ਅਕਾਲੀਆਂ ਨੇ ਕਾਂਗਰਸੀ ਵਿਧਾਇਕ ਸਿੱਧੂ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਨੇੜਲੇ ਪਿੰਡਾਂ ਦੇ ਕਿਸਾਨਾਂ ਨਾਲ ਨਵੀਂ ਐਰੋਸਿਟੀ ਲਈ ਵੱਖ ਵੱਖ ਪਿੰਡਾਂ ਦੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕਾਂ ਦੇ ਹੱਕ ਵਿੱਚ ਮੁਹਾਲੀ ਏਅਰਪੋਰਟ ਚੌਂਕ ਨੇੜੇ ਸਥਿਤ ਕਿਸਾਨ ਵਿਕਾਸ ਚੈਂਬਰ ਨੇੜੇ ਮੁਹਾਲੀ ਤੋਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਵਿਧਾਇਕ ਦਾ ਪੁਤਲਾ ਫੂਕਣ ਦੌਰਾਨ ਇਲਾਕੇ ਦੇ ਅਕਾਲੀ ਆਗੂ ਪੂਰੇ ਸਰਗਰਮ ਅਤੇ ਸੰਘਰਸ਼ ਦੇ ਰੌਂਅ ਵਿੱਚ ਦਿਖਾਈ ਦਿੱਤੇ। ਉਂਜ ਇਹ ਪ੍ਰੋਗਰਾਮ ਹਲਕਾ ਵਿਧਾਇਕ ਬਨਾਮ ਅਕਾਲੀ ਦਲ ਵਿੱਚ ਦੂਸ਼ਣਬਾਜ਼ੀ ਵਿੱਚ ਤਬਦੀਲ ਹੁੰਦਾ ਨਜ਼ਰ ਆਇਆ।
ਇਸ ਮੌਕੇ ਮਹਿਲਾ ਕਮਿਸ਼ਨ ਪੰਜਾਬ ਦੀ ਸਾਬਕਾ ਚੇਅਰਪਰਸਨ ਤੇ ਐਸਜੀਪੀਸੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਰਫੈਡ ਦੇ ਐਮਡੀ ਪਰਵਿੰਦਰ ਸਿੰਘ ਸੋਹਾਣਾ ਸਮੇਤ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪਿੰਡ ਪਾਪੜੀ ਦੀ 6 ਏਕੜ ਜਮੀਨ ਪੰਚਾਇਤ ਵਿਭਾਗ ਵਲੋੱ ਪ੍ਰਤੀ ਏਕੜ 3 ਕਰੋੜ ਦੇ ਹਿਸਾਬ ਨਾਲ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਗਈ ਸੀ। ਜਿਸ ਦਾ ਮੁੱਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ਵਿੱਚ ਚੁੱਕਦਿਆਂ ਕਿਹਾ ਸੀ ਕਿ ਇਹ ਜ਼ਮੀਨ ਬਹੁਤ ਸਸਤੇ ਭਾਅ ਕਲੋਨਾਈਜ਼ਰ ਨੂੰ ਦਿੱਤੀ ਗਈ ਹੈ ਅਤੇ ਇਸ ਜ਼ਮੀਨ ਦਾ ਅਸਲੀ ਮੁੱਲ 16 ਕਰੋੜ ਰੁਪਏ ਪ੍ਰਤੀ ਏਕੜ ਹੈ। ਉਸ ਸਮੇਂ ਸ੍ਰੀ ਸਿੱਧੂ ਨੇ ਇਸ ਮਾਮਲੇ ਵਿੱਚ ਵੱਡਾ ਘਪਲਾ ਹੋਣ ਦਾ ਦੋਸ਼ ਵੀ ਲਾਇਆ ਸੀ। ਬੁਲਾਰਿਆਂ ਨੇ ਕਿਹਾ ਕਿ ਜੇਕਰ ਵਿਧਾਇਕ ਸਿੱਧੂ ਪਿੰਡ ਪਾਪੜੀ ਦੀ ਜ਼ਮੀਨ ਦਾ 16 ਕਰੋੜ ਰੁਪਏ ਪ੍ਰਤੀ ਏਕੜ ਮੁੱਲ ਹੋਣ ਦਾ ਦਾਅਵਾ ਕਰ ਰਹੇ ਹਨ ਤਾਂ ਉਹਨਾਂ ਨੂੰ ਨਵੀਂ ਬਣ ਰਹੀ ਐਰੋਸਿਟੀ ਦੇ ਕਿਸਾਨਾਂ (ਜਿਨ੍ਹਾਂ ਦੀ 4500 ਏਕੜ ਜਮੀਨ ਗਮਾਡਾ ਵੱਲੋਂ ਅਕਵਾਇਰ ਕੀਤੀ ਜਾ ਰਹੀ ਹੈ) ਦਾ ਮੁੱਲ ਵੀ 16 ਕਰੋੜ ਰੁਪਏ ਪ੍ਰਤੀ ਏਕੜ ਦਿਵਾਉਣ ਲਈ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਮਾਡਾ ਵੱਲੋਂ ਇਸ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਵਿੱਚ ਕਿਸਾਨਾਂ ਨੂੰ ਧੱਕੇ ਨਾਲ ਹੀ ਲੈਂਡ ਪੁਲਿੰਗ ਸਕੀਮ ਦਿੱਤੀ ਜਾ ਰਿਹਾ ਹੈ ਜਦੋਂਕਿ ਵੱਡੀ ਗਿਣਤੀ ਕਿਸਾਨ ਇਸ ਜਮੀਨ ਬਦਲੇ ਨਗਦ ਪੈਸੇ ਲੈਣਾ ਚਾਹੁੰਦੇ ਹਨ ਅਤੇ ਇਸ ਸੰਬੰਧੀ ਗਮਾਡਾ ਵਲੋੱ ਕਿਸਾਨਾਂ ਨੂੰ ਲੈਂਡ ਪੁਲਿੰਗ ਸਕੀਮ ਦਾ ਲਾਭ ਲੈਣ ਜਾਂ ਫਿਰ ਨਗਦ ਪੈਸੇ ਲੈਣ ਵਿੱਚੋੱ ਕੋਈ ਇੱਕ ਬਦਲ ਚੁਣਨ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ, ਗੁਰਮੀਤ ਕੌਰ ਬਾਕਰਪੁਰ, ਨਛੱਤਰ ਸਿੰਘ ਬਾਕਰਪੁਰ, ਦਿਆ ਸਿੰਘ ਬਾਕਰਪੁਰ, ਸਾਹਿਬ ਸਿੰਘ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਗੁਰਮਿੰਦਰ ਸਿੰਘ, ਅਮਰਜੀਤ ਸਿੰਘ ਪੀਲੂ, ਬਲਵਿੰਦਰ ਸਿੰਘ ਲਖਨੌਰ, ਐਡਵੋਕੇਟ ਸਤਵਿੰਦਰ ਸਿੰਘ, ਜਸਦੀਪ ਸਿੰਘ ਬੱਬਰ, ਬੀਬੀ ਬਲਜਿੰਦਰ ਕੌਰ ਸੈਦਪੁਰ, ਹਰਚਰਨ ਸਿੰਘ ਸਰਪੰਚ ਸੈਦਪੁਰ, ਸੁੱਚਾ ਸਿੰਘ ਲਾਂਡਰਾ, ਸੁਖਦੇਵ ਸਿੰਘ ਲਾਂਡਰਾ, ਬਲਜੀਤ ਸਿੰਘ, ਤਰਲੋਚਨ ਸਿੰਘ ਪੰਚ, ਮਲਕੀਤ ਸਿੰਘ ਸਾਬਕਾ ਸਰਪੰਚ ਸੁੱਖਗੜ, ਯੂਥ ਅਕਾਲੀ ਆਗੂ ਸੰਨੀ ਕੰਡਾ ਵੀ ਮੌਜੂਦ ਸਨ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਮੁਹਾਲੀ ਦੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਸਲ ਵਿੱਚ ਇਹ ਰੈਲੀ ਕਿਸਾਨਾਂ ਦੀ ਆੜ ਵਿੱਚ ਅਕਾਲੀ ਦਲ ਵੱਲੋਂ ਹੀ ਕੀਤੀ ਗਈ ਹੈ ਅਤੇ ਅਕਾਲੀ ਆਗੂ ਲੈਂਡ ਮਾਫੀਆ ਦਾ ਪੱਖ ਪੂਰ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਪਾਪੜੀ ਦੀ ਜਿਸ ਜ਼ਮੀਨ ਦੀ ਕੀਮਤ ਬਾਰੇ ਉਹਨਾਂ ਨੇ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਸੀ ਉਹ 200 ਫੁੱਟ ਚੌੜੀ ਏਅਰਪੋਰਟ ਸੜਕ ’ਤੇ ਪੈਂਦੀ ਪ੍ਰਾਈਮ ਲੈਂਡ ਹੈ ਅਤੇ ਉਹ ਅੱਜ ਵੀ ਆਪਣੀ ਗੱਲ ’ਤੇ ਕਾਇਮ ਹਨ। ਉਹਨਾਂ ਕਿਹਾ ਕਿ ਅੱਜ ਦੇ ਧਰਨੇ ਵਿੱਚ ਕਿਸਾਨ ਘੱਟ ਅਤੇ ਅਕਾਲੀ ਜ਼ਿਆਦਾ ਸੀ ਅਤੇ ਅਕਾਲੀਆਂ ਨੂੰ ਇਸਦਾ ਮੋੜਵਾਂ ਜਵਾਬ ਦੇਣ ਲਈ ਉਹ ਅਗਲੇ ਹਫ਼ਤੇ ਇਸੇ ਚੌਂਕ ਵਿੱਚ ਵੱਡੀ ਰੈਲੀ ਕਰਨਗੇ। ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਣਗੇ। ਜਿਸ ਨਾਲ ਪਤਾ ਲੱਗ ਜਾਵੇਗਾ ਕਿ ਅਸਲ ਵਿੱਚ ਕਿਸਾਨ ਕਿਸਦੇ ਨਾਲ ਹਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…