nabaz-e-punjab.com

ਪੰਜਾਬ ਵਿੱਚ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 28 ਫਰਵਰੀ ਤੋਂ ਹੋਵੇਗੀ ਸ਼ੁਰੂ, ਸਾਰੇ ਪ੍ਰਬੰਧ ਮੁਕੰਮਲ

ਬੋਰਡ ਮੁਖੀ ਵੱਲੋਂ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ’ਤੇ ਜ਼ੋਰ, ਬਾਰਡਰ ਏਰੀਆ ਦੇ ਪ੍ਰੀਖਿਆ ਕੇਂਦਰਾਂ ’ਤੇ ਰੱਖੀ ਜਾਵੇਗੀ ਤਿੱਖੀ ਨਜ਼ਰ

2707 ਪ੍ਰੀਖਿਆ ਕੇਂਦਰਾਂ ਵਿੱਚ ਅਪੀਅਰ ਹੋਣਗੇ 3 ਲੱਖ 37 ਹਜ਼ਾਰ ਵਿਦਿਆਰਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਸਬੰਧੀ 2707 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚ 3 ਲੱਖ 37 ਹਜ਼ਾਰ ਵਿਦਿਆਰਥੀ ਅਪੀਅਰ ਹੋਣਗੇ। ਇਸ ਗੱਲ ਦਾ ਖੁਲਾਸਾ ਸਿੱਖਆ ਬੋਰਡ ਦੇ ਬੁਲਾਰੇ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਨਕਲ ਤੇ ਭੈਅ ਰਹਿਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ ਅਤੇ ਨਕਲ ਨੂੰ ਜੜ੍ਹੋਂ ਖ਼ਤਮ ਕਰਨ ਲਈ ਬਾਰਡਰ ਏਰੀਆ ਵਿੱਚ ਉਡਣ ਦਸਤਿਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸ਼ਾਮ ਦੇ ਸੈਸ਼ਨ ਵਿੱ‘ਚ 28 ਫਰਵਰੀ ਤੋਂ 24 ਮਾਰਚ ਤੱਕ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰ ਸਰਕਾਰੀ ਅਤੇ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਦੇ ਕੈਂਪਸ ਵਿੱਚ ਹੀ ਬਣਾਏ ਗਏ ਹਨ। ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 3 ਲੱਖ 37 ਹਜ਼ਾਰ ਵਿਦਿਆਰਥੀ ਪ੍ਰੀਖਿਆ ਦੇਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਪ੍ਰਾਪਤ ਸੂਚੀਆਂ ਦੇ ਆਧਾਰ ’ਤੇ ਹੀ ਪ੍ਰੀਖਿਆ ਕੇਂਦਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਇਸ ਗੱਲ ਦਾ ਪੂਰਾ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਕੋਈ ਵੀ ਪ੍ਰੀਖਿਆ ਕੇਂਦਰ 5-7 ਕਿੱਲੋਮੀਟਰ ਦੇ ਘੇਰੇ ਵਿੱਚ ਹੋਵੇ ਤਾਂ ਜੋ ਵਿਦਿਆਰਥੀਆਂ ਨੂੰ ਆਉਣ ਜਾਣ ਵਿੱਚ ਕੋਈ ਮੁਸ਼ਕਲ ਨਾ ਹੋਵੇ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਡਿਊਟੀ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੁਣਨ ਤੋਂ ਅਸਮਰਥ ਪ੍ਰੀਖਿਆਵਾਂ ਨੂੰ ਵੱਖਰਾ ਪ੍ਰਸ਼ਨ-ਪੱਤਰ (ਕੋਡ) ਦਿੱਤਾ ਜਾਵੇਗਾ। ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇੰਝ ਹੀ ਨੇਤਰਹੀਣ, ਗੂੰਗੇ ਬੋਲੇ ਤੇ ਅਪੰਗ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਤਾਂ ਜੋ ਅਜਿਹੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
(ਬਾਕਸ ਆਈਟਮ)
ਪੁੱਛ ਪੜਤਾਲ ਤੇ ਸੂਚਨਾ ਸੰਪਰਕ ਲਈ ਫੋਨ ਨੰਬਰ ਜਾਰੀ
ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਦੀ ਜਾਣਕਾਰੀ ਲਈ ਡੀਜੀਐਸਈ, ਡੀਪੀਆਈ (ਸੈਕੰਡਰੀ), ਡੀਪੀਆਈ (ਐਲੀਮੈਂਟਰੀ), ਐਸਸੀਈਆਰਟੀ, ਸਕੂਲ ਬੋਰਡ ਤੋਂ ਕਿਸੇ ਵੀ ਤਰ੍ਹਾਂ ਦੀ ਪੁੱਛ-ਪੜਤਾਲ/ਕਿਸੇ ਪ੍ਰਕਾਰ ਦੀ ਸ਼ਿਕਾਇਤ ਦਾ ਨਿਵਾਰਨ ਕਰਨ ਲਈ ਟੈਲੀਫੋਨ ਨੰਬਰ ਨਿਰਧਾਰਿਤ ਕੀਤੇ ਗਏ ਹਨ। ਸਿੱਖਿਆ ਵਿਭਾਗ ਦੇ ਸਕੱਤਰ ਦੇ 0172-5212368, ਡੀਜੀਐਸਈ ਦੇ 0172-5212302 (ਸ਼ਿਕਾਇਤ ਨਿਵਾਰਨ), ਡੀਪੀਆਈ (ਸੈਕੰਡਰੀ/ਐਲੀਮੈਂਟਰੀ) ਦੇ 0172-5212313 (ਪੁੱਛਗਿੱਛ), ਐਸਸੀਈਆਰਟੀ ਦੇ 0172-5212369,370 (ਫੈਕਸ) ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰੀਖਿਆਵਾਂ ਨਾਲ ਸਬੰਧਤ ਪੁੱਛ-ਗਿੱਛ/ਸ਼ਿਕਾਇਤ ਨਿਵਾਰਨ ਲਈ 0172-5227136, 5227137, 5227138, 5227140, 522139,143 (ਫੈਕਸ) ਅਤੇ ਸਿੱਖਿਆ ਬੋਰਡ ਬਾਰੇ ਜਨਰਲ ਪੁੱਛਗਿੱਛ /ਸ਼ਿਕਾਇਤ-ਨਿਵਾਰਨ (ਸਿੰਗਲ ਵਿੰਡੋ) 0172-5227423 ’ਤੇ ਦਫ਼ਤਰੀ ਸਮੇਂ ਦੌਰਾਨ ਤਾਲਮੇਲ ਕੀਤਾ ਜਾ ਸਕਦਾ ਹੈ।
(ਬਾਕਸ ਆਈਟਮ)
ਹੋਲੇ ਮਹੱਲੇ ਕਾਰਨ ਸ੍ਰੀ ਆਨੰਦਪੁਰ ਸਾਹਿਬ ਦੇ ਤਿੰਨ ਪ੍ਰੀਖਿਆ ਕੇਂਦਰ ਦੋ ਦਿਨਾਂ ਲਈ ਤਬਦੀਲ
ਸਿੱਖਿਆ ਬੋਰਡ ਨੇ ਹੋਲਾ ਮਹੱਲਾ ਕਾਰਨ ਤਿੰਨ ਪ੍ਰੀਖਿਆ ਕੇਂਦਰਾਂ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ, ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਅਤੇ ਸਰਕਾਰੀ ਆਦਰਸ਼ ਸਕੂਲ ਲੱਧੀਪੁਰ (ਰੂਪਨਗਰ) ਨੂੰ ਬਦਲ ਕੇ ਆਰਜ਼ੀ ਤੌਰ ’ਤੇ ਗੁਰੂ ਤੇਗ ਬਹਾਦਰ ਪੋਲੀਟੈਕਨੀਕਲ ਕਾਲਜ ਆਗੰਮਪੁਰ ਰੋਡ, ਸ੍ਰੀ ਆਨੰਦਪੁਰ ਸਾਹਿਬ ਵਿੱਚ ਨਵਾਂ ਪ੍ਰੀਖਿਆ ਕੇਂਦਰ ਬਣਾਇਆ ਗਿਆ। ਇੱਥੇ 28 ਫਰਵਰੀ ਤੋਂ 1 ਮਾਰਚ (2 ਦਿਨ) ਤੱਕ ਪ੍ਰੀਖਿਆ ਦਿੱਤੀ ਜਾ ਸਕੇਗੀ। ਬਾਕੀ ਦਿਨ 3 ਤੋਂ 31 ਮਾਰਚ ਤੱਕ ਹੋਣ ਵਾਲੀ ਪ੍ਰੀਖਿਆ ਪਹਿਲਾਂ ਤੋਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿੱਚ ਹੀ ਹੋਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…