ਕੱਚੇ ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ

ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ 15 ਦਸੰਬਰ ਤੋਂ ਪੱਕਾ ਮੋਰਚਾ ਸ਼ੁਰੂ ਕਰਨ ਦੀ ਚਿਤਾਵਨੀ

ਤਜਰਬਾ ਤੇ ਯੋਗਤਾ ਪੂਰੀ ਕਰਨ ਦੇ ਬਾਵਜੂਦ ਬਾਕੀ ਰਹਿੰਦੇ ਕੱਚੇ ਅਧਿਆਪਕ ਅਣਦੇਖੀ ਦਾ ਸ਼ਿਕਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਸਰਕਾਰ ਵੱਲੋਂ 6000 ਤਨਖ਼ਾਹ ਲੈਣ ਵਾਲੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਵਿੱਚ ਜਿੱਥੇ ਬੇਹੱਦ ਖ਼ੁਸ਼ੀ ਦੀ ਲਹਿਰ ਹੈ, ਉੱਥੇ ਅਧਿਆਪਕ ਯੋਗਤਾ ਦੀ ਸ਼ਰਤ ਪੂਰੀ ਕਰਨ ਵਾਲੇ 157 ਏਆਈਈ (ਕੱਚੇ ਅਧਿਆਪਕ) ਸਰਕਾਰੀ ਅਣਦੇਖੀ ਦਾ ਸ਼ਿਕਾਰ ਹਨ, ਜੋ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਆਪਣੀ ਵਿਥਿਆ ਸੁਣਾਉਂਦਿਆਂ ਜਥੇਬੰਦੀ ਦੇ ਆਗੂ ਹਰਮਨ ਸਿੰਘ ਸੰਗਰੂਰ ਅਤੇ ਸੂਬਾ ਕਨਵੀਨਰ ਤੇਜਿੰਦਰ ਕੌਰ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਨਿਯੁਕਤੀ 2009-10 ਵਿੱਚ ਹੋਈ ਸੀ ਅਤੇ ਜਿਨ੍ਹਾਂ ਅਧਿਆਪਕਾਂ ਨੂੰ ਅਗਸਤ ਮਹੀਨੇ ਪੱਕਾ ਕੀਤਾ ਗਿਆ ਹੈ, ਨਾਲ ਉਨ੍ਹਾਂ ਦੇ ਵੀ ਮਤੇ ਪਏ ਸਨ ਪ੍ਰੰਤੂ ਇਸ ਦੇ ਬਾਵਜੂਦ 157 ਅਧਿਆਪਕ ਅੱਜ ਵੀ ਪੱਕੇ ਹੋਣ ਲਈ ਸਰਕਾਰੀ ਪੱਤਰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰ ਆਸ ਦੀ ਕਿਰਨ ਨੇੜੇ-ਤੇੜੇ ਨਜ਼ਰ ਨਹੀਂ ਆ ਰਹੀ। ਜਿਸ ਕਾਰਨ ਹੁਣ ਉਨ੍ਹਾਂ ਨੇ ਥੱਕ ਹਾਰ ਕੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਲਿਆ ਹੈ।
ਇਨ੍ਹਾਂ ਪੀੜਤ ਅਧਿਆਪਕਾਂ ਨੇ ਭਰੇ ਮਨ ਨਾਲ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ। ਜਿਸ ਕਾਰਨ ਉਨ੍ਹਾਂ ਨੇ ਦੁਖੀ ਹੋ ਕੇ ਅਤੇ ਆਪਣੇ ਚੰਗੇ ਭਵਿੱਖ ਲਈ ਸ਼ਰ੍ਹੇਆਮ ‘ਆਪ’ ਦਾ ਸਮਰਥਨ ਕੀਤਾ ਸੀ। ਪ੍ਰੰਤੂ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਕਰਨ ਦੀ ਨੀਤੀ ਵਿੱਚ ਸ਼ਾਮਲ ਨਾ ਕਰਕੇ ਬੇਇਨਸਾਫ਼ੀ ਕੀਤੀ ਹੈ। ਕੱਚੇ ਅਧਿਆਪਕਾਂ ਨੇ ਕਿਹਾ ਕਿ ਇਨਕਲਾਬ ਦੀਆਂ ਗੱਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਨ ਵਾਲੀ ਆਪ ਲੀਡਰਸ਼ਿਪ ਹੁਣ ਸਾਰੇ ਕੱਚੇ ਅਧਿਆਪਕਾਂ ਨੂੰ ਇੱਕ ਅੱਖ ਨਾਲ ਕਿਉਂ ਨਹੀਂ ਦੇਖ ਰਹੀ? ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ 6000 ਤਨਖ਼ਾਹ ਲੈਣ ਵਾਲੇ ਸਾਰੇ ਕੱਚੇ ਅਧਿਆਪਕ ਪੱਕੇ ਕਰ ਦਿੱਤੇ ਹਨ ਪਰ ਅਸੀਂ ਅੱਜ ਵੀ ਕੱਚੇ ਹੀ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ।
ਪੀੜਤਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਵਿਤਕਰਾ ਬੰਦ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਬਾਕੀ ਅਧਿਆਪਕਾਂ ਵਾਂਗ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਨਹੀਂ ਤਾਂ ਉਹ 15 ਦਸੰਬਰ ਤੋਂ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ। ਸੰਘਰਸ਼ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਮੰਜੂ ਸ਼ਰਮਾ, ਸੀਮਾ ਰਾਣੀ ਬਠਿੰਡਾ, ਰੇਨੂ ਗੁਰਦਾਸਪੁਰ, ਸੁਖਬੀਰ ਮਾਨਸਾ, ਤੇਜਿੰਦਰ ਸਿੰਘ ਕਪੂਰਥਲਾ, ਸਾਹਿਬ ਸਿੰਘ ਫਾਜ਼ਿਲਕਾ, ਜਸਬੀਰ ਫਿਰੋਜ਼ਪੁਰ, ਮਹਿੰਦਰਪਾਲ ਫਾਜ਼ਿਲਕਾ, ਕਰਮਜੀਤ ਮੁਕਤਸਰ, ਕੁਲਵਿੰਦਰ ਕੌਰ ਰੂਪਨਗਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

CM lays foundation stone of expansion of the DAC, Moga by constructing third and fourth floor

CM lays foundation stone of expansion of the DAC, Moga by constructing third and fourth fl…