ਤੇ ਲਗਾਉਣ ਲਈ ਕਿਹਾ ਗਿਆ ਹੈ।
ਰਾਤ ਦੀ ਡਿਊਟੀ ਸਮੇਂ ਹਸਪਤਾਲ ਦੇ ਵੱਖ-ਵੱਖ ਖੇਤਰਾਂ ਵਿੱਚ ਡਾਕਟਰਾਂ/ਨਰਸਾਂ ਦੀ ਸੁਰੱਖਿਅਤ ਆਵਾਜਾਈ ਲਈ ਪ੍ਰਬੰਧ ਕੀਤੇ ਜਾਣਗੇ ਅਤੇ ਰਾਤ ਸਮੇਂ ਹਸਪਤਾਲਾਂ ਵਿੱਚ ਨਿਯਮਤ ਸੁਰੱਖਿਆ ਗਸ਼ਤ ਕੀਤੀ ਜਾਵੇਗੀ। ਐਮਰਜੈਂਸੀ ਦੀ ਸਥਿਤੀ ਵਿੱਚ ਹੈਲਥ ਕੇਅਰ ਸਟਾਫ਼ ਨੂੰ ‘112’ ਹੈਲਪਲਾਈਨ ’ਤੇ ਡਾਇਲ ਕਰਨਾ ਚਾਹੀਦਾ ਹੈ। ਸ਼ੱਕੀ ਵਿਅਕਤੀ ਦੀ ਆਵਾਜਾਈ ਰੋਕਣ ਲਈ ਹਸਪਤਾਲਾਂ ਦੇ ਸਟਾਫ਼ ਨੂੰ ਫੋਟੋ ਆਈਡੀ ਕਾਰਡ ਜਾਰੀ ਕੀਤੇ ਜਾਣਗੇ। ਹਰੇਕ ਸਟਾਫ਼ ਨੂੰ ਡਿਊਟੀ ਸਮੇਂ ਫੋਟੋ ਆਈਡੀ ਕਾਰਡ ਪਹਿਨਣਾ ਲਾਜ਼ਮੀ ਹੋਵੇਗਾ। ਡੀਸੀ ਨੇ ਹਸਪਤਾਲਾਂ ਅਤੇ ਹੋਰ ਸੰਸਥਾਵਾਂ ਜਿੱਥੇ ਮਹਿਲਾ ਸਟਾਫ਼ ਹੈ, ਵਿੱਚ ਜਿਨਸੀ ਸ਼ੋਸ਼ਣ ਸਬੰਧੀ 5 ਮੈਂਬਰੀ ਅੰਦਰੂਨੀ ਕਮੇਟੀ ਦਾ ਗਠਨ ਕਰਕੇ ਮਹਿਲਾ ਸਟਾਫ਼ ਦੀ ਰਾਖੀ ਕਰਨ ਦੇ ਆਦੇਸ਼ ਵੀ ਦਿੱਤੇ ਹਨ।
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪੁਲੀਸ ਵੱਲੋਂ ਨਿੱਜੀ ਸਿਹਤ ਸੰਸਥਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਡਾਕਟਰਾਂ ਅਤੇ ਹੋਰ ਪੈਰਾਮੈਡਿਕ ਸਟਾਫ਼ ਦੀ ਸੁਰੱਖਿਆ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਦਿਨ ਦੀ ਗਸ਼ਤ ਤੋਂ ਇਲਾਵਾ 10 ਅਹਿਮ ਥਾਵਾਂ ’ਤੇ ਰਾਤ ਨੂੰ ਵਿਸ਼ੇਸ਼ ਗਸ਼ਤ ਕੀਤੀ ਜਾਵੇਗੀ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 112 ਨੰਬਰ ਡਾਇਲ ਕਰਨ ਜਦੋਂ ਉਹ ਖ਼ੁਦ ਨੂੰ ਖ਼ਤਰੇ ਵਿੱਚ ਮਹਿਸੂਸ ਕਰਨ। ਉਨ੍ਹਾਂ ਐਸਐਮਓਜ਼ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਇੱਕ ਵਾਰ ਸੀਸੀਟੀਵੀ ਕੈਮਰੇ ਦੀ ਫੋਟੇਜ ਜ਼ਰੂਰ ਚੈੱਕ ਕਰਨ।
ਮੀਟਿੰਗ ਵਿੱਚ ਏਡੀਸੀ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਕਾਰਜਕਾਰੀ ਸਿਵਲ ਸਰਜਨ ਡਾ. ਰੇਨੂ ਸਿੰਘ, ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਮੈਡੀਕਲ ਸੁਪਰਡੈਂਟ ਡਾ. ਨਵਦੀਪ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਅਤੇ ਐਸਡੀਐਮਜ਼ ਅਤੇ ਐਸਐਮਓਜ਼ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…