ਆਰਐਸਐਸ ਦੀ ‘ਬੀ’ ਟੀਮ ਹੈ ਆਮ ਆਦਮੀ ਪਾਰਟੀ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਆਰਐੱਸਐੱਸ ਦੀ ਬੀ ਟੀਮ ਦੱਸਦਿਆਂ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਿੱਧੂ ਅੱਜ ਪਿੰਡ ਕੁੰਭੜਾ ਦੀ ਮਸਜਿਦ ਵਿਖੇ ਹਲਕੇ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੁਆਰਾ ਕੀਤੇ ਗਏ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜ਼ਿਲ੍ਹਾ ਮੁਹਾਲੀ ਲਈ ਕਾਂਗਰਸ ਵੱਲੋਂ ਨਿਯੁਕਤ ਕੀਤੇ ਆਬਜਰਵਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿਧਾਇਕ ਰਜਿੰਦਰ ਸਿੰਘ ਰਾਣਾ ਵੀ ਮੌਜੂਦ ਸਨ।
ਇਸ ਇਕੱਠ ਦੌਰਾਨ ਬੋਲਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਮਾਨਸਿਕਤਾ ਪੂਰੀ ਤਰ੍ਹਾਂ ਆਰ.ਐੱਸ.ਐੱਸ ਨਾਲ ਮੇਲ ਖਾਂਦੀ ਹੈ ਅਤੇ ਇਸੇ ਕਾਰਨ ਸੰਘ ਪਰਿਵਾਰ ਅਰਵਿੰਦ ਕੇਜਰੀਵਾਲ ਤੇ ਉਸ ਦੀ ਜੁੰਡਲੀ ਸਹਾਰੇ ਪੰਜਾਬ ਉਤੇ ਕਾਬਜ਼ ਹੋਣਾ ਚਾਹੁੰਦੀ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਸੰਘ ਦੇ ਇਨ੍ਹਾਂ ਮਨਸੂਬਿਆਂ ਨੂੰ ਹਰਗਿਜ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਆਪ ਦੇ ਦਿੱਲੀ ਮਾਡਲ ਨੂੰ ਬਕਵਾਸ ਦੱਸਦਿਆਂ ਕਿਹਾ ਕਿ ਕਰੋਨਾ ਕਾਲ ਦੌਰਾਨ ਦਿੱਲੀ ਦੇ ਹਜਾਰਾਂ ਮਰੀਜ ਪੰਜਾਬ ਵਿਚ ਇਲਾਜ ਲਈ ਆਏ ਸਨ ਕਿਉਂਕਿ ਦਿੱਲੀ ਦਾ ਹੈਲਥ ਸਿਸਟਮ ਕੇਜਰੀਵਾਲ ਸਰਕਾਰ ਦੇ ਕੁਪ੍ਰਬੰਧਨ ਨੇ ਬਿਲਕੁਲ ਨਕਾਰਾ ਬਣਾ ਦਿੱਤਾ ਸੀ।
ਇਸ ਮੌਕੇ ਹਿਮਾਚਲ ਤੋਂ ਵਿਧਾਇਕ ਰਜਿੰਦਰ ਸਿੰਘ ਰਾਣਾ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁਹਾਲੀ ਦੇ ਲੋਕ ਬਹੁਤ ਖੁਸਕਿਸਮਤ ਹਨ ਕਿ ਉਨ੍ਹਾਂ ਨੂੰ ਬਲਬੀਰ ਸਿੰਘ ਸਿੱਧੂ ਵਰਗਾ ਨੇਕ ਦਿਲ ਤੇ ਵਿਕਾਸ ਪੱਖੀ ਸਖਸ਼ੀਅਤ ਦਾ ਮਾਲਕ ਨੁਮਾਇੰਦਾ ਮਿਲਿਆ ਹੈ। ਸਿੱਧੂ ਦੀ ਮਿਹਨਤ ਸਦਕਾ ਅੱਜ ਮੁਹਾਲੀ ਹਲਕੇ ਵਿੱਚ ਚੌਤਰਫਾ ਵਿਕਾਸ ਹੋਇਆ ਹੈ, ਜਿਸ ਕਾਰਨ ਇਹ ਇਲਾਕਾ ਦੁਨੀਆਂ ਦੇ ਨਕਸ਼ੇ ਉਤੇ ਉਭਰਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਦੀਆਂ ਚੋਣ ਮੀਟਿੰਗਾਂ ਵਿਚ ਹੋ ਰਿਹਾ ਲੋਕਾਂ ਦਾ ਭਾਰੀ ਇਕੱਠ ਉਨ੍ਹਾਂ ਦੀ ਜਿੱਤ ਉਤੇ ਮੋਹਰ ਲਗਾ ਰਿਹਾ ਹੈ।
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਬਲਬੀਰ ਸਿੱਧੂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਮੋਹਾਲੀ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਸਦਕਾ ਸਿੱਧੂ ਦੀ ਭਾਰੀ ਬਹੁਮਤ ਨਾਲ ਜਿੱਤ ਯਕੀਨੀ ਹੈ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮੁਸਲਿਮ ਮਹਾ ਸਭਾ ਮੁਹਾਲੀ ਦੇ ਪ੍ਰਧਨ ਅਮਰ ਮੁਸਤਫਾ ਗੋਲਡੀ, ਡਾ. ਅਬਦੁਲ ਸੱਤਾਰ, ਐਡਵੋਕੇਟ ਸਲੀਮ, ਮੁਸਲਿਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਦਿਲਬਰ ਖਾਨ, ਜਾਹਿਦ ਅਹਿਮਦ, ਸੌਦਾਗਰ ਖਾਨ, ਅਸਗਰ, ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਰਾਜੇਸ਼ ਲਖੋਤਰਾ, ਜਗਰੂਪ ਸਿੰਘ ਢੋਲ ਕੁਰੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।

Load More Related Articles

Check Also

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰ…