ਸਰਕਾਰੀ ਵਧੀਕੀਆਂ ਦੇ ਖ਼ਿਲਾਫ਼ ਲੋਕਾਂ ਦਾ ਨਿਮਾਣਾ ਸੇਵਾਦਾਰ ਬਣ ਕੇ ਲੜੀ ਜਾਵੇਗੀ ਹੱਕਾਂ ਦੀ ਲੜਾਈ: ਕੈਪਟਨ ਸਿੱਧੂ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਅਕਾਲੀ ਦਲ ਵੱਲੋਂ ਚਿੰਤਨ ਮੀਟਿੰਗ: ਸਮਰਥਕਾਂ ਦਾ ਕੀਤਾ ਵਿਸ਼ੇਸ਼ ਧੰਨਵਾਦ

ਸਥਾਨਕ ਅਕਾਲੀ ਆਗੂਆਂ ਤੇ ਵਰਕਰਾਂ, ਪੰਚਾਂ ਸਰਪੰਚਾਂ ਨੇ ਕੈਪਟਨ ਸਿੱਧੂ ਦੀ ਅਗਵਾਈ ਕਬੂਲੀ, ਸਹਿਯੋਗ ਦਾ ਭਰੋਸਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਸਥਾਨਕ ਫੇਜ਼ 8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਇਲਾਕੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ ਸਮੇਤ ਅਕਾਲੀ ਪੱਖੀ ਪੰਚਾਂ ਤੇ ਸਰਪੰਚਾਂ ਸਮੇਤ ਪਾਰਟੀ ਦ।ੇ ਸਮੂਹ ਵਿੰਗਾਂ ਦੀ ਇੱਕ ਵਿਸ਼ੇਸ਼ ਅੱਜ ਅਕਾਲੀ ਉਮੀਦਵਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਤੋਂ ਮਿਲੀ ਹਾਰ ਸਬੰਧੀ ਸਿਰਜੋੜ ਕੇ ਬੈਠ ਅਕਾਲੀ ਆਗੂਆਂ ਨੇ ਵਰਕਰਾਂ ਨੂੰ ਤੜਕੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਸਥਾਨਕ ਆਗੂਆਂ, ਵਰਕਰਾਂ ਅਤੇ ਇਲਾਕੇ ਦੇ ਪੰਚਾਂ ਸਰਪੰਚਾਂ ਨੇ ਕੈਪਟਨ ਸਿੱਧੂ ਦੀ ਅਗਵਾਈ ਕਬੂਲਦਿਆਂ ਭਵਿੱਖ ਵਿੱਚ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਇਲਾਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਹੈਰਾਨੀ ਜਨਕ ਨਤੀਜੇ ਆਉਣੇ ਗੰਭੀਰ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਸਹਿਯੋਗ ਲਈ ਅਕਾਲੀ ਤੇ ਭਾਜਪਾ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸਰਕਾਰੀ ਜਬਰ ਜੁਲਮ ਵਿਰੁੱਧ ਲੋਕਾਂ ਦਾ ਚੌਕੀਦਾਰ ਬਣ ਕੇ ਸਮਾਜਿਕ ਅਤੇ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਤ ਤੇ ਹਾਰ ਤਾਂ ਬਣੀ ਹੋਈ ਹੈ ਪਰ ਵਰਕਰਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਪਿਛਲੇ 10 ਸਾਲ ਸੱਤਾ ਦਾ ਪੂਰਾ ਨਿੱਘ ਮਾਣਿਆਂ ਹੈ ਅਤੇ ਹੁਣ ਇਕਜੁਟ ਹੋ ਕੇ ਚਲਣ ਦਾ ਵੇਲਾ ਹੈ। ਇਹ ਸਾਨੂੰ ਗਵਾਉਣਾ ਨਹੀਂ ਚਾਹੀਦਾ ਹੈ।
ਕੈਪਟਨ ਸਿੱਧੂ ਐਲਾਨ ਕੀਤਾ ਕਿ ਉਹ ਜਲਦੀ ਹੀ ਮੁਹਾਲੀ ਵਿੱਚ ਪਾਰਟੀ ਦਫ਼ਤਰ ਖੋਲ੍ਹ ਕੇ ਸਿਆਸੀ ਸਰਗਰਮੀਆਂ ਤੇਜ਼ ਕਰਨਗੇ ਅਤੇ ਸ਼ਹਿਰ ਵਿੱਚ ਆਪਣੀ ਰਿਹਾਇਸ਼ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵਰਕਰਾਂ ਦੀਆਂ ਭਾਵਨਾਵਾਂ ’ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਆਪਣੇ ਕੰਮਾਂ ਕਾਰਾਂ ਲਈ ਆਮ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ, ਜੇਕਰ ਲੋੜ ਪਈ ਤਾਂ ਉਹ ਖ਼ੁਦ ਪੀੜਤ ਵਿਅਕਤੀ ਦੀ ਅਰਜ਼ੀ ਟਾਈਪ ਕਰਕੇ ਦੇਣਗੇ।
ਇਸ ਤੋਂ ਪਹਿਲਾਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਕੈਪਟਨ ਸਿੱਧੂ ਨੇ ਚੋਣਾਂ ਵਿੱਚ ਨਸ਼ੇ ਅਤੇ ਪੈਸੇ ਨਾ ਵੰਡ ਕੇ ਨਵੀਂ ਪਿਰਤ ਪਾਈ ਹੈ ਅਤੇ ਜਿਸ ਵਿਊਂਤਬੰਦੀ ਨਾਲ ਸਾਬਕਾ ਅਧਿਕਾਰੀ ਨੇ ਸਿਆਸੀ ਲੜਾਈ ਲੜੀ ਹੈ। ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰ ਬਾਰੇ ਪਾਰਟੀ ਨੇ ਦੇਰੀ ਨਾਲ ਫੈਸਲਾ ਲੈਣ ਕਾਰਨ ਅਸੀਂ ਚੋਣ ਪ੍ਰਚਾਰ ਵਿੱਚ ਪਛੜੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਤੋਂ ਛੇ ਜਾਂ ਘੱਟੋ ਘੱਟ ਦੋ ਮਹੀਨੇ ਪਹਿਲਾਂ ਉਮੀਦਵਾਰ ਬਾਰੇ ਸਹੀ ਫੈਸਲਾ ਲਿਆ ਹੁੰਦਾ ਤਾਂ ਅੱਜ ਨਤੀਜੇ ਕੁੱਝ ਹੋਰ ਹੋਣੇ ਸੀ। ਉਂਜ ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਅਤੇ ਘਰ ਵਿੱਚ ਇੱਕ ਦੂਜੇ ਦੀ ਨੁਕਤਾਚੀਨੀ ਹੋਣੀ ਆਮ ਗੱਲ ਹੈ। ਲੇਬਰਫੈੱਡ ਪੰਜਾਬ ਦੇ ਐਮ.ਡੀ. ਪਰਵਿੰਦਰ ਸਿੰਘ ਬੈਦਵਾਨ ਨੇ ਕੈਪਟਨ ਸਿੱਧੂ ਨੂੰ ਬਿਨਾਂ ਸ਼ਰਤ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਜ਼ੋਰ ਦੇ ਕੇ ਆਖਿਆ ਕਿ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਮੁਹਾਲੀ ਵਿੱਚ ਦਫ਼ਤਰ ਖੋਲ੍ਹਿਆਂ ਜਾਵੇਗਾ ਅਤੇ ਸ਼ਹਿਰ ਵਿੱਚ ਪੱਕੀ ਰਿਹਾਇਸ਼ ਕੀਤੀ ਜਾਵੇ। ਮੀਟਿੰਗ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਪਰਮਜੀਤ ਕੌਰ ਲਾਂਡਰਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਯੂਥ ਵਿੰਗ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ, ਅਮਨਿੰਦਰ ਸਿੰਘ ਅਬਿਆਨਾ, ਸਰਦਾਰਾ ਸਿੰਘ ਜੁਝਾਰ ਨਗਰ ਅਤੇ ਹੋਰਨਾਂ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਭਾਜਪਾ ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾਅ, ਅਕਾਲੀ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਸੁਖਦੇਵ ਸਿੰਘ ਪਟਵਾਰੀ, ਪਰਵਿੰਦਰ ਸਿੰਘ ਤਸਿੰਬਲੀ, ਗੁਰਮੇਲ ਸਿੰਘ ਮੋਜੇਵਾਲ, ਬਲੌਂਗੀ ਕਲੋਨੀ ਦੀ ਸਰਪੰਚ ਬੀਬੀ ਭਿੰਦਰਜੀਤ ਕੌਰ ਸਮੇਤ ਅਕਾਲੀ ਦਲ ਦੇ ਕਈ ਕੌਂਸਲਰ ਤੇ ਸਥਾਨਕ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…